Nabaz-e-punjab.com

ਪੰਜਾਬ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ: ਕ੍ਰਿਸ਼ਨ ਕੁਮਾਰ

ਬਾਲ ਦਿਵਸ ਤੋਂ ਪ੍ਰੀ-ਪ੍ਰਾਇਮਰੀ ਦੇ ਤੀਜੇ ਸਾਲ ਲਈ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਕਰੇਗਾ ਸਿੱਖਿਆ ਵਿਭਾਗ

ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਹੋਣ ਨਾਲ ਪ੍ਰਾਇਮਰੀ ਸਿੱਖਿਆ ਦੀ ਨੀਂਹ ਮਜ਼ਬੂਤ ਹੋਈ: ਕ੍ਰਿਸ਼ਨ ਕੁਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਨਵੰਬਰ:
ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨੂੰ ਵੀਡੀਓ ਕਾਨਫਰੰਸ ਰਾਹੀਂ ਕੀਤੀ ਮੀਟਿੰਗ ਵਿੱਚ ਕਿਹਾ ਕਿ 14 ਨਵੰਬਰ ਨੂੰ ਬਾਲ ਦਿਵਸ ਮੌਕੇ ਸਾਰੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਸੋਚ, ਸਹੀ ਮਾਰਗਦਰਸ਼ਨ, ਯੋਗ ਅਗਵਾਈ ਨਾਲ ਅਧਿਆਪਕਾਂ ਦੀ ਲਗਨ ਅਤੇ ਮਿਹਨਤ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਲਗਭਗ ਦੋ ਸਾਲ ਪਹਿਲਾਂ 14 ਨਵੰਬਰ 2017 ਨੂੰ ਬਾਲ ਦਿਵਸ ’ਤੇ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਸ਼ਾਨਦਾਰ ਆਗਾਜ਼ ਹੋਇਆ ਸੀ ਅਤੇ ਹੁਣ ਤੱਕ 2.20 ਲੱਖ ਵਿਦਿਆਰਥੀ ਸਰਕਾਰੀ ਸਕੂਲਾਂ ਦੇ ਵਿੱਚ ਪ੍ਰੀ-ਪ੍ਰਾਇਮਰੀ ਪੜ੍ਹ ਰਹੇ ਹਨ।
ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿੱਥੇ ਸਰਕਾਰੀ ਸਕੂਲਾਂ ਵਿੱਚ 3 ਤੋਂ 6 ਸਾਲ ਦੇ ਬੱਚਿਆਂ ਨੂੰ ਦਾਖ਼ਲ ਕਰਕੇ ਮੁੱਢਲੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਵਿਭਾਗ ਦੀ ਇਸ ਨਿਵੇਕਲੀ ਪਹਿਲਕਦਮੀ ਨਾਲ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਤਾਜ਼ਾ ਅੰਕੜਿਆਂ ਅਨੁਸਾਰ ਸਵਾ ਦੋ ਲੱਖ ਬੱਚਿਆਂ ਦਾ ਦਾਖ਼ਲਾ ਹੋਣ ਨਾਲ ਜਿੱਥੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ ਹੈ, ਉੱਥੇ ਪ੍ਰਾਇਮਰੀ ਜਮਾਤਾਂ ਦੀ ਪੜ੍ਹਾਈ ਸ਼ੁਰੂ ਹੋਣ ਨਾਲ ਪ੍ਰਾਇਮਰੀ ਸਿੱਖਿਆ ਦੀ ਨੀਂਹ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ 3 ਤੋਂ 6 ਸਾਲ ਤੱਕ ਦੀ ਉਮਰ ਵਿੱਚ ਬੱਚੇ ਦਾ ਬੌਧਿਕ ਵਿਕਾਸ ਹੋ ਰਿਹਾ ਹੁੰਦਾ ਹੈ, ਇਸ ਸਮੇਂ ਜੇਕਰ ਬੱਚੇ ਨੂੰ ਖੇਡ ਵਿਧੀ ਰਾਹੀਂ ਸਿੱਖਣ ਦਾ ਢੁਕਵਾਂ ਵਾਤਾਵਰਨ ਮਿਲ ਜਾਵੇ ਤਾਂ ਅਗਲੀਆਂ ਜਮਾਤਾਂ ਵਿੱਚ ਉਸ ਦਾ ਸਿੱਖਣ ਪੱਧਰ ਜ਼ਿਆਦਾ ਉੱਚਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਦਾ ਪਾਠਕ੍ਰਮ ਬੱਚੇ ਦੀਆਂ ਬੌਧਿਕ, ਭਾਸ਼ਾਈ, ਸਰੀਰਕ, ਭਾਵਨਾਤਮਕ ਅਤੇ ਰਚਨਾਤਮਿਕ ਅਤੇ ਸਮਾਜਿਕ ਵਿਕਾਸ ਦੀ ਲੋੜ ਅਨੁਸਾਰ ਤਿਆਰ ਕੀਤਾ ਗਿਆ ਹੈ। ਪਾਠਕ੍ਰਮ ਵਿੱਚ ਸ਼ਾਮਲ ਬਾਲ-ਗੀਤ, ਪੰਜਾਬੀ ਅਤੇ ਅੰਗਰੇਜ਼ੀ ਦੀਆਂ ਕਵਿਤਾਵਾਂ ਪ੍ਰੀ ਪ੍ਰਾਇਮਰੀ ਵਿਦਿਆਰਥੀਆਂ ਦੇ ਬਾਲ-ਮਨਾਂ ਦੀਆਂ ਬਾਤਾਂ ਪਾਉਂਦੀਆਂ ਹਨ।
ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਨੂੰ ਖੇਡ-ਖੇਡ ਰਾਹੀਂ ਬਿਨਾਂ ਪ੍ਰੀਖਿਆਵਾਂ ਦੇ ਬੋਝ ਸਿਖਾ ਕੇ ਉਨ੍ਹਾਂ ਦੇ ਵਿਅਕਤੀਤਵ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਮਾਪੇ ਵੀ ਸਰਕਾਰੀ ਸਕੂਲਾਂ ਦੇ ਸਿੱਖਣ-ਸਿਖਾਉਣ ਦੇ ਸੁਖਾਵੇਂ ਵਾਤਾਵਰਨ ਤੋਂ ਸੰਤੁਸ਼ਟ ਹਨ। ਸਮਾਜ ਦਾ ਹਰ ਵਰਗ ਵੀ ਸਰਕਾਰੀ ਸਕੂਲਾਂ ਪ੍ਰਤੀ ਰੁਚੀ ਦਿਖਾ ਰਿਹਾ ਹੈ। ਇੱਥੇ ਹੀ ਬੱਸ ਨਹੀਂ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸਿੱਖਣ-ਸਿਖਾਉਣ ਪ੍ਰਕਿਰਿਆ ਨੂੰ ਮਨੋਵਿਗਿਆਨਕ ਅਤੇ ਦਿਲਚਸਪ ਬਣਾਉਣ ਲਈ ਹਰ ਸਾਲ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਸਿਖਲਾਈ ਵਰਕਸ਼ਾਪਾਂ ਵੀ ਲਗਾਈਆਂ ਜਾਂਦੀਆਂ ਹਨ ਤਾਂ ਕਿ ਅਧਿਆਪਕ ਸਿੱਖਿਆ ਦੇ ਗੁਣਾਤਮਿਕ ਉਦੇਸ਼ਾਂ ਨੂੰ ਸਫਲਤਾਪੂਰਵਕ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ 14 ਨਵੰਬਰ ਨੂੰ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬਾਲ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਵਿਦਿਆਰਥੀਆਂ ਦੀਆਂ ਗੁਣਾਤਮਿਕ ਪੇਸ਼ਕਾਰੀਆਂ ਮਾਪਿਆਂ ਦੇ ਸਨਮੁੱਖ ਪੇਸ਼ ਕੀਤੀਆਂ ਜਾਣਗੀਆਂ।
ਇਸ ਮੌਕੇ ਡੀਪੀਆਈ (ਅ) ਇੰਦਰਜੀਤ ਸਿੰਘ, ਸਹਾਇਕ ਡਾਇਰੈਕਟਰ (ਟਰੇਨਿੰਗ) ਡਾ. ਜਰਨੈਲ ਸਿੰਘ ਕਾਲੇਕੇ, ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ, ਸੰਦੀਪ ਨਾਗਰ ਡਿਪਟੀ ਐਸਪੀਡੀ, ਜਯੋਤੀ ਸੋਨੀ, ਸੰਜੀਵ ਭੂਸ਼ਨ ਅਤੇ ਹੋਰ ਸਿੱਖਿਆ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…