ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਕੈਪਟਨ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ

ਸਫ਼ਾਈ ਕਾਮਿਆਂ ਤੇ ਹੋਰਨਾਂ ਮੁਲਾਜ਼ਮਾਂ ਨੇ ਸ਼ਹਿਰ ਵਿੱਚ ਕੀਤਾ ਰੋਸ ਮਾਰਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਗਸਤ:
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਅੱਜ ਇੱਥੋਂ ਦੇ ਫੇਜ਼-6 ਵਿੱਚ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕੀਤਾ ਅਤੇ ਹੁਕਮਰਾਨਾਂ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਗਾਉਂਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੋਲਦਿਆਂ ਮੁਲਾਜ਼ਮ ਸੰਘਰਸ਼ ਲਹਿਰ ਦੇ ਪ੍ਰਮੁੱਖ ਆਗੂ ਸੱਜਣ ਸਿੰਘ, ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੀਨੀਅਰ ਉਪ ਪ੍ਰਧਾਨ ਮੋਹਨ ਸਿੰਘ, ਜਨਰਲ ਸਕੱਤਰ ਪਵਨ ਗੋਡਯਾਲ, ਮੁਹਾਲੀ ਦੇ ਪ੍ਰਧਾਨ ਸੋਭਾ ਰਾਮ, ਡੋਰ-ਟੂ-ਡੋਰ ਗਾਰਬੇਜ਼ ਕੁਲੈਕਟਰਾਂ ਦੇ ਪ੍ਰਧਾਨ ਰਾਜਨ ਚਵੱਰੀਆ ਨੇ ਕਿਹਾ ਕਿ ਪ੍ਰਧਾਨ, ਮੁੱਖ ਮੰਤਰੀਆਂ ਅਤੇ ਬਾਕੀ ਮੰਤਰੀਆਂ ਨੂੰ 15 ਅਗਸਤ ’ਤੇ ਰਾਸ਼ਟਰੀ ਝੰਡਾ ਲਹਿਰਾਉਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਗਰੀਬਾਂ ਦੀ ਬਾਂਹ ਫੜਨ ਦੀ ਥਾਂ ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ’ਤੇ ਗੁਲਾਮੀ ਦਾ ਯੁੱਗ ਲਾਗੂ ਕਰ ਦਿੱਤਾ ਗਿਆ। ਲੰਮੇ ਸਮੇਂ ਤੋਂ ਸਫ਼ਾਈ ਕਾਮਿਆਂ ਨੂੰ ਨਿਗੂਣੀਆਂ ਤਨਖ਼ਾਹਾਂ ’ਤੇ ਠੇਕਾ ਪ੍ਰਣਾਲੀ ਅਧੀਨ ਕੰਮ ਲਿਆ ਜਾ ਰਿਹਾ ਹੈ ਜਦੋਂਕਿ ਅਫ਼ਸਰਸ਼ਾਹੀ ਨੂੰ ਹਰੇਕ ਮਹੀਨੇ ਲੱਖਾਂ ਰੁਪਏ ਲੁਟਾਏ ਜਾ ਰਹੇ ਹਨ।
ਬੁਲਾਰਿਆਂ ਨੇ ਕਿਹਾ ਕਿ ਇਕ ਪਾਸੇ ਲੋਕ ਅਤੇ ਸਰਕਾਰ ਸਫ਼ਾਈ ਕਾਮਿਆਂ ਨੂੰ ਕਰੋਨਾ ਯੋਧਿਆਂ ਦਾ ਨਾਂ ਦੇ ਕੇ ਸਨਮਾਨਿਤ ਕਰ ਰਹੀ ਹੈ, ਦੂਜੇ ਪਾਸੇ ਠੇਕਾ ਐਕਟ 2016 ਮੁਤਾਬਕ ਇਨ੍ਹਾਂ ਸਫ਼ਾਈ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਹੈ ਜਦੋਂਕਿ ਚੋਣਾਂ ਵੇਲੇ ਮੁੱਖ ਮੰਤਰੀ ਨੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ’ਤੇ ਪੱਕਾ ਕਰਨ ਦਾ ਵਾਅਦਾ ਕੀਤਾ ਸੀ। ਇਹੀ ਨਹੀਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹਾਂ ਵੀ ਨਹੀਂ ਮਿਲ ਰਹੀਆਂ ਹਨ। ਡੀਏ, ਮਹਿੰਗਾਈ ਭੱਤਾ, ਮੋਬਾਈਲ ਭੱਤਾ ਆਦਿ ਸਹੂਲਤਾਂ ਤੋਂ ਮੁਲਾਜ਼ਮ ਵਾਂਝੇ ਹਨ। ਕੈਪਟਨ ਸਰਕਾਰ ਵੱਲੋਂ ਆਰਥਿਕ ਸੁਧਾਰ ਲਈ ਬਣਾਈ ਗਈ ਮਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਵਾਲੀ ਕਮੇਟੀ ਨੇ 70 ਪੰਨਿਆਂ ਦੀ ਰਿਪੋਰਟ ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਦੇ ਵਿਰੁੱਧ ਦਿੱਤੀ ਹੈ ਅਤੇ ਨਿੱਜੀਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਸ਼ਮਸ਼ੇਰ ਸਿੰਘ ਜ਼ੀਰਕਪੁਰ, ਰਾਜੇਸ਼ ਤੁਸਾਬੜ, ਟੋਨੀ ਬੋਹਤ ਫੇਰਾਬੱਸੀ, ਚੰਦਨ ਸਿੰਘ ਅਤੇ ਕ੍ਰਿਸ਼ਨ ਪ੍ਰਸ਼ਾਦ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਲੇਬਰ ਕੰਟਰੈਕਟ ਐਕਟ 1970 ਮੁਤਾਬਕ 7 ਤਰੀਕ ਤੋਂ ਪਹਿਲਾਂ ਤਨਖ਼ਾਹ ਮਿਲਣੀ ਚਾਹੀਦੀ ਹੈ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸਫ਼ਾਈ ਕਾਮਿਆਂ ਦਾ ਬਣਦਾ 8 ਮਹੀਨੇ ਦਾ ਏਰੀਅਰ 20 ਅਗਸਤ ਤੱਕ ਖਾਤਿਆਂ ਵਿੱਚ ਜਮਾਂ ਨਹੀਂ ਕਰਵਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਮੁਹਾਲੀ ਵਿੱਚ ਸਫ਼ਾਈ ਮਜ਼ਦੂਰ ਹੜਤਾਲ ’ਤੇ ਚਲੇ ਜਾਣਗੇ। ਇਸ ਦੌਰਾਨ ਸਫ਼ਾਈ ਖੁਣੋਂ ਸ਼ਹਿਰ ਵਿੱਚ ਪੈਦਾ ਹੋਏ ਹਾਲਾਤਾਂ ਲਈ ਸਰਕਾਰ ਅਤੇ ਪ੍ਰਸ਼ਾਸਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…