ਯੂਨੈਸਕੋ ਤੇ ਪੁਰਾਤਤਵ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਨੂੰ ਵਿਰਾਸਤੀ ਸੈਰ ਸਪਾਟਾ ਦਾ ਕੇਂਦਰ ਬਣਾਇਆ ਜਾਵੇਗਾ: ਸਿੱਧੂ

ਪੰਜਾਬ ਦੀ ਆਰਥਿਕਤਾ ਨੂੰ ਸੈਰ ਸਪਾਟਾ ਜ਼ਰੀਏ ਹੁਲਾਰਾ ਦੇਣ ਲਈ ਵਿਆਪਕ ਯੋਜਨਾ ਬਣਾਉਣ ਦਾ ਖਾਕਾ ਉਲੀਕਣ ਦੇ ਨਿਰਦੇਸ਼

ਵੈਬ ਟੀ.ਵੀ. ਰਾਹੀਂ ਪੰਜਾਬ ਦੀ ਅਮੀਰ ਵਿਰਾਸਤ ਤੇ ਸੱਭਿਆਚਾਰ ਨਾਲ ਨੌਜਵਾਨਾਂ ਨੂੰ ਜੋੜਿਆ ਜਾਵੇਗਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 5 ਮਈ:
ਪੰਜਾਬ ਨੂੰ ਸੈਰ ਸਪਾਟਾ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਅਤੇ ਸੂਬੇ ਦੀ ਅਮੀਰ ਵਿਰਾਸਤ ਤੇ ਸੱਭਿਆਚਾਰ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਨ ਦੇ ਮਕਸਦ ਲਈ ਇਕ ਵਿਆਪਕ ਯੋਜਨਾ ਉਲੀਕੀ ਜਾ ਰਹੀ ਹੈ ਜਿਸ ਨੂੰ ਅਮਲੀ ਜਾਮਾ ਪਹਿਣਾਉਣ ਲਈ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਵਿਭਾਗ ਦੀ ਉਚ ਪੱਧਰੀ ਮੀਟਿੰਗ ਕੀਤੀ। ਇਥੋਂ ਦੇ ਸੈਕਟਰ-38 ਸਥਿਤ ਸੱਭਿਆਚਾਰ ਵਿਭਾਗ ਦੇ ਦਫਤਰ ਵਿਖੇ ਹੋਈ ਇਸ ਮੀਟਿੰਗ ਵਿੱਚ ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕਈ ਵਿਰਾਸਤੀ ਥਾਵਾਂ ਹਨ ਜਿਹੜੀਆਂ ਵਿਸ਼ਵ ਵਿਰਾਸਤੀ ਸਥਾਨਾਂ ਵਿੱਚ ਸ਼ਾਮਲ ਹੋਣ ਦੀ ਸਮਰੱਥਾ ਰੱਖਦੀਆਂ ਹਨ ਜਿਨ੍ਹਾਂ ਨੂੰ ਵਿਸ਼ਵ ਵਿਰਾਸਤੀ ਸਥਾਨਾਂ ਵਿੱਚ ਸ਼ਾਮਲ ਕਰਵਾਉਣ ਲਈ ਯੂਨੈਸਕੋ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਰਾਤਤਵ ਵਿਭਾਗ ਨਾਲ ਤਾਲਮੇਲ ਸਥਾਪਤ ਕਰ ਕੇ ਉਨ੍ਹਾਂ ਅਧੀਨ ਆਉਂਦੀਆਂ ਪੰਜਾਬ ਦੀਆਂ ਵਿਰਾਸਤੀ ਥਾਵਾਂ ਨੂੰ ਵੀ ਸੈਰ ਸਪਾਟਾ ਕੇਂਦਰ ਵਜੋਂ ਉਭਾਰਿਆ ਜਾਵੇਗਾ।
ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਦਾ ਅਮੀਰ ਸੱਭਿਆਚਾਰ ਤੇ ਵਿਰਸਾ ਹੈ ਅਤੇ ਇਥੋਂ ਦੀਆਂ ਧਾਰਮਿਕ ਦੇ ਅਸਥਾਨਾਂ ਦੇ ਦਰਸ਼ਨ ਕਰਨ ਲਈ ਪੂਰੀ ਦੁਨੀਆਂ ਤੋਂ ਸ਼ਰਧਾਲੂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਅੰਦਰ ਦੁਨੀਆਂ ਦੇ ਸੈਰ ਸਪਾਟਾ ਸਥਾਨਾਂ ਵਿੱਚ ਆਉਣ ਦੀ ਸਮਰੱਥਾ ਹੈ ਅਤੇ ਇਸੇ ਨੂੰ ਤਲਾਸ਼ ਕਰ ਕੇ ਪੰਜਾਬ ਨੂੰ ਸੈਰ ਸਪਾਟਾ ਕੇਂਦਰ ਵਜੋਂ ਉਭਾਰਿਆ ਜਾਵੇਗਾ ਜਿਸ ਨਾਲ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਇਸ ਦੇ ਨਾਲ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਪੰਜਾਬ ਅੰਦਰ ਸਥਿਤ ਵਿਰਾਸਤੀ ਥਾਵਾਂ ਦੀ ਅਸਲ ਦਿੱਖ ਜਿਉਂ ਦੀ ਤਿਉਂ ਰੱਖੀ ਜਾਵੇ ਅਤੇ ਇਨ੍ਹਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਇੰਟਰਨੈਟ ਦੇ ਬਹੁਤ ਪ੍ਰਭਾਵ ਹੇਠ ਹੈ ਅਤੇ ਇਸ ਲਈ ਵੈਬ ਟੀ.ਵੀ. ਜ਼ਰੀਏ ਨੌਜਵਾਨਾਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਤੇ ਵਿਰਾਸਤ ਨਾਲ ਜੋੜਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਰੋਜ਼ਾਨਾ ਸਵਾ ਲੱਖ ਸੈਲਾਨੀ ਆਉਂਦੇ ਹਨ ਜਿਹੜੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਕੇ ਉਸੇ ਦਿਨ ਵਾਪਸ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਕੱਲੇ ਅੰਮ੍ਰਿਤਸਰ ਵਿਖੇ ਦੁਰਗਿਆਣਾ ਮੰਦਿਰ, ਜਲਿਆ ਵਾਲਾ ਬਾਗ, ਵਾਰ ਮੈਮੋਰੀਅਲ, ਵਾਹਗਾ-ਅਟਾਰੀ ਸਰਹੱਦ, ਗੋਬਿੰਦਗੜ੍ਹ ਕਿਲਾ, ਭਗਵਾਨ ਵਾਲਮੀਕ ਤੀਰਥ ਸਥਲ ਸਮੇਤ ਹੋਰ ਕਈ ਥਾਵਾਂ ਸੈਰ ਸਪਾਟਾ ਦੇ ਪੱਖ ਤੋਂ ਮਹੱਤਵ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੰਜਾਬ ਦੀ ਸੈਰ ਸਪਾਟਾ ਦਾ ਮੁੱਖ ਧੁਰਾ ਬਣ ਸਕਦਾ ਹੈ ਜਿੱਥੇ ਰੋਜ਼ਾਨਾ ਆਉਣ ਵਾਲੇ ਸੈਲਾਨੀਆਂ ਨੂੰ ਸਹੂਲਤਾਂ ਦੇ ਕੇ ਇਸ ਗਿਣਤੀ ਨੂੰ ਹੋਰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਘਰੇਲੂ ਹਵਾਈ ਅੱਡਿਆ ਰਾਹੀਂ ਸੈਰ ਸਪਾਟਾ ਹੋਰ ਉਤਸ਼ਾਹਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਠਾਨਕੋਟ ਹਵਾਈ ਅੱਡਾ ਚਾਲੂ ਕੀਤਾ ਜਾਵੇ ਤਾਂ ਰਣਜੀਤ ਸਾਗਰ ਡੈਮ ਦਾ ਇਲਾਕਾ ਐਡਵੈਂਚਰ ਸਪੋਰਟਸ ਵਜੋਂ ਵਿਕਸਤ ਹੋ ਸਕਦਾ ਹੈ ਜਿੱਥੇ ਗੋਆ ਵਾਂਗ ਦੂਰ-ਦੁਰਾਡਿਆਂ ਤੋਂ ਸੈਲਾਨੀ ਆਉਣਗੇ। ਸ੍ਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਅੰਦਰ ਸਿੱਖ ਧਰਮ ਦੇ ਤਿੰਨ ਤਖਤ ਸਾਹਿਬਾਨ ਅਤੇ ਹੋਰ ਧਾਰਮਿਕ ਸਥਾਨ ਹਨ ਜਿਨ੍ਹਾਂ ਨੂੰ ਇਕ ਸਰਕਟ ਨਾਲ ਜੋੜ ਕੇ ਸ਼ਰਧਾਲੂਆਂ ਦੀ ਆਮਦ ਵਧਾਈ ਜਾ ਸਕਦੀ ਹੈ। ਇਸੇ ਤਰ੍ਹਾਂ ਪੰਜਾਬ ਅੰਦਰ ਕਈ ਇਤਿਹਾਸਕ ਕਿਲ੍ਹੇ, ਸਰਾਵਾਂ, ਯਾਦਗਾਰਾਂ ਅਤੇ ਇਤਿਹਾਸਕ ਸਥਾਨ ਹਨ ਜਿਨ੍ਹਾਂ ਦੇ ਸਰਕਟ ਬਣਾ ਕੇ ਸੈਲਾਨੀਆਂ ਲਈ ਟੂਰ ਪ੍ਰੋਗਰਾਮ ਉਲੀਕੇ ਜਾ ਸਕਦੇ ਹਨ। ਇਸੇ ਤਰ੍ਹਾਂ ਫਿਲਮੀ ਸਿਟੀ ਬਣਾ ਕੇ ਫਿਲਮੀ ਸੈਰ ਸਪਾਟਾ ਨੂੰ ਹੁਲਾਰਾ ਦੇਣ ’ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਵਿਭਾਗ ਨੂੰ ਇਸ ਦਿਸ਼ਾ ਵਿੱਚ ਕੰਮ ਕਰਨ ਨੂੰ ਕਿਹਾ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਪੰਜਾਬ ਅੰਦਰ ਬਣੀਆ ਯਾਦਗਾਰਾਂ ਨੂੰ ਆਰਥਿਕ ਆਤਮ-ਨਿਰਭਰ ਬਣਾਉਣ ਲਈ ਆਮਦਨ ਦੇ ਵਸੀਲੇ ਪੈਦਾ ਕੀਤੇ ਜਾਣ ਤਾਂ ਜੋ ਇਨ੍ਹਾਂ ਯਾਦਗਾਰਾਂ ਦੀ ਸਾਂਭ-ਸੰਭਾਲ ਹੁੰਦੀ ਰਹੇ। ਸ੍ਰੀ ਸਿੱਧੂ ਨੇ ਪੰਜਾਬ ਦੇ ਲੋਕ ਸੰਗੀਤ, ਸਾਜ਼ਾਂ, ਰਵਾਇਤੀ ਮੇਲੇ-ਤਿਉਹਾਰ ਅਤੇ ਕਰਾਫਟ ਦੀਆਂ ਵਸਤਾਂ ਜ਼ਰੀਏ ਵੀ ਸੈਰ ਸਪਾਟਾ ਨੂੰ ਹੁਲਾਰਾ ਦੇਣ ’ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਸੱਭਿਆਚਾਰ ਨੀਤੀ ਲੈ ਕੇ ਆ ਰਹੀ ਹੈ ਜਿਸ ਜ਼ਰੀਏ ਸੈਰ ਸਪਾਟਾ ਹੋਰ ਪ੍ਰਫੁੱਲਤ ਹੋਵੇਗਾ। ਮੀਟਿੰਗ ਵਿੱਚ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਜਸਪਾਲ ਸਿੰਘ, ਡਾਇਰੈਕਟਰ ਡਾ.ਨਵਜੋਤ ਪਾਲ ਸਿੰਘ ਰੰਧਾਵਾ, ਡਾ.ਅਮਰ ਸਿੰਘ ਸਮੇਤ ਵਿਭਾਗ ਦੇ ਵੱਖ-ਵੱਖ ਵਿੰਗਾਂ ਨਾਲ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…