ਵਾਅਦਾਖ਼ਿਲਾਫ਼ੀ: ਪੰਜਾਬ-ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਭੁੱਖ ਹੜਤਾਲ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਵਾਅਦਾਖ਼ਿਲਾਫ਼ੀ ਅਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਮਕ ਰਹੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਫੈਸਲੇ ਅਨੁਸਾਰ ਅੱਜ ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਲਾਲ ਬੱਤੀ ਚੌਕ ਨੇੜੇ 10 ਰੋਜ਼ਾ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਪਹਿਲੇ ਦਿਨ ਜ਼ਿਲ੍ਹਾ ਕਨਵੀਨਰ ਪਰਵਿੰਦਰ ਸਿੰਘ ਖੰਗੂੜਾ, ਸੱਜਣ ਸਿੰਘ, ਰਣਬੀਰ ਸਿੰਘ ਢਿੱਲੋਂ, ਕਰਤਾਰ ਸਿੰਘ ਪਾਲ, ਮੋਹਨ ਸਿੰਘ, ਸੁਰੇਸ਼ ਕੁਮਾਰ, ਗੁਰਮੇਲ ਸਿੰਘ ਮੌਜੇਵਾਲ, ਨਵਇੰਦਰ ਨਵੀ ਨੇ ਭੁੱਖ ਹੜਤਾਲ ਦੀ ਅਗਵਾਈ ਕੀਤੀ।
ਸਾਂਝਾ ਫਰੰਟ ਦੇ ਆਗੂਆਂ ਨੇ ਨਾਅਰਿਆਂ ਦੀ ਗੂੰਜ ਵਿੱਚ ਤਨਖ਼ਾਹ ਕਮਿਸ਼ਨ ਦੀ ਰਿਪੋਰਟ, ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਪੈਨਸ਼ਨਰਾਂ ਦੇ ਠੰਢੇ ਬਸਤੇ ਵਿੱਚ ਪਏ ਸਾਰੇ ਮਸਲਿਆਂ ਨੂੰ ਹੱਲ ਕਰਨ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਅਤੇ ਹੁਕਮਰਾਨਾਂ ਦੇ ਝੂਠੇ ਲਾਰਿਆਂ ਵਿਰੁੱਧ ਮੁਲਾਜ਼ਮ ਘੋਲ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੀ ਮੋਦੀ ਸਰਕਾਰ ਦੇ ਫੈਸਲਿਆਂ ’ਤੇ ਚੱਲਦਿਆਂ ਨਿੱਤ ਨਵੇਂ ਰੀਸਟਰਕਚਰਿੰਗ ਦੇ ਨਾਂ ਹੇਠ ਹਜ਼ਾਰਾਂ ਅਸਾਮੀਆਂ ਖ਼ਤਮ ਕਰ ਰਹੀ ਹੈ। ਤਾਜ਼ਾ ਫੈਸਲੇ ਅਨੁਸਾਰ ਦਰਜਾ-4 ਮੁਲਾਜ਼ਮਾਂ, ਦਫ਼ਤਰੀ ਸਟਾਫ਼, ਅਧਿਆਪਕਾਂ ਅਤੇ ਟੈਕਨੀਕਲ ਮੁਲਾਜ਼ਮਾਂ ਦੀਆਂ ਅਸਾਮੀਆਂ ਖ਼ਤਮ ਕਰਨ ਨਾਲ ਸੂਬੇ ਭਰ ਵਿੱਚ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਭੁੱਖ ਹੜਤਾਲੀ ’ਤੇ ਬੈਠਣ ਵਾਲੇ ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਵਿੱਚ ਅਮਰਜੀਤ ਕੌਰ, ਗੁਲਜ਼ਾਰ ਸਿੰਘ, ਗਿਆਨ ਸਿੰਘ ਬਡਹੇੜੀ, ਹਨੂੰਮਾਨ ਪ੍ਰਸਾਦ, ਐਨ.ਕੇ.ਕਲਸੀ, ਗੁਰਮੇਲ ਸਿੰਘ ਗਰਚਾ, ਪ੍ਰੇਮ ਚੰਦ ਸ਼ਰਮਾ, ਜਗਤਾਰ ਸਿੰਘ ਬੈਨੀਪਾਲ, ਜਰਨੈਲ ਸਿੰਘ ਸਿੱਧੂ, ਹਰਕੇਸ਼ ਵਰਮਾ, ਚਰਨ ਸਿੰਘ ਲਖਣਪੁਰ, ਰਾਜਨ ਕੁਮਾਰ, ਮੂਲਰਾਜ ਸ਼ਰਮਾ, ਕੁਲਦੀਪ ਸਿੰਘ ਜਾਂਗਲਾ, ਸੁਰਿੰਦਰ ਸਿੰਘ, ਸੁਦਾਗਰ ਖਾਨ, ਸੁਰਿੰਦਰ ਸਿੰਘ, ਸ਼ਿਵੇਂਦਰ ਕੁਮਾਰ, ਬਲਬੀਰ ਸਿੰਘ, ਚਰਨ ਸਿੰਘ ਗੜ੍ਹੀ ਅਤੇ ਪ੍ਰੇਮ ਸਿੰਘ ਸ਼ਾਮਲ ਹਨ। ਸਾਂਝਾ ਫਰੰਟ ਦੇ ਫੈਸਲੇ ਅਨੁਸਾਰ ਅੱਜ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਮੂਹਿਕ ਭੁੱਖ ਹੜਤਾਲ ਕਰਕੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਜੇਕਰ 5 ਮਾਰਚ ਨੂੰ ਬਜਟ ਵਿੱਚ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਤਾਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਅਤੇ ਸੰਘਰਸ਼ ਨੂੰ ਹੋਰ ਤਿੱਖਾ ਤੇਜ਼ ਕਰਕੇ ਗੁਪਤ ਐਕਸ਼ਨ ਕਰਨ ਦਾ ਐਲਾਨ ਕੀਤਾ। ਮੁਲਾਜ਼ਮ ਆਗੂਆਂ ਨੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਨ ਦਾ ਐਲਾਨ ਵੀ ਕੀਤਾ।

Load More Related Articles
Load More By Nabaz-e-Punjab
Load More In Campaign

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…