Nabaz-e-punjab.com

ਆਖਰਕਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕੰਡਕਟ ਬ੍ਰਾਂਚ ਵਿੱਚ ਵਿਵਾਦਿਤ ਸੀਲਬੰਦ ਅਲਮਾਰੀ ਦਾ ਤਾਲਾ ਖੋਲ੍ਹਿਆ

ਅਲਮਾਰੀ ’ਚੋਂ ਸੈਂਕੜੇ ਮਾਈਗਰੇਸ਼ਨ ਸਰਟੀਫਿਕੇਟ, 2 ਹਜ਼ਾਰ ਪੈਨ, ਉੱਚ ਅਧਿਕਾਰੀਆਂ ਦੀਆਂ ਮੋਹਰਾਂ ਬਰਾਮਦ, ਦੁਰਵਰਤੋਂ ਦਾ ਖਦਸ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਫਰਵਰੀ:
ਆਖਰਕਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕੰਡਕਟ ਬ੍ਰਾਂਚ ਵਿੱਚ ਕਾਫੀ ਸਮੇਂ ਤੋਂ ਸੀਲਬੰਦ ਅਲਮਾਰੀ ਦਾ ਤਾਤਲਾ ਅੱਜ ਖੁੱਲ੍ਹ ਗਿਆ ਹੈ। ਇਸ ਅਲਮਾਰੀ ’ਚੋਂ ਵੱਡੀ ਮਾਤਰਾ ਵਿੱਚ ਮਾਈਗਰੇਸ਼ਨ ਸਰਟੀਫਿਕੇਟ, ਕਰੀਬ ਦੋ ਹਜ਼ਾਰ ਪੈਨ ਅਤੇ ਕੰਟਰੋਲਰ (ਪ੍ਰੀਖਿਆਵਾਂ) ਸਮੇਤ ਹੋਰ ਉੱਚ ਅਧਿਕਾਰੀਆਂ ਦੀਆਂ ਮੋਹਰਾਂ ਬਰਾਮਦ ਹੋਈਆਂ। ਹਾਲਾਂਕਿ ਬੋਰਡ ਵੱਲੋਂ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ ਪ੍ਰੰਤੂ ਕਿਸੇ ਤਰੀਕੇ ਨਾਲ ਮੀਡੀਆ ਨੂੰ ਇਸ ਦੀ ਭਿਣਕ ਪੈ ਗਈ ਅਤੇ ਅਲਮਾਰੀ ਖੁੱਲ੍ਹਣ ਦੀਆਂ ਫੋਟੋਆਂ ਵੀ ਉਪਲਬਧ ਹੋ ਗਈਆਂ। ਕਈ ਬੋਰਡ ਮੁਲਾਜ਼ਮਾਂ ਨੇ ਅਲਮਾਰੀ ’ਚੋਂ ਬਰਾਮਦ ਮੋਹਰਾਂ ਦੀ ਦੁਰਵਰਤੋਂ ਹੋਣ ਦਾ ਖਦਸ਼ਾ ਵੀ ਪ੍ਰਗਟ ਕੀਤਾ ਹੈ। ਹਾਲਾਂਕਿ ਕਾਨੂੰਨ ਮੁਤਾਬਕ ਸਬੰਧਤ ਅਧਿਕਾਰੀ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨੀ ਬਣਦੀ ਸੀ ਪ੍ਰੰਤੂ ਕੁਝ ਸਮਾਂ ਪਹਿਲਾਂ ਅਧਿਕਾਰੀ ਨੂੰ ਸੀਨੀਅਰ ਸਹਾਇਕ ਤੋਂ ਤਰੱਕੀ ਦੇ ਕੇ ਜ਼ਿਲ੍ਹਾ ਮੈਨੇਜਰ ਲਗਾ ਦਿੱਤਾ ਅਤੇ ਇੱਕ ਨਹੀਂ ਬਲਕਿ ਦੋ ਜ਼ਿਲ੍ਹਿਆਂ ਦਾ ਚਾਰਜ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ 5 ਸਾਲ ਪਹਿਲਾਂ ਸਿੱਖਿਆ ਬੋਰਡ ਦੀ ਮਾਈਗਰੇਸ਼ਨ ਸ਼ਾਖਾ ਵਿੱਚ ਤਾਇਨਾਤ ਅਧਿਕਾਰੀ ਦੀ ਬਦਲੀ ਕਿਸੇ ਹੋਰ ਬ੍ਰਾਂਚ ਵਿੱਚ ਹੋ ਗਈ ਸੀ। ਅਤੇ ਕੁਝ ਸਮਾਂ ਪਹਿਲਾਂ ਬੋਰਡ ਮੈਨੇਜਮੈਂਟ ਵੱਲੋਂ ਉਸ ਨੂੰ ਤਰੱਕੀ ਦੇ ਕੇ ਜ਼ਿਲ੍ਹਾ ਮੈਨੇਜਰ ਲਗਾਇਆ ਗਿਆ। ਅਧਿਕਾਰੀ ਕੋਲ ਮੁੱਖ ਦਫ਼ਤਰ ਵਿੱਚ ਤਿੰਨ ਅਲਮਾਰੀਆਂ ਸਨ। ਜਿਨ੍ਹਾਂ ’ਚੋਂ ਉਸ ਨੇ ਦੋ ਅਲਮਾਰੀਆਂ ਤਾਂ ਕੰਡਕਟ ਬ੍ਰਾਂਚ ਦੇ ਸਪੁਰਦ ਕਰ ਦਿੱਤੀਆਂ ਸਨ ਪ੍ਰੰਤੂ ਇੱਕ ਅਲਮਾਰੀ ਨੂੰ ਤਾਲਾ ਲਗਾ ਕੇ ਇਹ ਕਹਿ ਕੇ ਆਪਣੇ ਕੋਲ ਰੱਖ ਲਈ ਕਿ ਅਲਮਾਰੀ ਵਿੱਚ ਉੁਸ ਦਾ ਨਿੱਜੀ ਸਮਾਨ ਹੈ। ਪਿਛਲੇ ਕਈ ਸਾਲਾਂ ਤੋਂ ਲਵਾਰਿਸ ਪਈ ਇਸ ਅਲਮਾਰੀ ਅੰਦਰ ਪਏ ਸਾਮਾਨ ਬਾਰੇ ਖਦਸ਼ਾ ਪ੍ਰਗਟ ਕਰਦਿਆਂ ਮਾਮਲਾ ਕੰਟਰੋਲਰ (ਪ੍ਰੀਖਿਆਵਾਂ) ਦੇ ਧਿਆਨ ਵਿੱਚ ਲਿਆਂਦਾ ਗਿਆ।
ਇਸ ਸਬੰਧੀ ਸਬੰਧਤ ਅਧਿਕਾਰੀ ਨੂੰ ਕਈ ਅਲਮਾਰੀ ਦਾ ਤਾਲਾ ਖੋਲ੍ਹਣ ਅਤੇ ਅਲਮਾਰੀ ਬ੍ਰਾਂਚ ਨੂੰ ਦੇਣ ਲਈ ਆਖਿਆ ਗਿਆ ਲੇਕਿਨ ਇੱਥੋਂ ਬਦਲ ਕੇ ਜ਼ਿਲ੍ਹਾ ਮੈਨੇਜਰ ਲੱਗੇ ਅਧਿਕਾਰੀ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਇਸ ਮਗਰੋਂ ਪੂਰੇ ਮਾਮਲੇ ਦੀ ਪੜਤਾਲ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਬੋਰਡ ਮੈਨੇਜਮੈਂਟ ਨੇ ਵਿਵਾਦਿਤ ਅਲਮਾਰੀ ਨੂੰ ਅਧਿਕਾਰੀ ਵੱਲੋਂ ਲਾਏ ਗਏ ਤਾਲੇ ਨੂੰ ਸੀਲ ਲਗਾ ਦਿੱਤੀ। ਪਿਛਲੇ ਦਿਨੀਂ ਕਮੇਟੀ ਨੇ ਉਕਤ ਅਧਿਕਾਰੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਅਲਮਾਰੀ ਦਾ ਚਾਰਜ ਨਹੀਂ ਦਿੱਤਾ ਤਾਂ ਬੋਰਡ ਵੱਲੋਂ ਤਾਲਾ ਤੋੜ ਕੇ ਸਮਾਨ ਨੂੰ ਜ਼ਬਤ ਕਰ ਲਿਆ ਜਾਵੇਗਾ। ਇਸ ਤਰ੍ਹਾਂ ਅੱਜ ਅਧਿਕਾਰੀ ਨੇ ਆਪਣੀ ਚੁੱਪੀ ਤੋੜਦਿਆਂ ਬੋਰਡ ਦਫ਼ਤਰ ਵਿੱਚ ਪਹੁੰਚ ਗਿਆ ਅਤੇ ਕਮੇਟੀ ਦੀ ਹਾਜ਼ਰੀ ਵਿੱਚ ਉਕਤ ਅਲਮਾਰੀ ਦਾ ਤਾਲਾ ਖੋਲ੍ਹਿਆ ਗਿਆ। ਕਮੇਟੀ ਮੈਂਬਰਾਂ ਨੇ ਅਲਮਾਰੀ ’ਚੋਂ ਸੈਂਕੜੇ ਖਾਲੀ ਮਾਈਗਰੇਸ਼ਨ ਸਰਟੀਫਿਕੇਟ, ਕਰੀਬ ਦੋ ਹਜ਼ਾਰ ਪੈਨ ਅਤੇ ਵੱਡੀ ਗਿਣਤੀ ਵਿੱਚ ਕਈ ਉੱਚ ਅਧਿਕਾਰੀਆਂ ਦੇ ਦਸਤਖ਼ਤਾਂ ਵਾਲੀਆਂ ਮੋਹਰਾਂ ਅਤੇ ਹੋਰ ਸਟੇਸ਼ਨਰੀ ਬਰਾਮਦ ਕੀਤੀ।
ਇੱਥੇ ਦੱਸਣਾ ਬਣਦਾ ਹੈ ਕਿ ਸਾਲ 2004 ਵਿੱਚ ਲਈ ਟੈੱਟ ਪ੍ਰੀਖਿਆ ਦੌਰਾਨ ਉਮੀਦਵਾਰਾਂ ਨੂੰ ਕਾਲੇ ਰੰਗ ਦੇ ਪੈਨ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ। ਪ੍ਰੰਤੂ ਪ੍ਰੀਖਿਆ ਸਮੇਂ ਅੰਮ੍ਰਿਤਸਰ ਅਤੇ ਤਰਤ ਤਾਰਨ ਜ਼ਿਲ੍ਹਿਆਂ ਵਿੱਚ ਉਮੀਦਵਾਰਾਂ ਨੂੰ ਪੈਨ ਨਾ ਮਿਲਣ ਕਾਰਨ ਬੋਰਡ ਦੀ ਕਾਫੀ ਬਦਨਾਮੀ ਹੋਈ ਸੀ ਅਤੇ ਇਹ ਮਾਮਲਾ ਅਖ਼ਬਾਰਾਂ ਦੀਆਂ ਸੁਰਖ਼ੀਆ ਵੀ ਬਣਿਆ ਸੀ। ਮੁੱਢਲੀ ਜਾਂਚ ਤੋਂ ਬਾਅਦ 2005 ਤੋਂ 2007 ਤੱਕ ਅਧਿਕਾਰੀ ਦੀਆਂ ਸਾਲਾਨਾ ਤਰੱਕੀ ’ਤੇ ਰੋਕ ਲਗਾਈ ਗਈ। ਪ੍ਰੰਤੂ ਕੁਝ ਸਮਾਂ ਪਹਿਲਾਂ ਉਕਤ ਅਧਿਕਾਰੀ ਨੂੰ ਤਰੱਕੀ ਦੇ ਕੇ ਜ਼ਿਲ੍ਹਾ ਮੈਨੇਜਰ ਲਗਾ ਦਿੱਤਾ।
ਉਧਰ, ਇਸ ਸਬੰਧੀ ਉੱਚ ਅਧਿਕਾਰੀਆਂ ਦਾ ਕਹਿਣਾ ਸੀ ਕਿ ਵਿਵਾਦਿਤ ਅਲਮਾਰੀ ਦੀ ਜਾਂਚ ਲਈ ਬਣਾਈ ਵਿਸ਼ੇਸ਼ ਕਮੇਟੀ ਵੱਲੋਂ ਹਾਲੇ ਤੱਕ ਅਲਮਾਰੀ ਖੋਲ੍ਹਣ ਅਤੇ ਬਰਾਮਦ ਸਮਾਨ ਬਾਰੇ ਆਪਣੀ ਰਿਪੋਰਟ ਬੋਰਡ ਮੈਨੇਜਮੈਂਟ ਨੂੰ ਨਹੀਂ ਸੌਪੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਜਦੋਂ ਤੱਕ ਜਾਂਚ ਰਿਪੋਰਟ ਨਹੀਂ ਮਿਲ ਜਾਂਦੀ ਉਦੋਂ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…