ਪੰਜਾਬ ਵਿੱਚ ਪਰਾਲੀ ਸਾੜਨ ਨੂੰ ਨੱਥ ਪਾਉਣ ਲਈ ਕਿਸਾਨਾਂ ਨੂੰ ਹੋਰ ਬਦਲ ਦਿੱਤੇ ਜਾਣ: ਵੀਪੀ ਸਿੰਘ ਬਦਨੌਰ

ਕਿਸਾਨਾਂ ਉੱਤੇ ਕੋਈ ਵਾਧੂ ਵਿੱਤੀ ਬੋਝ ਨਹੀਂ ਪਾਇਆ ਜਾਵੇਗਾ: ਸੁਰੇਸ਼ ਕੁਮਾਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 27 ਅਪਰੈਲ:
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕਿਹਾ ਹੈ ਕਿ ਜੇਕਰ ਅਸੀਂ ਪੰਜਾਬ ਵਿੱਚ ਫਸਲਾਂ ਸਾੜਨ ਦੇ ਮੁੱਦਿਆਂ ਨਾਲ ਨਜਿੱਠਣਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਸਬੰਧੀ ਅਹਿਮ ਕਦਮ ਚੁੱਕਣ ਦੀ ਜ਼ਰੂਰਤ ਹੈ। ਅੱਜ ਚੰਡੀਗੜ੍ਹ ਵਿੱਚ ਪੰਜਾਬ ’ਚ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਦਾ ਸਮੱਸਿਆ ਦੇ ਨਿਪਟਾਰੇ ਬਾਬਤ ਸਬੰਧਤ ਧਿਰਾਂ ਵੱਲੋਂ ਪਹਿਲ ਬਾਰੇ ਇਕ ਰੋਜ਼ਾ ਵਰਕਸ਼ਾਪ ਮੌਕੇ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਕਿਸਾਨਾਂ ਨੂੰ ਬਦਲਵੇਂ ਢੰਗ-ਤਰੀਕੇ ਅਪਣਾਉਣ ਦੀ ਹੱਲਾਸ਼ੇਰੀ ਦੇਣ ਦੀ ਸਖਤ ਲੋੜ ਹੈ ਤਾਂ ਜੋ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਏ ਇਸ ਦਾ ਸੁਚੱਜੇ ਢੰਗ ਨਾਲ ਨਿਪਟਾਰਾ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਝੋਨੇ ਦੀ ਪਰਾਲੀ ਸਾੜਨ ਨਾਲ ਹੋਣ ਵਾਲੇ ਵਾਤਾਵਰਣ ਨੂੰ ਖਤਰੇ ਬਾਰੇ ਚਿੰਤਾ ਵੀ ਪ੍ਰਗਟਾਈ ਅਤੇ ਇਹ ਵੀ ਕਿਹਾ ਕਿ ਇਸ ਨਾਲ ਨਾ ਸਿਰਫ ਲੋਕਾਂ ਦੀ ਸਿਹਤ ਨੂੰ ਨੁਕਸਾਨ ਹੋਇਆ ਹੈ ਸਗੋਂ ਪੰਜਾਬ ਦੀ ਮਿੱਟੀ ਦੇ ਜੈਵਿਕ ਤੱਤਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਸੁਝਾਅ ਦਿੰਦੇ ਹੋਏ ਕਿਹਾ ਕਿ ਹੁਣ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਬਾਗਬਾਨੀ, ਫਲਾਂ ਦੀ ਕਾਸ਼ਤ ਅਤੇ ਖੁੰਬਾਂ ਦੀ ਕਾਸ਼ਤ ਨੂੰ ਹੁਲਾਰਾ ਦਿੱਤੇ ਜਾਣ ਦੀ ਲੋੜ ਹੈ ਤਾਂ ਜੋ ਸੂਬੇ ਵਿੱਚ ਰਿਵਾਇਤੀ ਝੋਨਾ-ਕਣਕ ਦੇ ਫਸਲੀ ਚੱਕਰ ‘ਚੋਂ ਬਾਹਰ ਨਿਕਲਿਆ ਜਾ ਸਕੇ।
ਸ੍ਰੀ ਬਦਨੌਰ ਨੇ ਕਿਸਾਨਾਂ ਵਿੱਚ ਜਨਤਕ ਪੱਧਰ ‘ਤੇ ਜਾਗਰੂਕਤਾ ਪੈਦਾ ਕਰਨ ਅਤੇ ਉਪਲਬਧ ਤਕਨੀਕਾਂ ਨੂੰ ਸਸਤੇ ਭਾਅ ‘ਤੇ ਮੁਹੱਈਆ ਕਰਵਾਉਣ ਦੇ ਨਾਲ ਨਾਲ ਵਿਆਪਕ ਰਣਨੀਤੀ ਤਿਆਰ ਕਰਨ ‘ਤੇ ਜੋਰ ਦਿੱਤਾ। ਉਨ੍ਹਾਂ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਸਬੰਧੀ ਮੁਕੰਮਲ ਜਾਣਕਾਰੀ ਰੱਖਣ ਲਈ ਪੰਜਾਬ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਖਾਸ ਤੌਰ ‘ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਪੰਜਾਬ ਦੇ ਕਿਸਾਨਾਂ ਨਾਲ ਨਜ਼ਦੀਕੀ ਸੰਪਰਕ ਰੱਖਣ ਅਤੇ ਉਨ੍ਹਾਂ ਨੂੰ ਸਮੇਂ ਸਮੇਂ ‘ਤੇ ਲੋੜੀਂਦੇ ਸੁਝਾਅ ਦੇਣ ਲਈ ਸ਼ਲਾਘਾ ਵੀ ਕੀਤੀ। ਉਨ੍ਹਾਂ ਨੇ ਉਹਨਾਂ ਕਿਸਾਨਾਂ ਨੂੰ ਪ੍ਰੋਸਤਾਹਨ ਦੇਣ ‘ਤੇ ਜੋਰ ਵੀ ਦਿੱਤਾ ਜਿਹਨਾਂ ਨੇ ਫਸਲਾਂ ਦੀ ਰਹਿੰਦ-ਖੂੰਹਦ ਨਾ ਸਾੜ ਕੇ ਹੋਰ ਬਦਲਾਂ ਨੂੰ ਅਪਣਾਇਆ। ਰਾਜਪਾਲ ਨੇ ਸਬੰਧਤ ਅਧਿਕਾਰੀਆਂ ਦੀ ਟੀਮ ਨਾਲ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਅਤੇ ਹੋਰ ਠੋਸ ਹੱਲ ਅਪਣਾਉਣ ਸਬੰਧੀ ਜਾਣਕਾਰੀ ਦੇਣ ਅਤੇ ਉਤਸ਼ਾਹਿਤ ਕਰਨ ਲਈ ਹਰੇਕ ਜ਼ਿਲ੍ਹੇ ਦਾ ਦੌਰਾ ਕਰਨ ਦੀ ਪੇਸ਼ਕਸ਼ ਵੀ ਕੀਤੀ।
ਮੁੱਖ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨੇ ਇਸ ਮੌਕੇ ਖੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਫਸਲੀ ਰਹਿੰਦ-ਖੂੰਹਦ ਨੂੰ ਸਾੜਨ ਨੂੰ ਰੋਕਣ ਸਬੰਧੀ ਫੌਰੀ ਕਾਰਵਾਈ ਦੀ ਯੋਜਨਾ ਬਣਾਉਣ ਲਈ ਇਕ ਸੂਬਾ ਪੱਧਰੀ ਸਲਾਹਕਾਰ ਗਰੁੱਪ ਦਾ ਗਠਨ ਵੀ ਕਰੇਗੀ ਅਤੇ ਰਾਜਪਾਲ ਪੰਜਾਬ ਨੂੰ ਇਸ ਦਾ ਸਰਪ੍ਰਸਤ ਬਣਨ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਸੂਬਾ ਪੱਧਰੀ ਸਲਾਹਕਾਰ ਗਰੁੱਪ ਦੇ ਫ਼ੈਸਲਿਆਂ ਨੂੰ ਅਮਲੀ ਰੂਪ ਦੇਣ ਲਈ ਤਕਨੀਕੀ ਵਰਕ ਫੋਰਸ ਦਾ ਛੋਟਾ ਜਿਹਾ ਗਰੁੱਪ ਵੀ ਬਣਾਇਆ ਜਾਵੇਗਾ। ਉਨ੍ਹਾਂ ਵਰਕਸ਼ਾਪ ਵਿੱਚ ਸ਼ਾਮਲ ਖੇਤੀਬਾੜੀ ਮਾਹਰਾਂ ਨੂੰ ਝੋਨਾ ਨਾੜ ‘ਚੋਂ ਸਿਲਿਕਾ ਦੀ ਦਰ ਨੂੰ ਘਟਾਉਣ ਅਤੇ ਇਸ ਨੂੰ ਪਸ਼ੂਆਂ ਦੇ ਖਾਣ ਦੇ ਅਨੁਕੂਲ ਬਣਾਉਣ ਲਈ ਕੰਮ ਕਰਨ ਲਈ ਵੀ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਵਰਗੇ ਸੂਬਿਆਂ ਜਿਥੇ ਪਸ਼ੂਆਂ ਦੇ ਚਾਰੇ ਦੀ ਕਮੀ ਹੈ, ਨੂੰ ਘੱਟ ਕੀਮਤ ‘ਤੇ ਚਾਰਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਗਤੀਸ਼ੀਲ ਕਿਸਾਨ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦੀਆਂ ਨਵੀਆਂ ਤਕਨੀਕਾਂ ਸਬੰਧੀ ਨੌਜਵਾਨ ਕਿਸਾਨਾਂ ਨੂੰ ਜਾਗਰੂਕ ਕਰਨ।
ਸ੍ਰੀ ਸੁਰੇਸ਼ ਕੁਮਾਰ ਨੇ ਅੱਗੇ ਬੋਲਦਿਆਂ ਕਿਹਾ ਕਿ ਸੂਬੇ ਵਿੱਚ ਕਿਸਾਨਾਂ ਨੂੰ ਬਦਲਵੇਂ ਪ੍ਰਬੰਧ ਅਪਣਾਉਣ ਲਈ ਹੱਲਾਸ਼ੇਰੀ ਦਿੱਤੀ ਜਾਵੇਗੀ ਜਿਸ ਵਿੱਚ ਸੂਬੇ ਵਿੱਚ ਪਰਾਲੀ ਸਾੜਨ ਲਈ ਮਸ਼ੀਨਰੀ ਦਾ ਇਸਤੇਮਾਲ ਵੀ ਸ਼ਾਮਲ ਹੋਵੇਗਾ ਅਤੇ ਇਸ ਲਈ ਕਿਸਾਨਾਂ ਉਤੇ ਕੋਈ ਵਾਧੂ ਵਿੱਤੀ ਬੋਝ ਨਹੀਂ ਪਵੇਗਾ। ਵਿਧਾਇਕ ਸ੍ਰੀ ਕੁਲਜੀਤ ਸਿੰਘ ਨਾਗਰਾ ਨੇ ਬੋਲਦਿਆਂ ਇਹ ਸੁਝਾਅ ਦਿੱਤਾ ਕਿ ਪੰਜਾਬ ਵਿੱਚ ਭੂਮੀ ਜਾਂਚ ਵਾਲੀਆਂ ਹੋਰ ਪ੍ਰਯੋਗਸ਼ਾਲਾ ਖੱੁਲ੍ਹੇ ਜਾਣ ਦੀ ਲੋੜ ਹੈ ਅਤੇ ਸਰਕਾਰ ਵੱਲੋਂ ਤਿਆਰ ਕੀਤੀਆਂ ਰਣਨੀਤੀਆਂ ਅਤੇ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾਵੇ। ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਡਬਲਿਊਡਬਲਿਊਐਫ ਦੇ ਐਸਜੀ ਤੇ ਸੀਈਓ ਸ੍ਰੀ ਰਵੀ ਸਿੰਘ, ਟਾਟਾ ਟਰੱਸਟ ਦੇ ਪ੍ਰੋਗਰਾਮ ਡਾਇਰੈਕਟਰ ਸ੍ਰੀ ਅਰੁਣ ਪਾਂਧੀ, ਪੰਜਾਬ ਸਟੇਟ ਫਾਰਮਰਜ਼ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਜੇਵੀਰ ਜਾਖੜ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਡਾ. ਬੀ.ਐਸ. ਢਿੱਲੋਂ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਸ੍ਰੀ ਕਾਹਨ ਸਿੰਘ ਪੰਨੂੰ, ਖੇਤੀਬਾੜੀ ਕਮਿਸ਼ਨਰ ਡਾ.ਬਲਵਿੰਦਰ ਸਿੰਘ ਸਿੱਧੂ ਸਮੇਤ ਪੰਜਾਬ ਸਰਕਾਰ ਦੇ ਹੋਰ ਵੀ ਸੀਨੀਅਰ ਅਧਿਕਾਰੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ ਕਰਨ ਦੀ ਮੰਗ

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲ…