nabaz-e-punjab.com

ਸਿੱਖਿਆ ਮੰਤਰੀ ਦੇ ਅਧਿਆਪਕਾਂ ਪ੍ਰਤੀ ਮਾੜੇ ਵਤੀਰੇ ਦੀ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵੱਲੋਂ ਨਿਖੇਧੀ

ਬਾਰ੍ਹਵੀ ਪਾਸ ਦੀ ਥਾਂ ਕਿਸੇ ਗਰੈਜੂਏਟ ਵਿਧਾਇਕ ਨੂੰ ਸਿੱਖਿਆ ਮੰਤਰੀ ਬਣਾਉਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਗਸਤ:
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਵਲੋਂ ਸੂਬੇ ਦੇ ਸਿੱਖਿਆ ਮੰਤਰੀ ਓ ਪੀ ਸੋਨੀ ਵਲੋਂ ਅਧਿਆਪਕਾਂ ਨਾਲ ਕੀਤੇ ਜਾ ਰਹੇ ਮਾੜੇ ਵਤੀਰੇ ਅਤੇ ਸਿੱਖਿਆ ਦੇ ਤੰਤਰ ਨੂੰ ਤਹਿਸ ਨਹਿਸ ਕਰਨ ਸਬੰਧੀ ਵਤੀਰੇ ਦੀ ਤਿੱਖੀ ਅਲੋਚਨਾ ਕੀਤੀ ਹੈ। ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਵਲੋਂ ਅਧਿਆਪਕ ਆਗੂਆਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਨੂੰ ਹੱਲ ਕਰਨ ਅਤੇ ਸਿੱਖਿਆ ਵਿਭਾਗ ਦੀ ਕਾਰਗੁਜਾਰੀ ਨੂੰ ਵਧੀਆ ਬਣਾਉਣ ਲਈ ਉਪਰਾਲੇ ਤਾਂ ਕੀ ਕਰਨੇ ਹਨ ਸਗੋਂ ਗਰੀਬ ਬੱਚਿਆਂ ਨੂੰ ਵਧੀਆ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ ਅਤੇ ਅਧਿਆਪਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਸੰਘਰਸ਼ ਦੀ ਅਗਵਾਈ ਕਰ ਰਹੇ ਆਗੂਆਂ ਨੂੰ ਸਸਪੈਂਡ ਕਰ ਕਰਕੇ ਜਿੱਥੇ ਅਧਿਆਪਕਾਂ ਦੀਆਂ ਮੰਗਾਂ ਪ੍ਰਤੀ ਸੌੜੀ ਸੋਚ ਦਾ ਪ੍ਰਗਟਾਵਾ ਕੀਤਾ ਹੈ ਉੱਥੇ ਹੀ ਗਰੀਬ ਬੱਚਿਆਂ ਤੋਂ ਵਿੱਦਿਆ ਦਾ ਹੱਕ ਖੋਹਣ ਦੀ ਨੀਤੀ ਨੂੰ ਉਜਾਗਰ ਕਰ ਦਿੱਤਾ ਹੈ।
ਅੱਜ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਅਤੇ ਸਹਾਇਕ ਪ੍ਰੈਸ ਸਕੱਤਰ ਧਰਮਿੰਦਰ ਸਿੰਘ ਭੰਗੂ ਨੇ ਕਿਹਾ ਕਿ ਸਿੱਖਿਆ ਮੰਤਰੀ ਨੂੰ ਅਧਿਆਪਕਾਂ ਪ੍ਰਤੀ ਅਪਣਾਏ ਆਪਣੇ ਵਤੀਰੇ ਨੂੰ ਦਰੁੱਸਤ ਕਰਨਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਵਿਰੁੱਧ ਚੱਲ ਰਹੇ ਇਸ ਸੰਘਰਸ਼ ਨੂੰ ਅਧਿਆਪਕ ਜੱਥੇਬੰਦੀਆਂ ਦਾ ਨਾ ਰੱਖ ਕੇ ਸੂਬੇ ਦੇ ਸਮੁੱਚੇ ਮੁਲਾਜ਼ਮਾਂ ਦਾ ਬਣਾਇਆ ਜਾਵੇਗਾ। ਆਗੂਆਂ ਨੇ ਕਿਹਾ ਕਿ ਉਸ ਪ੍ਰਾਂਤ ਦੀ ਤ੍ਰਾਸਦੀ ਕੀ ਹੋਵੇਗੀ ਜਿਸਦਾ ਸਿੱਖਿਆ ਮੰਤਰੀ ਕੇਵਲ ਹਾਇਰ ਸੈਕੰਡਰੀ ਪਾਸ ਹੋਵੇ, ਉਹ ਸਿੱਖਿਆ, ਸਿੱਖਿਆ ਦੀਆਂ ਨੀਤੀਆਂ ਅਤੇ ਦੇਸ਼ ਦੇ ਨਿਰਮਾਤਾ ਵਜੋਂ ਜਾਣੇ ਜਾਂਦੇ ਅਧਿਆਪਕਾਂ ਦੀ ਭੁਮਿਕਾ ਬਾਰੇ ਕੀ ਸਮਝ ਰੱਖੇਗਾ।
ਆਗੂਆਂ ਨੇ ਸਰਕਾਰ ਅਤੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਪ੍ਰਾਂਤ ਅੰਦਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਤੇ ਅਧਿਆਪਨ ਜਿਹੇ ਪਵਿੱਤਰ ਪੇਸ਼ੇ ਦਾ ਸਤਿਕਾਰ ਕਾਇਮ ਰੱਖਣ ਲਈ ਘੱਟੋ ਘੱਟ ਕਿਸੇ ਗਰੈਜੂਏਟ ਵਿਧਾਇਕ ਨੂੰ ਸਿੱਖਿਆ ਮੰਤਰੀ ਬਣਾਇਆ ਜਾਵੇ। ਆਗੂਆਂ ਨੇ ਸਾਂਝਾ ਅਧਿਆਪਕ ਮੋਰਚੇ ਨੂੰ ਹਰ ਪ੍ਰਕਾਰ ਦੀ ਪੂਰਨ ਹਮਾਇਤ ਦੇਣ ਦਾ ਭਰੋਸਾ ਦਿੱਤਾ ਅਤੇ ਸਿੱਖਿਆ ਮੰਤਰੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਧਿਆਪਕਾਂ ਅਤੇ ਅਧਿਆਪਕ ਆਗੂਆਂ ਪ੍ਰਤੀ ਆਪਣਾ ਵਤੀਰਾ ਠੀਕ ਨਾ ਕੀਤਾ ਤਾਂ ਅਧਿਆਪਕਾਂ ਦੇ ਹੱਕ ਵਿੱਚ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਕਰਮਜੀਤ ਬੀਹਲਾ, ਦਰਸ਼ਣ ਬੇਲੂਮਾਜਰਾ, ਸੁਖਵਿੰਦਰ ਚਾਹਲ, ਰਾਮਜੀਦਾਸ ਚੌਹਾਨ, ਨੀਨਾ ਜੌਨ, ਸੱਤਪਾਲ ਵਰਮਾ, ਕੁਲਦੀਪ ਦੌੜਕਾ, ਗੁਰਦੀਪ ਬਾਜਵਾ, ਹਰੀ ਬਿਲਾਸ, ਹੰਸ ਰਾਜ ਬੀਜਵਾ, ਦਰਸ਼ਣ ਬੜਵਾ, ਰਣਜੀਤ ਈਸਾਪੁਰ, ਜਸਪ੍ਰੀਤ ਗਗਨ, ਗੁਰਵਿੰਦਰ ਰਮੇਸ਼ ਗੈਚੰਡ, ਭਗਵੰਤ ਭਟੇਜਾ, ਕ੍ਰਿਸ਼ਨ ਚੰਦ ਜਾਗੋਵਾਲੀਆਂ, ਮਨੋਹਲ ਲਾਲ ਸ਼ਰਮਾ, ਬੀਰਇੰਦਰਜੀਤ ਪੁਰੀ, ਮਨੱਖਣ ਸਿੰਘ ਮਾਨਸਾ, ਕਰਮਜੀਤ ਸਿੰਘ ਕੇਪੀ., ਕਿਸ਼ੋਰ ਚੰਦ ਗਾਲ ਆਦਿ ਆਗੂ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…