
ਪੰਜਾਬ ਵਿਜੀਲੈਂਸ ਵੱਲੋਂ ਸਾਬਕਾ ਮੁੱਖ ਮੰਤਰੀ ਚੰਨੀ ਤੋਂ ਤਿੰਨ ਘੰਟੇ ਪੁੱਛਗਿੱਛ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਰ੍ਹਦੇ ਮੀਂਹ ਵਿੱਚ ਵਿਜੀਲੈਂਸ ਕੋਲ ਹੋਏ ਪੇਸ਼
ਨਬਜ਼-ਏ-ਪੰਜਾਬ, ਮੁਹਾਲੀ, 5 ਜੁਲਾਈ:
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੁੱਧਵਾਰ ਨੂੰ ਵਰ੍ਹਦੇ ਮੀਂਹ ਵਿੱਚ ਤੀਜੀ ਵਾਰ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਏ। ਉਹ ਅੱਜ ਸਵੇਰੇ ਕਰੀਬ ਸਾਢੇ 11 ਵਜੇ ਵਿਜੀਲੈਂਸ ਭਵਨ ਪਹੁੰਚ ਗਏ ਸੀ। ਜਿੱਥੇ ਉਨ੍ਹਾਂ ਕੋਲੋਂ ਕਰੀਬ ਤਿੰਨ ਘੰਟੇ ਪੁੱਛਗਿੱਛ ਕੀਤੀ ਗਈ। ਪੰਜਾਬ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਚਰਨਜੀਤ ਚੰਨੀ ਆਪ ਸਰਕਾਰ ਦੇ ਰਾਡਾਰ ’ਤੇ ਹਨ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਨੇ ਮੁਹਾਲੀ ਅਤੇ ਰੂਪਨਗਰ ਜ਼ਿਲ੍ਹਿਆਂ ਵਿਚਲੀਆਂ ਜਾਇਦਾਦਾਂ ਸਮੇਤ ਗੋਆ ਸਥਿਤ ਇੱਕ ਬਹੁਚਰਚਿਤ ਰਿਜ਼ੌਰਟ ਬਾਰੇ ਵੀ ਚੰਨੀ ਨੂੰ ਸੁਆਲ ਜੁਆਬ ਕੀਤੇ ਗਏ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਬਜਟ ਸੈਸ਼ਨ ਦੌਰਾਨ ਹਾਊਸ ਵਿੱਚ ਇਹ ਗੱਲ ਆਖ ਚੁੱਕੇ ਹਨ ਸੀ ਕਿ ਪੰਜਾਬ ਦੇ ਕਈ ਸਾਬਕਾ ਕਾਂਗਰਸੀ ਮੰਤਰੀਆਂ ਅਤੇ ਭਾਜਪਾ ਆਗੂਆਂ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਫੜ ਕੇ ਜੇਲ੍ਹ ਵਿੱਚ ਡੱਕਿਆ ਜਾ ਚੁੱਕਾ ਹੈ ਅਤੇ ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਵਾਰੀ ਹੈ। ਉਨ੍ਹਾਂ ਨੂੰ ਵੀ ਫੜ ਕੇ ਹਵਾਲਾਤ ਵਿੱਚ ਬੰਦ ਕੀਤਾ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਚੰਨੀ ਦੇ ਭਾਣਜੇ ਨੂੰ ਢਾਲ ਬਣਾ ਕੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਸੰਗਲ ਨਾਲ ਨੂੜਨ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਉਸ ਮਾਮਲੇ ਵਿੱਚ ਹੁਣ ਤੱਕ ਸਰਕਾਰ ਚੰਨੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਸਕੀ।
ਜਾਣਕਾਰੀ ਅਨੁਸਾਰ ਚਰਨਜੀਤ ਚੰਨੀ ਨੇ ਕਾਫ਼ੀ ਸਮੇਂ ਤੋਂ ਰੀਅਲ ਅਸਟੇਟ ਦਾ ਕਾਰੋਬਾਰ ਕਰਦੇ ਆ ਰਹੇ ਹਨ। ਉਨ੍ਹਾਂ ਨੇ ਖਰੜ ਵਿੱਚ ਕਾਲੋਨੀ ਵੀ ਕੱਟੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਿਆਸਤ ਵਿੱਚ ਪੱਕੇ ਪੈਰ ਜਮ੍ਹਾ ਲਏ। ਖਰੜ ਨਗਰ ਕੌਂਸਲ ਦੇ ਪ੍ਰਧਾਨ ਬਣਨ ਤੋਂ ਬਾਅਦ ਉਹ ਚਮਕੌਰ ਸਾਹਿਬ ਤੋਂ ਵਿਧਾਇਕ ਬਣੇ ਅਤੇ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰਕੇ ਚਰਨਜੀਤ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਸੀ। ਲੇਕਿਨ ਹੁਣ ਪੰਜਾਬ ਦੀ ਆਪ ਸਰਕਾਰ ਨੇ ਚੰਨੀ ਦੇ ਪੈਰਾਂ ਵਿੱਚ ਕਾਨੂੰਨ ਦੀਆਂ ਬੇੜੀਆਂ ਪਾਉਣ ਲਈ ਸ਼ਿਕੰਜਾ ਕੱਸ ਦਿੱਤਾ ਹੈ।
ਉਧਰ, ਪੁੱਛਗਿੱਛ ਤੋਂ ਬਾਅਦ ਵਿਜੀਲੈਂਸ ਭਵਨ ਦੇ ਬਾਹਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਆਪਣੀ ਤਮਾਮ ਜਾਇਦਾਦਾਂ ਦਾ ਬਿਉਰਾ ਵਿਜੀਲੈਂਸ ਨੂੰ ਸੌਂਪ ਦਿੱਤਾ ਹੈ। ਇਸ ਤੋਂ ਇਲਾਵਾ ਜੇਕਰ ਵਿਜੀਲੈਂਸ ਜਾਂਚ ਦੌਰਾਨ ਉਸ ਦੀ ਕੋਈ ਹੋਰ ਜਾਇਦਾਦ ਦਾ ਖ਼ੁਲਾਸਾ ਕਰਦੀ ਹੈ ਤਾਂ ਉਹ ਖ਼ੁਦ ਸਬੰਧਤ ਜ਼ਮੀਨ\ਜਾਇਦਾਦ ਪੰਜਾਬ ਸਰਕਾਰ ਦੇ ਨਾਮ ਕਰਵਾ ਦੇਣਗੇ।
ਸ੍ਰੀ ਚੰਨੀ ਨੇ ਵਿਜੀਲੈਂਸ ਕਾਰਵਾਈ ਨੂੰ ਮਹਿਜ਼ ਸਿਆਸੀ ਬਦਲਾਖੋਰੀ ਦੱਸਦਿਆਂ ਕਿਹਾ ਕਿ ਜਾਂਚ ਦੀ ਆੜ ਵਿੱਚ ਤੰਗ ਪ੍ਰੇਸ਼ਾਨ ਕਰਨ ਨਾਲੋਂ ਸਰਕਾਰ ਨੂੰ ਗੋਲੀ ਹੀ ਮਾਰ ਦੇਵੇ ਤਾਂ ਸ਼ਾਇਦ ਹੁਕਮਰਾਨਾਂ ਨੂੰ ਸਕੂਨ ਮਿਲ ਸਕੇ। ਉਨ੍ਹਾਂ ਕਿਹਾ ਕਿ ਵਿਜੀਲੈਂਸ ਰਾਹੀਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਸਾਬਕਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਫਾਰਮ ਹਾਊਸ ਦੀ ਪੈਮਾਇਸ਼ ਬਾਰੇ ਪੁੱਛੇ ਜਾਣ ’ਤੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਅਤੇ ਪਬਲਿਕ ਦੀਆਂ ਨਜ਼ਰਾਂ ਵਿੱਚ ਚੰਗਾ ਬਣਨ ਲਈ ਵਿਰੋਧੀਆਂ ਨੂੰ ਬਿਨਾਂ ਵਜ੍ਹਾ ਤੰਗ ਪੇ੍ਰਸ਼ਾਨ ਕੀਤਾ ਜਾ ਰਿਹਾ ਹੈ। ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸ ਦਿਨ ਤੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।