ਝਿਊਰਹੇੜੀ ਮਾਮਲਾ: ਪੰਜਾਬ ਵਿਜੀਲੈਂਸ ਵੱਲੋਂ ਖਰੜ ਦਾ ਸਾਬਕਾ ਬੀਡੀਪੀਓ ਜਤਿੰਦਰ ਢਿੱਲੋਂ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਾਰਚ:
ਪੰਜਾਬ ਵਿਜੀਲੈਂਸ ਬਿਊਰੋ ਨੇ ਝਿਊਰਹੇੜੀ ਮਾਮਲੇ ਵਿੱਚ ਕੁਝ ਸਮਾਂ ਪਹਿਲਾਂ ਖਰੜ ਵਿੱਚ ਤਾਇਨਾਤ ਰਹੇ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ (ਮੁਅੱਤਲੀ ਅਧੀਨ) ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਡੀਐਸਪੀ ਤੇਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਵਿਜੀਲੈਂਸ ਨੂੰ ਅੱਜ ਗੁਪਤ ਸੂਚਨਾ ਮਿਲੀ ਸੀ ਕਿ ਬੀਡੀਪੀਓ ਜਤਿੰਦਰ ਢਿੱਲੋਂ ਸੈਕਟਰ-10, ਚੰਡੀਗੜ੍ਹ ਵਿੱਚ ਆਪਣੇ ਮਿੱਤਰਚਾਰੇ ਨਾਲ ਮੌਜੂਦ ਹੈ। ਸੂਚਨਾ ਮਿਲਦੇ ਹੀ ਵਿਜੀਲੈਂਸ ਦੇ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਟੀਮ ਨੇ ਛਾਪੇਮਾਰੀ ਕਰਕੇ ਬੀਡੀਪੀਓ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਬੀਡੀਪੀਓ ਨੂੰ ਭਲਕੇ 13 ਮਾਰਚ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਕੀ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੀ ਯਤਨ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋਂ ਵਧੀਕ ਡਿਪਟੀ ਕਮਿਸ਼ਨਰ ਗੁਰਵਿੰਦਰ ਸਿੰਘ ਸਰਾਓ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀਡੀਪੀਓ) ਮਾਲਵਿੰਦਰ ਸਿੰਘ ਸਿੱਧੂ ਅਤੇ ਪੰਚਾਇਤ ਸਕੱਤਰ ਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜੋ ਇਸ ਸਮੇਂ ਜੇਲ੍ਹ ਵਿੱਚ ਹਨ। ਮੁਲਜ਼ਮਾਂ ’ਤੇ ਪਿੰਡ ਝਿਊਰਹੇੜੀ ਪੰਚਾਇਤ ਦੇ ਨਾਮ ’ਤੇ ਵੱਖ-ਵੱਖ ਥਾਵਾਂ ’ਤੇ 25 ਏਕੜ ਤੋਂ ਵੱਧ ਜ਼ਮੀਨ ਖਰੀਦਣ ਵਿੱਚ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਕਰਨ ਦਾ ਦੋਸ਼। ਜਦੋਂ ਇਹ ਘਪਲਾ ਹੋਇਆ ਉਦੋਂ ਸਰਾਓ ਮੁਹਾਲੀ ਵਿੱਚ ਡੀਡੀਪੀਓ, ਮਾਲਵਿੰਦਰ ਸਿੰਘ ਅਤੇ ਜਤਿੰਦਰ ਢਿੱਲੋਂ ਖਰੜ ਵਿੱਚ ਬੀਡੀਪੀਓ ਅਤੇ ਰਵਿੰਦਰ ਸਿੰਘ ਪੰਚਾਇਤ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਰਹੇ ਹਨ।
ਡੀਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਲਈ ਗੰਢ-ਤੁਪ ਕਰਕੇ ਪਿੰਡ ਸਨੌਲੀ ਵਿੱਚ 3 ਅਪਰੈਲ 2017 ਨੂੰ 6700 ਵਰਗ ਗਜ਼ ਜ਼ਮੀਨ 10,11,70,000/- ਰੁਪਏ ਵਿੱਚ ਝਿਊਰਹੇੜੀ ਪੰਚਾਇਤ ਦੇ ਨਾਂ ’ਤੇ ਖਰੀਦੀ ਗਈ। ਜਿਸ ਵਿੱਚ ਡੇਢ ਕਰੋੜ ਰੁਪਏ ਦੀ ਘਪਲੇਬਾਜ਼ੀ ਸਾਹਮਣੇ ਆਈ ਹੈ। ਰਕਮ ਵੇਚਦਾਰਾਂ ਤੋਂ ਦਰਸ਼ਨ ਸਿੰਘ ਵਾਸੀ ਪਿੰਡ ਕੰਵਰਪੁਰ (ਉਕਸੀ ਜੱਟਾਂ) ਤਹਿਸੀਲ ਰਾਜਪੁਰਾ (ਜੋ ਝਿਊਰਹੇੜੀ ਦੇ ਸਰਪੰਚ ਗੁਰਪਾਲ ਸਿੰਘ ਦਾ ਸਾਢੂ ਹੈ) ਰਾਹੀਂ ਮੁਲਜ਼ਮ ਗੁਰਪਾਲ ਸਿੰਘ ਸਰਪੰਚ ਨੇ ਵਾਪਸ ਲੈ ਕੇ ਹੋਰਾਂ ਨਾਲ ਮਿਲ ਕੇ ਹੜੱਪੀ ਹੈ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…