
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਸਾਲ ਲਈ ਜਾਣ ਵਾਲੀ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਸਾਲਾਨਾ ਪ੍ਰੀਖਿਆਵਾਂ ਸਬੰਧੀ ਸ਼ਡਿਊਲ ਕਰ ਦਿੱਤਾ ਹੈ। ਪੰਜਵੀਂ ਦੀ ਪ੍ਰੀਖਿਆ 27 ਫਰਵਰੀ ਤੋਂ 6 ਮਾਰਚ ਤੱਕ ਅਤੇ ਅੱਠਵੀਂ ਜਮਾਤ ਦੀ ਪ੍ਰੀਖਿਆ 25 ਫਰਵਰੀ ਤੋਂ 21 ਮਾਰਚ ਤੱਕ ਕਰਵਾਈ ਜਾਵੇਗੀ। ਇਹ ਦੋਵੇਂ ਪ੍ਰੀਖਿਆਵਾਂ ਸਵੇਰੇ ਦੇ ਸੈਸ਼ਨ ਵਿੱਚ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਪੰਜਵੀਂ ਤੇ ਅੱਠਵੀਂ ਲਈ ਸਵਾਗਤ ਜ਼ਿੰਦਗੀ ਵਿਸ਼ੇ ਦੀ ਪ੍ਰੀਖਿਆ ਦਾ ਸਮਾਂ ਦੋ ਘੰਟੇ ਹੈ ਜਦੋਂਕਿ ਬਾਕੀ ਵਿਸ਼ਿਆਂ ਦੀ ਪ੍ਰੀਖਿਆ ਲਈ 3 ਘੰਟੇ ਮਿਲਣਗੇ। ਇਸ ਤੋਂ ਇਲਾਵਾ ਬੱਚਿਆਂ ਨੂੰ ਪ੍ਰਸ਼ਨ-ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ।
ਉਧਰ, ਬਾਰ੍ਹਵੀਂ ਅਤੇ ਦਸਵੀਂ ਸ਼੍ਰੇਣੀ (ਸਮੇਤ ਓਪਨ ਸਕੂਲ, ਕੰਪਾਰਟਮੈਂਟ\ਰੀਅਪੀਅਰ, ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ) ਲਈ ਪ੍ਰੀਖਿਆ ਬਾਰੇ ਵੀ ਸਮਾਂ ਸਾਰਨੀ ਜਾਰੀ ਕਰ ਦਿੱਤੀ ਗਈ ਹੈ। ਬਾਰ੍ਹਵੀਂ ਜਮਾਤ ਦੀ ਪ੍ਰੀਖਿਆ 20 ਫਰਵਰੀ ਤੋਂ 20 ਅਪਰੈਲ ਤੱਕ ਅਤੇ ਦਸਵੀਂ ਦੀ ਪ੍ਰੀਖਿਆ 24 ਮਾਰਚ ਤੋਂ 20 ਅਪਰੈਲ ਤੱਕ ਲਈ ਜਾਵੇਗੀ। ਦਸਵੀਂ ਦੀ ਪ੍ਰੀਖਿਆ ਸਵੇਰੇ ਦੇ ਸੈਸ਼ਨ ਵਿੱਚ ਸਵੇਰੇ 10 ਅਤੇ ਬਾਰ੍ਹਵੀਂ ਦੀ ਪ੍ਰੀਖਿਆ ਬਾਅਦ ਦੁਪਹਿਰ ਦੋ ਵਜੇ ਸ਼ੁਰੂ ਹੋਵੇਗੀ। ਇਨ੍ਹਾਂ ਦੋਵੇਂ ਸ਼੍ਰੇਣੀਆਂ ਦਾ ਪਹਿਲਾ ਪੇਪਰ ਪੰਜਾਬੀ ਵਿਸ਼ੇ ਦਾ ਹੋਵੇਗਾ। ਕੰਪਿਊਟਰ ਸਾਇੰਸ, ਸਰੀਰਕ ਸਿੱਖਿਆ, ਖੇਡਾਂ ਆਦਿ ਵਿਸ਼ਿਆਂ ਦੀ ਪ੍ਰੀਖਿਆ ਲਈ 2 ਘੰਟੇ ਮਿਲਣਗੇ ਜਦੋਂਕਿ ਬਾਕੀ ਸਾਰੇ ਵਿਸ਼ਿਆਂ ਦੀ ਪ੍ਰੀਖਿਆ ਲਈ 3 ਘੰਟੇ ਦਾ ਸਮਾਂ ਹੋਵੇਗਾ।
ਪ੍ਰੀਖਿਆ ਦੌਰਾਨ ਵਿਦਿਆਰਥੀਆਂ ਨੂੰ ਓਐਮਆਰ ਸ਼ੀਟ ਭਰਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ ਜਦੋਂਕਿ ਵਿਲੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਨੂੰ ਵੱਖਰਾ ਪ੍ਰਸ਼ਨ-ਪੱਤਰ (ਡੀਏ ਕੋਡ) ਦਿੱਤਾ ਜਾਵੇਗਾ। ਇਨ੍ਹਾਂ ਵਿਦਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ ਹਰੇਕ ਘੰਟੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਲੋੜ ਅਨੁਸਾਰ ਅਜਿਹੇ ਪ੍ਰੀਖਿਆਰਥੀਆਂ ਨੂੰ ਲਿਖਾਰੀ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਵੇਗੀ। ਵਿਦਿਆਰਥੀਆਂ ਦੀ ਸੁਵਿਧਾ ਲਈ ਉਪਰੋਕਤ ਸਾਰੀਆਂ ਪ੍ਰੀਖਿਆਵਾਂ ਨਾਲ ਸਬੰਧਤ ਵੇਰਵੇ ਅਤੇ ਹੋਰ ਅਹਿਮ ਲੋੜੀਂਦੀ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ www.pseb.ac.in ’ਤੇ ਉਪਲਬਧ ਕਰਵਾਈ ਗਈ ਹੈ।