
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਦੀ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 21 ਅਕਤੂਬਰ:
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੁਲਿਸ ਚੌਂਕੀ ਸ਼ੰਕਰ, ਥਾਣਾ ਸਦਰ ਨਕੋਦਰ ਜਿਲਾ ਜਲੰਧਰ ਵਿਖੇ ਤਾਇਨਾਤ ਏਐਸਆਈ ਸੰਤਾ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏਐਸਆਈ ਨੂੰ ਸ਼ਿਕਾਇਤਕਰਤਾ ਕੁਲਜੀਤ ਸਿੰਘ ਦੀ ਸ਼ਿਕਾਇਤ ‘ਤੇ ਫ਼ੜਿਆ ਹੈ ਜੋ ਕਿ ਨਕੋਦਰ ਵਿਖੇ ਗੈਸ ਏਜੰਸੀ ਵਿਖੇ ਕੰਮ ਕਰਦਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਇਕ ਪੁਲਿਸ ਕੇਸ ਵਿਚ ਉਸ ਨੂੰ ਸ਼ਾਮਲ ਨਾ ਕਰਨ ਬਦਲੇ ਉਕਤ ਏਐਸਆਈ ਵਲੋਂ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤਰਕਤਾ ਨੇ ਅੱਗੇ ਦੱਸਿਆ ਕਿ ਉਹ ਮੁਲਜ਼ਮ ਏਐਸਆਈ ਨੂੰ ਪਹਿਲਾਂ ਹੀ 5,000 ਰੁਪਏ ਪਹਿਲੀ ਕਿਸ਼ਤ ਵਜੋਂ ਦੇ ਚੁੱਕਾ ਹੈ।
ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਏਐਸਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਦੂਜੀ ਕਿਸ਼ਤ ਦੇ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਦਬੋਚ ਲਿਆ। ਉਨਾਂ ਦੱਸਿਆ ਕਿ ਦੋਸ਼ੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।