
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਡੀਸੀ ਮੁਹਾਲੀ ਤਲਬ, 22 ਮਈ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਹੁਕਮ
‘ਸਵੱਛ ਭਾਰਤ ਸਕੀਮ’ ਅਧੀਨ ਬਣਾਏ ਜਾ ਰਹੇ ਪਖਾਨੇ ਦਾ ਕੰਮ ਬੰਦ ਕਰਵਾਉਣ ਦਾ ਮਾਮਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਨੂੰ ਕਮਿਸ਼ਨ ਪ੍ਰਤੀ ਗੈਰ ਜ਼ਿੰਮੇਵਾਰਾਨਾ ਰਵੱਈਆ ਅਪਣਾਉਣ ਕਾਰਨ 22 ਜੂਨ, 2017 ਨੂੰ ਨਿੱਜੀ ਪੱਧਰ ‘ਤੇ ਪੇਸ਼ ਹੋਣ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਦੱਸਿਆ ਕਿ ਕਮਿਸ਼ਨ ਨੂੰ ਸ੍ਰੀਮਤੀ ਰਾਜ ਰਾਣੀ ਪਤਨੀ ਸਵਰਗੀ ਸ੍ਰੀ ਸੋਹਨ ਸਿੰਘ ਵਾਸੀ ਪਿੰਡ ਪਲਹੇੜੀ, ਤਹਿਸੀਲ ਖਰੜ, ਜਿਲਾ ਐਸ.ਏ.ਐਸ ਨਗਰ ਤੋ‘ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ‘ਸਵੱਛ ਭਾਰਤ ਸਕੀਮ‘ ਅਧੀਨ ਬਣਾਏ ਜਾ ਰਹੇ ਪਖਾਨੇ ਦੇ ਕੰਮ ਨੂੰ ਬੰਦ ਕਰਵਾ ਕੇ ਉਸ ਨੂੰ ਜੋ ‘ਸਵੱਛ ਭਾਰਤ ਸਕੀਮ‘ ਅਧੀਨ ਲਾਭ ਮਿਲਣਾ ਸੀ ਉਹ ਵੀ ਰੁਕਵਾ ਦਿੱਤਾ ਗਿਆ।
ਸ੍ਰੀ ਬਾਘਾ ਨੇ ਦੱਸਿਆ ਕਿ ਇਸ ਸਬੰਧ ਵਿੱਚ ਕਮਿਸ਼ਨ ਵੱਲੋਂ 11 ਮਈ ਤੱਕ ਜਿੰਮੇਵਾਰ ਅਧਿਕਾਰੀ ਰਾਹੀ‘ ਰਿਪੋਰਟ ਮੰਗੀ ਸੀ ਪ੍ਰੰਤੂ ਵਾਰ ਵਾਰ ਯਾਦ ਪੱਤਰ ਭੇਜਣ ਦੇ ਬਾਵਜੂਦ ਨਾ ਡਿਪਟੀ ਕਮਿਸ਼ਨਰ ਦਾ ਕੋਈ ਨੁਮਾਇੰਦਾ ਪੇਸ਼ ਹੋਇਆ ਅਤੇ ਨਾ ਹੀ ਰਿਪੋਰਟ ਪ੍ਰਾਪਤ ਹੋਈ ਜੋ ਕਿ ਡਿਪਟੀ ਕਮਿਸ਼ਨਰ ਮੁਹਾਲੀ ਦਾ ਕਮਿਸ਼ਨ ਪ੍ਰਤੀ ਗੈਰ ਜ਼ਿੰਮੇਵਾਰਾਨਾ ਰਵੱਈਆ ਹੈ। ਉਨਾਂ ਦੱਸਿਆ ਕਿ ਇਸ ਸ਼ਿਕਾਇਤ ਦੀ ਅਗਲੀ ਸੁਣਵਾਈ 22 ਜੂਨ, 2017 ਨੂੰ ਰੱਖੀ ਗਈ ਹੈ ਅਤੇ ਇਸ ਦੇ ਲਈ ਡਿਪਟੀ ਕਮਿਸ਼ਨਰ ਨੂੰ ਨਿੱਜੀ ਤੌਰ ਤੇ ਕਮਿਸ਼ਨ ਅੱਗੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਕਮਿਸ਼ਨ ਨੇ ਕਮਿਸ਼ਨਰ, ਰੂਪਨਗਰ ਡਵੀਜ਼ਨ ਨੂੰ ਵੀ ਸਬੰਧਤ ਡਿਪਟੀ ਕਮਿਸ਼ਨਰ ਨੂੰ ਕਮਿਸ਼ਨ ਸਾਹਮਣੇ ਰਿਪੋਰਟ ਪੇਸ਼ ਕਰਨ ਲਈ ਪਾਬੰਦ ਕਰਨ ਲਈ ਆਖਿਆ ਹੈ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਡਿਪਟੀ ਕਮਿਸ਼ਨ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਕਮਿਸ਼ਨ ਵੱਲੋਂ ਤਲਬ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅੱਜ ਹੀ ਉਕਤ ਮਾਮਲੇ ਅਤੇ ਕਮਿਸ਼ਨ ਦੀ ਕਾਰਵਾਈ ਬਾਰੇ ਪਤਾ ਲੱਗਿਆ ਹੈ। ਸ੍ਰੀਮਤੀ ਸਪਰਾ ਨੇ ਕਿਹਾ ਕਿ ਸੋਮਵਾਰ ਦਫ਼ਤਰ ਖੁੱਲ੍ਹਣ ’ਤੇ ਉਹ ਪਤਾ ਕਰਨਗੇ ਕਿ ਪਲਹੇੜੀ ਵਿੱਖ ਪਖਾਨੇ ਬਣਾਉਣ ਦਾ ਕੰਮ ਕਿਊ ਰੋਕਿਆ ਗਿਆ ਸੀ। ਇਹ ਵੀ ਪਤਾ ਕੀਤਾ ਜਾਵੇਗਾ ਕਿ ਹੇਠਲੇ ਪੱਧਰ ’ਤੇ ਕਿਹੜੇ ਅਧਿਕਾਰੀ ਜ਼ਿੰਮੇਵਾਰ ਹਨ। ਇਸ ਸਬੰਧੀ ਵਿਸਥਾਰ ਪੂਰਵਕ ਰਿਪੋਰਟ ਲੈ ਕੇ ਉਹ ਕਮਿਸ਼ਨ ਅੱਗੇ ਪੇਸ਼ ਹੋਣਗੇ।