ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਚਾਰ ਸਾਲਾਂ ਤੋਂ ਲਮਕਾ ਰਿਹੈ ਡਰਾਈਵਰਾਂ ਦੀ ਭਰਤੀ ਦਾ ਕੰਮ

ਸੈਂਕੜੇ ਨੌਜਵਾਨਾਂ ਦਾ ਭਵਿੱਖ ਦਾਅ ’ਤੇ ਲੱਗਾ, ਪੀੜਤਾਂ ਵੱਲੋਂ 20 ਦਿਨ ਦਾ ਅਲਟੀਮੇਟਮ, ਮੁੱਖ ਮੰਤਰੀ ਦਾ ਘਿਰਾਓ ਕਰਨ ਦੀ ਚਿਤਾਵਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ:
ਡਰਾਇਵਰਾਂ ਦੀ ਭਰਤੀ ਲਈ ਪੰਜਾਬ ਸੁਬਾਰਡੀਨੇਟ ਸਰਵਿਸ ਸਲੈਕਸ਼ਨ ਬੋਰਡ ਪਿਛਲੇ ਚਾਰ ਸਾਲਾਂ ਤੋਂ ਭਰਤੀ ਪ੍ਰਕਿਰਿਆ ਪੂਰੀ ਨਹੀਂ ਕਰ ਰਿਹਾ। ਇਸ ਭਰਤੀ ਨੂੰ ਵਾਰ-ਵਾਰ ਲਮਕਾਇਆ ਜਾ ਰਿਹਾ ਹੈ। ਜਿਸ ਕਰਕੇ ਸੈਂਕੜੇ ਪ੍ਰੀਖਿਆਰਥੀਆਂ ਦਾ ਭਵਿੱਖ ਦਾਅ ਉੱਤੇ ਲੱਗਾ ਹੋਇਆ ਹੈ। ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਬੋਰਡ ਵੱਲੋਂ ਇਸ ਬਾਰੇ ਕੁੱਝ ਨਹੀਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਭਰਤੀ ਕਦੋਂ ਪੂਰੀ ਹੋਵੇਗੀ। ਮੁਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੀੜਤ ਨੌਜਵਾਨਾਂ ਨੇ ਪੰਜਾਬ ਸਰਕਾਰ ਦੇ ਸਿਸਟਮ ਪ੍ਰਤੀ ਰੋਸ ਕਰਦਿਆਂ 20 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ ਕਿ ਜੇਕਰ ਇਸ ਦੌਰਾਨ ਉਨ੍ਹਾਂ ਦੀ ਭਰਤੀ ਪ੍ਰਕਿਰਿਆ ਪੂਰੀ ਨਾ ਕੀਤੀ ਗਈ ਤਾਂ ਉਹ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕਰਨਗੇ।
ਇਸ ਮੌਕੇ ਗੁਰਸੇਵਕ ਸਿੰਘ ਨੇ ਕਿਹਾ ਕਿ ਬੋਰਡ ਦੀ ਅਣਦੇਖੀ ਕਾਰਨ ਅੱਜ ਅਨੇਕਾਂ ਡਰਾਈਵਰ ਪਰੇਸ਼ਾਨੀ ਵਿੱਚ ਆਪਣੀ ਜੀਵਨ ਬਸਰ ਕਰਨ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸੁਬਾਰਡੀਨੇਟ ਸਰਵਿਸ ਸਲੈਕਸ਼ਨ ਬੋਰਡ ਵੱਲੋਂ ਪੰਜਾਬ ਸਰਕਾਰ ਦੇ ਵੱਖ-ਵੱਖ ਮਹਿਕਮੀਆਂ ਵਿੱਚ ਡਰਾਈਵਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਭਰਤੀ ਸਬੰਧੀ 5/2016 ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ ਅਤੇ ਤਕਰੀਬਨ ਢਾਈ ਸਾਲਾਂ ਬਾਅਦ 16 ਸਤੰਬਰ 2018 ਨੂੰ ਲਿਖਤੀ ਪੇਪਰ ਲਿਆ ਗਿਆ ਅਤੇ ਉਸ ਦਾ ਨਤੀਜਾ ਵੀ ਐਲਾਨ ਦਿੱਤਾ ਗਿਆ। ਪਰ ਨਤੀਜਾ ਐਲਾਨਣ ਤੋਂ ਬਾਅਦ ਮਹੀਨਾ ਮਾਰਚ/2020 ਵਿੱਚ ਮੈਰਿਟ ਅਨੁਸਾਰ ਉਮੀਦਵਾਰਾਂ ਦੇ ਸਰਟੀਫਿਕੇਟਾਂ ਅਤੇ ਡਰਾਈਵਿੰਗ ਲਾਇਸੈਂਸਾਂ ਦੀ ਚੈਕਿੰਗ ਲਈ ਕੌਂਸਲਿੰਗ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਮੈਰਿਟ ਵਿੱਚ ਆਏ ਯੋਗ ਉਮੀਦਵਾਰਾਂ ਦਾ ਡਰਾਈਵਿੰਗ ਦਾ ਸਕੂਲ ਟੈਸਟ ਵੀ ਮਹੀਨਾ ਦਸੰਬਰ 2020 ਅਤੇ ਜਨਵਰੀ 2021 ਵਿੱਚ ਲਿਆ ਗਿਆ ਅਤੇ ਕੁੱਝ ਕੋਡਜ਼ ਦਾ ਸਕਿੱਲ ਟੈਸਟ ਅਜੇ ਵੀ ਨਹੀਂ ਲਿਆ ਗਿਆ। ਇਸ ਨਾਲ ਸੈਂਕੜੇ ਉਮੀਦਵਾਰਾਂ ਦਾ ਭੱਵਿਖ ਦਾਅ ਉੱਤੇ ਲੱਗਿਆ ਹੈ। ਉਪਰੋਕਤ ਭਰਤੀ ਸਬੰਧੀ ਚੱਲ ਰਹੀ ਪ੍ਰਕਿਰਿਆ ਨੂੰ ਸਾਢੇ 4 ਸਾਲ ਤੋਂ ਵੱਧ ਸਮਾਂ ਹੋ ਜਾਣ ਕਾਰਨ ਉਮੀਦਵਾਰਾਂ ਵਿੱਚ ਮਾਯੂਸੀ ਪੈਦਾ ਹੋ ਰਹੀ ਹੈ। ਇਸ ਭਰਤੀ ਵਿੱਚ ਸ਼ਾਮਲ ਬਹੁਤ ਸਾਰੇ ਉਮੀਦਵਾਰ ਓਵਰਏਜ ਵੀ ਹੋ ਚੁੱਕੇ ਹਨ। ਉਨ੍ਹਾਂ ਚੇਤਾਵਨੀ ਦਿੰਦਿਆਂ ਸਰਕਾਰ ਨੂੰ ਮੰਗਾ ਮੰਨਣ ਲਈ 20 ਦਿਨਾਂ ਦਾ ਸਮਾਂ ਦਿੱਤਾ ਹੈ। ਇਸ ਮੌਕੇ ਰਣਜੀਤ ਸਿੰਘ, ਗੁਰਸੇਵਕ ਸਿੰਘ, ਸੁਖਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ 10 ਗਜ਼ਟਿ…