ਪੰਜਾਬ ਨੇ ਕੌਮਾਂਤਰੀ ਅਤੇ ਅੰਤਰ-ਰਾਜੀ ਸਰਹੱਦਾਂ ਤੋਂ ਨਸ਼ਿਆਂ ਦੀ ਸਪਲਾਈ ਲਾਈਨ ਤੋੜਣ ’ਚ ਸਫਲਤਾ ਹਾਸਲ ਕੀਤੀ

ਵਿਸ਼ੇਸ਼ ਟਾਸਕ ਫੋਰਸ ਵੱਲੋਂ 28 ਦਿਨਾਂ ਵਿੱਚ ਐਨਡੀਪੀਐਸ ਐਕਟ ਹੇਠ 1277 ਕੇਸ ਦਰਜ, 1468 ਨਸ਼ਾ ਤਸਕਰ ਗ੍ਰਿਫਤਾਰ

ਆਉਣ ਵਾਲੇ ਦਿਨਾਂ ਵਿੱਚ ਨਸ਼ੇ ਦੇ ਵੱਡੇ ਸੌਦਾਗਰ ਕਾਬੂ ਕਰਕੇ ਜਾਇਦਾਦਾਂ ਜ਼ਬਤ ਕਰਨ ਦੀ ਤਿਆਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 16 ਅਪਰੈਲ:
ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਗਠਿਤ ਕੀਤੀ ਗਈ ਵਿਸ਼ੇਸ਼ ਟਾਸਕ ਫੋਰਸ ਨੇ ਅੰਤਰ-ਰਾਜੀ ਅਤੇ ਅੰਤਰ-ਰਾਸ਼ਟਰੀ ਸਰਹੱਦ ਦੇ ਪਾਰੋਂ ਨਸ਼ਿਆਂ ਦੀ ਸਪਲਾਈ ਲਾਇਨ ਨੂੰ ਪੂਰੀ ਤਰ੍ਹਾਂ ਸਫਲਤਾਪੂਰਨ ਢੰਗ ਨਾਲ ਤੋੜ ਦਿੱਤਾ ਹੈ ਅਤੇ ਇਸ ਦੌਰਾਨ 16 ਮਾਰਚ 2017 ਤੋਂ ਹੁਣ ਤੱਕ ਚਾਰ ਹਫਤਿਆਂ ਵਿੱਚ ਐਨ.ਡੀ.ਪੀ.ਐਸ ਐਕਟ ਹੇਠ 1277 ਕੇਸ ਦਰਜ ਕੀਤੇ ਗਏ ਹਨ ਅਤੇ 1468 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਨਸ਼ਿਆਂ ਵਿਰੁੱਧ ਤਿੱਖਾ ਹਮਲਾ ਸ਼ੁਰੂ ਕਰਕੇ ‘ਵੱਡੀਆਂ ਮੱਛੀਆਂ’ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਦੇ ਅਨੁਸਾਰ ਹੁਣ ਤੱਕ ਨਸ਼ਿਆਂ ਦੇ ਮਾਮਲੇ ਵਿੱਚ ਫੜੇ ਗਏ ਵਿਅਕਤੀਆਂ ਦੀ ਗਿਣਤੀ ਪਿਛਲੇ ਸਾਲ ਦੇ ਇਸੇ ਸਮੇਂ (16 ਮਾਰਚ 2016 ਤੋਂ 14 ਅਪ੍ਰੈਲ 2016) ਨਾਲੋਂ ਲਗਭਗ ਦੁੱਗਣੀ ਹੈ।
ਸ੍ਰੀ ਸਿੱਧੂ ਅਨੁਸਾਰ ਬਹੁਪੱਖੀ ਪਹੁੰਚ ਦੇ ਨਾਲ ਪੂਰੀ ਤਰ੍ਹਾਂ ਲੈਸ ਵਿਸ਼ੇਸ਼ ਟਾਸਕ ਫੋਰਸ, ਸੂਬਾ ਪੁਲੀਸ ਅਤੇ ਵੱਖ-ਵੱਖ ਖੁਫੀਆ ਏਜੰਸੀਆਂ ਨਾਲ ਮਿਲ ਕੇ ਸੂਬੇ ਵਿੱਚ ਵੱਡੀ ਪੱਧਰ ’ਤੇ ਨਸ਼ਿਆਂ ਦੇ ਕਾਰੋਬਾਰ ’ਤੇ ਹੱਲਾ ਬੋਲ ਰਹੀ ਹੈ ਅਤੇ ਇਸ ਨੇ ਸਾਰੇ ਕਿਸਮਾਂ ਦੇ ਨਸ਼ਿਆਂ ਦੀ ਸਪਲਾਈ ਨੂੰ ਰੋਕ ਦਿੱਤਾ ਹੈ। ਭਾਵੇਂ ਕਿ ਵਿਸ਼ੇਸ਼ ਟਾਸਕ ਫੋਰਸ ਦੇ ਗਠਨ ਦਾ ਰਸਮੀ ਨੋਟੀਫਿਕੇਸ਼ਨ ਲੰਘੇ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ ਹੈ ਪਰ ਵਿਸ਼ੇਸ਼ ਟਾਸਕ ਫੋਰਸ ਨੇ ਅਪ੍ਰੈਲ ਦੇ ਸ਼ੁਰੂ ਤੋਂ ਹੀ ਨਸ਼ਿਆਂ ਵਿਰੁੱਧ ਕਰੜੀ ਮੁਹਿੰਮ ਅਰੰਭ ਕੀਤੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਵਿਰੁਧ ਕਾਰਵਾਈ ਲਈ ਸਿੱਧੂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੈ ਅਤੇ ਸੂਬੇ ਵਿੱਚੋਂ ਨਸ਼ਿਆਂ ਦੀ ਲਾਹਨਤ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਉਨ੍ਹਾਂ ਨੂੰ ਸਮਰਥ ਮੰਨਿਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਨਸ਼ਿਆਂ ਦੀ ਤਸਕਰੀ ਅਤੇ ਵਪਾਰ ਵਿੱਚ ਸ਼ਾਮਲ ਸਾਰੀਆਂ ‘ਵੱਡੀਆਂ ਮੱਛੀਆਂ’ ਵਿਰੁੱਧ ਹੱਲਾ ਬੋਲਣ ਲਈ ਵਿਸ਼ੇਸ਼ ਟਾਸਕ ਫੋਰਸ ਨੂੰ ਨਿਰਦੇਸ਼ ਦਿੱਤੇ ਹਨ। ਬੁਲਾਰੇ ਅਨੁਸਾਰ ਵਿਸ਼ੇਸ਼ ਟਾਸਕ ਫੋਰਸ ’ਤੇ ਮੁੱਖ ਮੰਤਰੀ ਵੱਲੋਂ ਖੁਦ ਨਿਗਰਾਨੀ ਰੱਖੀ ਜਾ ਰਹੀ ਹੈ। ਨਸ਼ਿਆਂ ਦੇ ਬਹੁਤ ਵੱਡੇ ਡੀਲਰਾਂ ’ਤੇ ਅੱਖ ਰੱਖੀ ਜਾ ਰਹੀ ਹੈ ਅਤੇ ਆਉਂਦੇ ਹਫਤਿਆਂ ਦੌਰਾਨ ਉਨ੍ਹਾਂ ’ਤੇ ਸਖ਼ਤ ਕਾਰਵਾਈ ਲਈ ਤਿਆਰੀ ਕੀਤੀ ਜਾ ਰਹੀ ਹੈ।
ਸ੍ਰੀ ਸਿੱਧੂ ਨੇ ਖੁਦ ਪੂਰੇ ਸੂਬੇ ਦਾ ਦੌਰਾ ਕੀਤਾ ਹੈ ਅਤੇ ਨਸ਼ਿਆਂ ਵਿਰੱੁਧ ਮੁਹਿੰਮ ਦੇ ਬਾਰੇ ਇਸ ਕਾਰਵਾਈ ਸਬੰਧੀ ਜ਼ਿਲ੍ਹਾ ਪੁਲੀਸ ਨੂੰ ਜਾਣੂ ਕਰਾਇਆ ਹੈ। ਇਸ ਕਾਰਜ ਨੂੰ ਨੇਪੜੇ ਚਾੜ੍ਹਣ ਲਈ ਅÎਧਿਕਾਰੀਆਂ ਅਤੇ ਹੋਰ ਮੁਲਾਜ਼ਮਾਂ ਨੂੰ ਵਿਸ਼ੇਸ਼ ਟਾਸਕ ਫੋਰਸ ਵਿੱਚ ਤਇਨਾਤ ਕੀਤਾ ਗਿਆ ਹੈ। ਸ੍ਰੀ ਸਿੱਧੂ ਦੀ ਟੀਮ ਵੱਲੋਂ ਦਿੱਤੇ ਤੱਥਾਂ ਦਾ ਹਵਾਲਾ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 16 ਮਾਰਚ ਤੋਂ 14 ਅਪ੍ਰੈਲ ਤੱਕ ਦੇ ਸਮੇਂ ਦੌਰਾਨ ਸਰਕਾਰ ਵੱਲੋਂ ਪੰਜਾਬ ਵਿੱਚ ਨਸ਼ਿਆਂ ਖਿਲਾਫ ਵਿੱਢੀ ਕਾਰਵਾਈ ਦੌਰਾਨ 31.804 ਕਿਲੋ ਹੈਰੋਇਨ (ਜਿਸ ਵਿੱਚ ਬੀ.ਐਸ.ਐਫ. ਵੱਲੋਂ ਫੜੀ 24.4 ਕਿਲੋ ਵੀ ਸ਼ਾਮਲ ਹੈ), 1.527 ਕਿਲੋ ਸਮੈਕ, 2.272 ਕਿਲੋ ਚਰਸ, 81.99 ਕਿਲੋ ਅਫੀਮ (ਇਸ ਵਿੱਚ ਬੀ.ਐਸ.ਐਫ. ਵੱਲੋਂ ਫੜੀ 0.065 ਕਿਲੋ ਵੀ ਸ਼ਾਮਲ ਹੈ), 2812.555 ਕਿਲੋ ਭੁੱਕੀ, 169.223 ਕਿਲੋ ਗਾਂਜਾ, 14.855 ਕਿਲੋ ਭੰਗ, 34.911 ਕਿਲੋ ਨਸ਼ੀਲਾ ਪਾਊਡਰ, 3201 ਨਸ਼ੀਲੇ ਟੀਕੇ ਅਤੇ 336314 ਗੋਲੀਆਂ/ਕੈਪਸੂਲ ਫੜੇ ਗਏ ਹਨ। ਵਿਸ਼ੇਸ਼ ਟਾਸਕ ਫੋਰਸ ਤੇ ਹੋਰ ਏਜੰਸੀਆਂ ਵੱਲੋਂ ਕੀਤੀ ਵੱਡੀ ਕਾਰਵਾਈ ਨਾਲ ਨਸ਼ਿਆਂ ਦੀ ਮੌਜੂਦਗੀ ’ਤੇ ਕਾਬੂ ਪਾ ਲਿਆ ਅਤੇ ਨਸ਼ਿਆਂ ਦੀ ਕੀਮਤਾਂ ਬਹੁਤ ਜ਼ਿਆਦਾ ਵਧ ਗਈਆਂ ਜਿਸ ਨਾਲ ਨਸ਼ੇ ਦੇ ਆਦੀਆਂ ਨੂੰ ਨਸ਼ਾ ਮਿਲਣਾ ਮੁਸ਼ਕਲ ਹੋ ਗਿਆ। ਇਨ੍ਹਾਂ ਚਾਰ ਹਫ਼ਤਿਆਂ ਵਿੱਚ ਸੈਂਕੜੇ ਨਸ਼ੇੜੀਆਂ ਨੇ ਇਲਾਜ ਲਈ ਮੁੜ ਵਸੇਬਾ ਕੇਂਦਰਾਂ ਦਾ ਦਰ ਖੜਕਾਇਆ। ਵਿਸ਼ੇਸ਼ ਟਾਸਕ ਫੋਰਸ ਹੁਣ ਮੁੜ ਵਸੇਬਾ ਪਹੁੰਚ ਪ੍ਰਤੀ ਸੋਧ ਕਰਕੇ ਇਸ ਨੂੰ ਹੋਰ ਮਾਨਵੀ ਹਿਤੈਸ਼ੀ ਬਣਾ ਰਹੀ ਹੈ।
ਸਰਕਾਰੀ ਬੁਲਾਰੇ ਨੇ ਸ੍ਰੀ ਸਿੱਧੂ ਦੇ ਹਵਾਲੇ ਨਾਲ ਦੱਸਿਆ ਕਿ ਨਸ਼ਿਆਂ ਦੀ ਰੋਕਥਾਮ ਅਤੇ ਨਸ਼ੇ ਦੇ ਆਦੀਆਂ ਦੇ ਮੁੜ ਵਸੇਬੇ ਤੋਂ ਇਲਾਵਾ ਜਾਗਰੂਕਤਾ ਮੁਹਿੰਮ ਰਾਹੀਂ ਸਮਾਜ ਦੇ ਸਾਰੇ ਵਰਗਾਂ ਦੀ ਸਰਗਰਮ ਸ਼ਮੂਲੀਅਤ ਯਕੀਨੀ ਬਣਾਈ ਜਾ ਰਹੀ ਹੈ। ਨਸ਼ਾ ਪੀੜਤਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …