nabaz-e-punjab.com

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗਮਾਡਾ ’ਚ ਫ਼ਰਜ਼ੀ ਢੰਗ ਨਾਲ ਮੁਆਵਜ਼ਾ ਲੈਣ ਦੇ ਵੱਡੇ ਘਪਲੇ ਦਾ ਪਰਦਾਫਾਸ਼

ਕਰੋੜਾਂ ਰੁਪਏ ਦਾ ਮੁਆਵਜ਼ਾ ਲੈਣ ਵਾਲੇ ਮਾਲ ਵਿਭਾਗ ਦੇ ਕਾਨੂੰਗੋਈ ਸਣੇ ਅੱਠ ਮੁਲਜ਼ਮ ਗ੍ਰਿਫ਼ਤਾਰ

ਬਾਗਬਾਨੀ ਵਿਭਾਗ ਦੇ ਸੱਤ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਵਿਜੀਲੈਂਸ ਦੇ ਨਿਸ਼ਾਨੇ ’ਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਈ:
ਪੰਜਾਬ ਵਿਜੀਲੈਂਸ ਬਿਊਰੋ ਨੇ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵਿੱਚ ਸਾਲ 2016 ਤੋਂ 2020 ਦਰਮਿਆਨ ਬਾਗਬਾਨੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ ਫ਼ਰਜ਼ੀ ਦਸਤਾਵੇਜ਼ਾਂ ਦੇ ਅਧਾਰ ’ਤੇ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਵਿੱਚ ਕਰੋੜਾਂ ਰੁਪਏ ਦਾ ਮੁਆਵਜ਼ਾ ਲੈਣ ਦੇ ਦੋਸ਼ ਵਿੱਚ ਮਾਲ ਵਿਭਾਗ ਦੇ ਕਾਨੂੰਗੋਈ ਸਮੇਤ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕਰੋੜਾਂ ਰੁਪਏ ਦੇ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ।
ਇਸ ਸਬੰਧੀ ਮੁਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਥਾਣੇ ਵਿੱਚ ਧਾਰਾ 409, 420, 465, 466, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ), 13 (2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਭੁਪਿੰਦਰ ਸਿੰਘ ਵਾਸੀ ਬਾਕਰਪੁਰ (ਮੁਹਾਲੀ) ਸਮੇਤ ਮੁਕੇਸ਼ ਜਿੰਦਲ, ਉਸ ਦੀ ਪਤਨੀ ਸ਼ਮਨ ਜਿੰਦਲ, ਪ੍ਰਵੀਨ ਲਤਾ ਪਤਨੀ ਚੰਚਲ ਕੁਮਾਰ ਜ੍ਰਿਦਲ, ਦੋਵੇਂ ਵਾਸੀ ਮਾਡਲ ਟਾਊਨ ਬਠਿੰਡਾ, ਵਿਸ਼ਾਲ ਭੰਡਾਰੀ ਵਾਸੀ ਸੈਕਟਰ-40-ਡੀ, ਚੰਡੀਗੜ੍ਹ, ਸੁਖਦੇਵ ਸਿੰਘ ਵਾਸੀ ਬਾਕਰਪੁਰ, ਬਿੰਦਰ ਸਿੰਘ ਵਾਸੀ ਸੈਕਟਰ-79, ਮੁਹਾਲੀ ਅਤੇ ਬਚਿੱਤਰ ਸਿੰਘ ਪਟਵਾਰੀ, ਮਾਲ ਹਲਕਾ ਬਾਕਰਪੁਰ (ਮੌਜੂਦਾ ਕਾਨੂੰਗੋ) ਮੁਹਾਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਬਾਗਬਾਨੀ ਵਿਭਾਗ ਦੇ ਕਰਮਚਾਰੀ ਜਸਪ੍ਰੀਤ ਸਿੰਘ, ਵੈਸ਼ਾਲੀ, ਦਿਨੇਸ਼ ਕੁਮਾਰ, ਰਸ਼ਮੀ ਅਰੋੜਾ, ਅਨਿਲ ਅਰੋੜਾ, ਵਿਸ਼ਾਲ ਭੰਡਾਰੀ ਵੀ ਵਿਜੀਲੈਂਸ ਦੇ ਨਿਸ਼ਾਨੇ ’ਤੇ ਹਨ। ਇਨ੍ਹਾਂ ਦੀ ਭਾਲ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਇੱਕ ਸ਼ਿਕਾਇਤ ਦੀ ਮੁੱਢਲੀ ਜਾਂਚ ਦੌਰਾਨ ਪਾਇਆ ਕਿ ਸਾਲ 2016 ਵਿੱਚ ਗਮਾਡਾ ਨੇ ਮੁਹਾਲੀ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਜ਼ਮੀਨ ਐਕਵਾਇਰ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਅਤੇ ਸਾਲ 2017 ਵਿੱਚ ਧਾਰਾ 4 ਅਤੇ 2020 ਵਿੱਚ ਧਾਰਾ 19 ਅਧੀਨ ਨੋਟੀਫ਼ਿਕੇਸ਼ਨ ਜਾਰੀ ਕੀਤੇ ਸਨ। ਪਿੰਡ ਬਾਕਰਪੁਰ ਦੇ ਵਸਨੀਕ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਨੇ ਗਮਾਡਾ, ਮਾਲ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲ ਕੇ ਆਪਣੇ ਹੋਰ ਸਾਥੀਆਂ ਅਨਿਲ ਜਿੰਦਲ, ਮੁਕੇਸ਼ ਜਿੰਦਲ, ਵਿਕਾਸ ਭੰਡਾਰੀ ਨਾਲ ਮਿਲ ਕੇ ਵਾਹੀਯੋਗ ਜ਼ਮੀਨ ਦੇ ਪਟੇਨਾਮੇ/ਮੁਖ਼ਤਿਆਰਨਾਮਾ ਲੈ ਕੇ ਅਮਰੂਦਾਂ ਦੇ ਬਾਗ ਲਗਾਏ ਗਏ। ਉਕਤ ਵਿਅਕਤੀਆਂ ਨੇ ਪਟਵਾਰੀ ਬਚਿੱਤਰ ਸਿੰਘ ਦੀ ਮਿਲੀਭੁਗਤ ਨਾਲ ਸਾਲ 2019 ਵਿੱਚ ਜਾਅਲੀ ਗਿਰਦਾਵਰੀ ਰਜਿਸਟਰ ਤਿਆਰ ਕਰਵਾਇਆ, ਜਿਸ ਵਿੱਚ ਉਸਨੇ 2016 ਤੋਂ ਆਪਣੀ ਜ਼ਮੀਨ ਵਿੱਚ ਅਮਰੂਦ ਦੇ ਬਾਗਾਂ ਦੇ ਮਾਲਕ ਦੱਸ ਕੇ ਗਲਤ ਤਰੀਕੇ ਨਾਲ ਕਰੋੜਾਂ ਰੁਪਏ ਦਾ ਮੁਆਵਜ਼ਾ ਹਾਸਲ ਕੀਤਾ ਗਿਆ।
ਵਿਜੀਲੈਂਸ ਅਨੁਸਾਰ ਡੂੰਘਾਈ ਨਾਲ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਭੁਪਿੰਦਰ ਸਿੰਘ ਨੇ ਖ਼ੁਦ ਅਤੇ ਆਪਣੇ ਪਰਿਵਾਰਕ ਮੈਂਬਰਾਂ ਲਈ ਇਸੇ ਅਮਰੂਦਾਂ ਦੇ ਬਾਗ ਲਈ ਲਗਪਗ 24 ਕਰੋੜ ਰੁਪਏ ਦਾ ਮੁਆਵਜ਼ਾ ਲਿਆ। ਇੰਜ ਹੀ ਬਠਿੰਡਾ ਦੇ ਵਸਨੀਕ ਮੁਕੇਸ਼ ਜਿੰਦਲ ਨੇ ਅਮਰੂਦਾਂ ਦੇ ਬਾਗ ਲਈ ਕਰੀਬ 20 ਕਰੋੜ ਰੁਪਏ ਦਾ ਮੁਆਵਜ਼ਾ ਲੈ ਕੇ ਸਰਕਾਰ ਨਾਲ ਧੋਖਾਧੜੀ ਕੀਤੀ ਹੈ। ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਕਈ ਹੋਰ ਵਿਅਕਤੀਆਂ ਨੇ ਵੀ ਆਪਣੀ ਜ਼ਮੀਨ ਵਿੱਚ ਅਮਰੂਦਾਂ ਦੇ ਬਾਗ ਦਿਖਾ ਕੇ ਸਰਕਾਰ ਤੋਂ ਕਰੋੜਾਂ ਰੁਪਏ ਦਾ ਮੁਆਵਜ਼ਾ ਲਿਆ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …