
ਪੰਜਾਬ ਵਿਜੀਲੈਂਸ ਬਿਊਰੋ ਨੇ ਮੁਹਾਲੀ ਏਅਰਪੋਰਟ ਦੀ ਸੜਕ ਦਾ ਕੀਤਾ ਅਚਾਨਕ ਨਿਰੀਖਣ
ਸੜਕ ਦੇ ਨਿਰਮਾਣ ਵਿੱਚ ਵਰਤੀ ਗਈ ਘਟੀਆ ਸਮੱਗਰੀ ਕਰਦੀ ਹੈ ਬੇਨਿਯਮੀਆਂ ਦੀ ਪੁਸ਼ਟੀ: ਬੀ.ਕੇ. ਉੱਪਲ
ਸੀਨੀਅਰ ਉਸਾਰੀ ਇੰਜਨੀਅਰਾਂ ਤੇ ਕੇਂਦਰੀ ਏਜੰਸੀ ਦੇ ਮਾਹਰਾਂ ਨੇ 200 ਫੁੱਟ ਚੌੜੀ ਸੜਕ ਦੀ ਜਾਂਚ ਲਈ ਨਮੂਨੇ ਲਏ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਸਤੰਬਰ:
ਪੰਜਾਬ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਨੇ ਅੱਜ ਸੜਕ ਨਿਰਮਾਣ ਇੰਜੀਨੀਅਰਾਂ ਸਮੇਤ ਮੁਹਾਲੀ ਵਿੱਚ ਹਵਾਈ ਅੱਡੇ ਨੂੰ ਜੋੜਦੀ ਬੇਹੱਦ ਖਰਾਬ ਹਾਲਤ ਵਾਲੀ ਸੜਕ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਇਹ ਪਾਇਆ ਕਿ 200 ਫੁੱਟ ਸੜਕ ਦੇ ਨਿਰਮਾਣ ਦੌਰਾਨ ਨਿਰਧਾਰਿਤ ਮਿਆਰਾਂ ਅਤੇ ਸਮੱਗਰੀ ਦੀ ਵਰਤੋਂ ਨਹੀਂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਵਾਈ ਅੱਡੇ ਨੂੰ ਜਾਂਦੀ ਹਾਲ ਹੀ ਵਿੱਚ ਬਣੀ ਇਸ ਸੜਕ ਦੀ ਮੰਦਹਾਲੀ ਸਬੰਧੀ ਮਿਲੀਆਂ ਸ਼ਿਕਾਇਤਾਂ ਦੇ ਅਧਾਰ ’ਤੇ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਬੀ.ਕੇ. ਉੱਪਲ ਨੇ ਲੋਕ ਨਿਰਮਾਣ ਭਵਨ, ਗਮਾਡਾ, ਵਿਜੀਲੈਂਸ ਦੀ ਤਕਨੀਕੀ ਟੀਮ ਅਤੇ ਕੇਂਦਰੀ ਸੜਕ ਖੋਜ ਸੰਸਥਾ (ਸੀ.ਆਰ.ਆਰ.ਆਈ) ਦੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਆਇਨਾ ਕੀਤਾ। ਜਿਸ ਦੌਰਾਨ ਸੜਕ ਦੀ ਸੈਂਪਲਿੰਗ ਲਈ ਜੇਸੀਬੀ ਮਸ਼ੀਨਾਂ ਰਾਹੀਂ ਸੜਕ ’ਤੇ ਦੋ ਥਾਵਾਂ ’ਤੇ ਖੁਦਾਈ ਕੀਤੀ ਅਤੇ ਇੱਕ ਥਾਂ ’ਤੇ ਨਮੂਨਾ ਮਸ਼ੀਨ ਦੀ ਮਦਦ ਨਾਲ ਵਿਸ਼ੇਸ਼ ਜਾਂਚ ਕੀਤੀ ਗਈ। ਇਸ ਵਿਸ਼ੇਸ਼ ਮੁਆਇਨੇ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਸੜਕ ਨੂੰ ਮੌਜੂਦਾ ਜ਼ਮੀਨ ਅਤੇ ਭਾਰੀ ਆਵਾਜਾਈ ਦੇ ਮੁਤਾਬਕ ਡਿਜਾਈਨ ਨਹੀਂ ਕੀਤਾ ਗਿਆ, ਘਟੀਆ ਜਾਂ ਘੱਟ ਮਿਆਰੀ ਨਿਰਮਾਣ ਸਮੱਗਰੀ ਵਰਤਣ ਤੋਂ ਇਲਾਵਾ ਡੀਪੀਆਰ ਦੇ ਨਾਲ-ਨਾਲ ਠੇਕੇ ਵਿੱਚ ਦਰਜ ਮੱਦਾਂ ਦੀ ਅਣਦੇਖੀ ਕੀਤੀ ਗਈ ਪਾਈ ਗਈ।
ਸ਼੍ਰੀ ਉੱਪਲ ਨੇ ਦੱਸਿਆ ਕਿ ਗਮਾਡਾ ਨੂੰ ਸੀ.ਆਰ.ਆਰ.ਆਈ ਪਹਿਲਾਂ ਹੀ ਇਸ ਸੜਕ ਦੇ ਨਮੂਨਿਆਂ ਬਾਰੇ ਰਿਪੋਰਟ ਦੇ ਚੁੱਕੀ ਹੈ। ਉਨ੍ਹਾਂ ਨੇ ਜਾਂਚ ਰਿਪੋਰਟ ਦੀ ਮੁੜ ਪੁਸ਼ਟੀ ਲਈ ਵਿਜੀਲੈਂਸ ਬਿਊਰੋ ਦੀ ਤਕਨੀਕੀ ਟੀਮ, ਲੋਕ ਨਿਰਮਾਣ ਇੰਜੀਨੀਅਰਾਂ, ਗਮਾਡਾ ਅਤੇ ਸੀ.ਆਰ.ਆਰ.ਆਈ. ਦੇ ਮਾਹਿਰਾਂ ਨੂੰ ਇਸ ਮੰਦੀ ਹਾਲਾਤ ਵਾਲੀ ਸੜਕ ਦੇ ਹੋਰ ਨਮੂਨੇ ਲੈਣ ਲਈ ਕਿਹਾ ਹੈ ਤਾਂ ਜੋ ਵਿਜੀਲੈਂਸ ਵੱਲੋਂ ਪੂਰੀ ਸਮੀਖਿਆ ਕੀਤੀ ਜਾ ਸਕੇ।
ਵਿਜੀਲੈਂਸ ਮੁੱਖੀ ਨੇ ਕਿਹਾ ਕਿ ਸੀ.ਆਰ.ਆਰ.ਆਈ ਦੀ ਅੰਤਿਮ ਰਿਪੋਰਟ ਦੇ ਆਧਾਰ ’ਤੇ ਇਸ ਸੜਕ ਦੇ ਮਾੜੇ ਨਿਰਮਾਣ ਲਈ ਦੋਸ਼ੀ ਪਾਏ ਗਏ ਅਫਸਰਾਂ ਅਤੇ ਠੇਕੇਦਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਤਾਜ਼ਾ ਨਮੂਨਿਆਂ ਲਈ ਸੜਕ ਦੀ ਖੁਦਾਈ ਕਰਨ ਤੋਂ ਬਾਅਦ ਮੌਕੇ ’ਤੇ ਮੌਜੂਦ ਸੀਨੀਅਰ ਸੜਕ ਨਿਰਮਾਣ ਇੰਜੀਨੀਅਰਾਂ ਨੇ ਇਹ ਪੁਸ਼ਟੀ ਕੀਤੀ ਹੈ ਕਿ ਇਸ ਸੜਕ ਦੀ ਉਸਾਰੀ ਵਿੱਚ ਕਈ ਬੇਨਿਯਮੀਆਂ ਵਰਤੀਆਂ ਗਈਆਂ ਹਨ। ਜਿਸ ਕਾਰਨ ਥੋੜ੍ਹੇ ਸਮੇਂ ਵਿਚ ਹੀ ਸੜਕ ਨੂੰ ਨੁਕਸਾਨ ਪਹੁੰਚਿਆ ਹੈ। ਇਸ ਮੌਕੇ ਅਧਿਕਾਰੀਆਂ ਵਿੱਚ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਜੀ. ਨਗੇਸ਼ਵਾਰਾ ਰਾਓ, ਆਈ.ਜੀ/ਈ.ਓ.ਡਬਲਿਊ ਸ਼ਿਵ ਕੁਮਾਰ ਵਰਮਾ ਅਤੇ ਪੀ.ਡਬਲਯੂ.ਡੀ., ਗਮਾਡਾ ਅਤੇ ਸੀ.ਆਰ.ਆਰ.ਆਈ ਦੇ ਸੀਨੀਅਰ ਇੰਜੀਨੀਅਰ ਵੀ ਸ਼ਾਮਲ ਸਨ।