nabaz-e-punjab.com

ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ ਲਈ ਪੁਲੀਸ ਪ੍ਰਬੰਧਾਂ ’ਤੇ ਜ਼ੋਰ

ਵਧੀਕ ਮੁੱਖ ਸਕੱਤਰ (ਗ੍ਰਹਿ) ਸਮੇਤ ਸਮੂਹ ਡੀਸੀ ਤੇ ਐਸਐਸਪੀਜ਼ ਨੂੰ ਵੀ ਪ੍ਰਬੰਧ ਸੰਭਾਲਣ ਦੀ ਲਗਾਈ ਗੁਹਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 19 ਜਨਵਰੀ ਨੂੰ ਕਰਵਾਈ ਜਾ ਰਹੀ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ (ਟੈੱਟ ਪ੍ਰੀਖਿਆ-2018) ਲਈ ਤਿਆਰੀਆਂ ਜੰਗੀ ਪੱਧਰ ’ਤੇ ਚੱਲ ਰਹੀਆਂ ਹਨ। ਉਮੀਦਵਾਰਾਂ ਦੀ ਸੁਵਿਧਾ ਲਈ ਭਲਕੇ 15 ਜਨਵਰੀ ਨੂੰ ਰੋਲ ਨੰਬਰ ਬੋਰਡ ਦੀ ਵੈਬਸਾਈਟ ’ਤੇ ਅਪਲੋਡ ਕਰ ਦਿੱਤੇ ਜਾਣਗੇ। ਟੈੱਟ ਪ੍ਰੀਖਿਆ ਲਈ ਪੰਜਾਬ ਪੁਲੀਸ ਦੇ ਸੁਰੱਖਿਆ ਪ੍ਰਬੰਧ ਤੇ ਹੋਰ ਸਬੰਧੀ ਕੀਤੇ ਜਾ ਰਹੇ ਹਨ।
ਇਸ ਦੌਰਾਨ ਸਕੂਲ ਬੋਰਡ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲੀਸ ਮੁਖੀਆਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਵੀ ਪੱਤਰ ਭੇਜ ਕੇ ਸਾਰੀ ਤਿਆਰੀ ਸਬੰਧੀ ਅਗਾਊਂ ਸੂਚਨਾ ਭੇਜਦਿਆਂ ਪ੍ਰਬੰਧ ਸੰਭਾਲਣ ਦੀ ਗੁਹਾਰ ਲਗਾਈ ਗਈ ਹੈ। ਇਸ ਸਬੰਧੀ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਤੋਂ ਪ੍ਰੀਖਿਆ ਕੇਂਦਰਾਂ ਤੱਕ ਪ੍ਰਸ਼ਨ ਪੱਤਰ, ਓਐੱਮਆਰ ਸ਼ੀਟਾਂ ਅਤੇ ਹੋਰ ਸਮੱਗਰੀ ਲਿਜਾਉਣ ਵਾਲੀਆਂ ਗੱਡੀਆਂ ਨਾਲ ਪੁਲੀਸ ਕਰਮਚਾਰੀ ਭੇਜਣ ਸਮੇਤ ਸਬੰਧਤ ਅਮਲੇ ’ਤੇ ਨਜ਼ਰ ਰੱਖਣ ਲਈ ਟਰੈਕਿੰਗ ਜੀਪੀਐੱਸ ਸਿਸਟਮ ਦੀ ਵਿਵਸਥਾ ਕੀਤੀ ਜਾਵੇਗੀ।
ਡਾਇਰੈਕਟਰ (ਕੰਪਿਊਟਰ) ਇਸ ਕਾਰਜ ਦੀ ਪੂਰੀ ਦੇਖ-ਰੇਖ ਕਰਦਿਆਂ ਬਕਾਇਦਾ ਪੁਲੀਸ ਤੇ ਜ਼ਿਲ੍ਹਾ ਪ੍ਰਬੰਧਾਂ ਨਾਲ ਸੰਪਰਕ ਵਿੱਚ ਰਹਿਣਗੇ। ਪ੍ਰੀਖਿਆ ਆਬਜ਼ਰਵਰ ਤੇ ਨਿਗਰਾਨਾਂ ਦਾ ਕਾਰਜ ਪ੍ਰੀਖਿਆ ਤੋਂ ਇਕ ਦਿਨ ਪਹਿਲਾਂ ਅਰੰਭ ਹੋਵੇਗਾ ਜੋ ਕਿ ਰੋਲ ਨੰਬਰਾਂ ਅਨੁਸਾਰ ਬੈਠਣ ਦਾ ਪ੍ਰਬੰਧ ਕਰਨ ਤੋਂ ਅਰੰਭ ਹੋਵੇਗਾ। ਨਿਗਰਾਨ 18 ਜਨਵਰੀ ਨੂੰ ਸਵੇਰੇ ਕੇਂਦਰ ਸੁਪਰਡੈਂਟ ਕੋਲ ਆਪਣੀ ਹਾਜ਼ਰੀ ਪੇਸ਼ ਕਰਨਗੇ ਤੇ ਪ੍ਰੀਖਿਆ ਵਾਲੇ ਦਿਨ ਰੋਲ ਨੰਬਰ ਅਨੁਸਾਰ ਪ੍ਰੀਖਿਆਰਥੀਆਂ ਦੇ ਬੈਠਣ ਲਈ ਜ਼ਿੰਮੇਵਾਰ ਹੋਣਗੇ।
ਆਬਜ਼ਰਵਰ, ਪ੍ਰੀਖਿਆ ਕੇਂਦਰ ਦੇ ਸਾਰੇ ਪ੍ਰਬੰਧਾਂ ਲਈ ਪ੍ਰਮੁੱਖ ਜ਼ਿੰਮੇਵਾਰ ਹੋਵੇਗਾ ਤੇ ਨਿਗਰਾਨ ਦੇ ਸਾਰੇ ਕਾਰਜਾਂ ’ਤੇ ਆਪਣੀ ਸਿੱਧੀ ਨਜ਼ਰ ਰੱਖੇਗਾ। ਆਬਜ਼ਰਵਰਾਂ ਦਾ ਸਿੱਧਾ ਸੰਪਰਕ ਹਰ ਵੇਲੇ ਮੁੱਖ ਦਫ਼ਤਰ ਵਿੱਚ ਸਥਿਤ ਕੰਟਰੋਲ ਰੂਮ ਨਾਲ ਰਹੇਗਾ। ਪ੍ਰੀਖਿਆਰਥੀਆਂ ਨੂੰ ਦਸਖ਼ਤਾਂ ਤੋਂ ਇਲਾਵਾ ਆਪਣੇ ਅੰਗੂਠੇ ਦੇ ਨਿਸ਼ਾਨ ਵੀ ਪ੍ਰੀਖਿਆ ਦੌਰਾਨ ਦੇਣੇ ਹੋਣਗੇ ਜੋ ਹਰ ਪ੍ਰੀਖਿਆਰਥੀ ਦੀ ਪਛਾਣ ਯਕੀਨੀ ਬਣਾਉਣਗੇ। ਪ੍ਰੀਖਿਆ ਕੇਂਦਰ 18 ਜਨਵਰੀ ਨੂੰ ਹੀ ਸ਼ਾਮ ਵੇਲੇ ਸੀਲ ਕਰ ਦਿੱਤੇ ਜਾਣਗੇ ਅਤੇ ਹਰ ਪ੍ਰੀਖਿਆ ਕੇਂਦਰ ਦੇ ਇਲਾਕੇ ਵਿੱਚ ਦਫ਼ਾ 144 ਆਇਦ ਕਰ ਦਿੱਤੀ ਜਾਵੇਗੀ। ਪ੍ਰੀਖਿਆ ਕੇਂਦਰ 19 ਜਨਵਰੀ ਨੂੰ ਪ੍ਰੀਖਿਆ ਦੇ ਸਮੇਂ ਤੋਂ ਪਹਿਲਾਂ ਹੀ ਖੋਲ੍ਹੇ ਜਾ ਸਕਣਗੇ। ਬੋਰਡ ਦੇ ਇਹ ਸਾਰੇ ਪ੍ਰਬੰਧ ਅਧਿਆਪਕ ਯੋਗਤਾ ਟੈਸਟ-2018 ਨੂੰ ਬੇਲਾਗ ਤਰੀਕੇ ਨਾਲ ਕਰਵਾਉਣ ਲਈ ਕੀਤੇ ਜਾ ਰਹੇ ਹਨ। ਵਰਨਣਯੋਗ ਹੈ ਕਿ ਸਿੱਖਿਆ ਬੋਰਡ ਨੇ ਟੈੱਟ ਪ੍ਰੀਖਿਆ-2015 ਟੈੱਸਟ ਵੀ ਕਰਵਾਇਆ ਸੀ ਜੋ ਕਿ ਅਜਿਹੇ ਹੀ ਸਖ਼ਤ ਪ੍ਰਬੰਧਾਂ ਕਾਰਨ ਪੂਰੀ ਤਰ੍ਹਾਂ ਕਾਮਯਾਬ ਰਿਹਾ ਸੀ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…