ਪੰਜਾਬ ਦੇਸ਼ ਦੇ ਉਦਯੋਗਿਕ ਹੱਬ ਵਜੋਂ ਉੱਭਰੇਗਾ: ਉਦਯੋਗ ਮੰਤਰੀ ਗੁਰਕੀਰਤ ਸਿੰਘ

ਵੱਡੇ ਉਦਯੋਗਿਕ ਘਰਾਣੇ ਸੂਬੇ ਵਿੱਚ ਜਲਦ ਸਥਾਪਤ ਕਰਨਗੇ ਆਪਣੇ ਉੱਦਮ: ਗੁਰਕੀਰਤ ਸਿੰਘ

ਉਦਯੋਗਪਤੀਆਂ ਦੀਆਂ ਸਾਰੀਆਂ ਜਾਇਜ਼ ਮੰਗਾਂ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਦਾ ਦਿੱਤਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਦਸੰਬਰ:
ਖੇਤੀ ਪ੍ਰਧਾਨ ਸੂਬੇ ਨੂੰ ਵਿਕਾਸ ਦੀ ਲੀਹ `ਤੇ ਲਿਆਉਣ ਲਈ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਗੁਰਕੀਰਤ ਸਿੰਘ ਨੇ ਅੱਜ ਨਿਵੇਸ਼ਕਾਂ ਲਈ ਵਪਾਰ ਕਰਨ ਨੂੰ ਸੁਖਾਲਾ ਬਣਾਉਣ ਅਤੇ ਪੰਜਾਬ ਦੀ ਤਰੱਕੀ ਦੀ ਗਾਥਾ ਵਿੱਚ ਉਨ੍ਹਾਂ ਨੂੰ ਭਾਈਵਾਲ ਬਣਾਉਣ ਸਬੰਧੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀ.ਆਈ.ਆਈ.), ਚੰਡੀਗੜ੍ਹ ਵਿਖੇ ਇੱਕ ਇੰਟਰਐਕਟਿਵ ਸੈਸ਼ਨ ਨੂੰ ਸੰਬੋਧਨ ਕਰਦਿਆਂ ਗੁਰਕੀਰਤ ਸਿੰਘ ਨੇ ਕਿਹਾ, “ਪੰਜਾਬ ਨਾ ਸਿਰਫ਼ ਇੱਕ ਸ਼ਾਨਦਾਰ ਭਵਿੱਖ ਵੱਲ ਵਧ ਰਿਹਾ ਹੈ, ਸਗੋਂ ਰਾਜ ਸਰਕਾਰ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕੇਗੀ ਕਿ ਪੰਜਾਬ ਸੂਬਾ ਦੇਸ਼ ਨੂੰ ਸਮਰੱਥਾ ਦੇਣ ਵਾਲਾ ਉਦਯੋਗਿਕ ਹੱਬ ਬਣੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਲਾਗੂਕਰਨ ਦੇ ਵੱਖ-ਵੱਖ ਪੜਾਵਾਂ ਤਹਿਤ 1.02 ਲੱਖ ਕਰੋੜ ਰੁਪਏ ਦੇ ਨਿਵੇਸ਼ ਦੇ ਇਤਿਹਾਸਕ ਟੀਚੇ ਨੂੰ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ 52 ਫੀਸਦ ਤੋਂ ਵੱਧ ਪ੍ਰੋਜੈਕਟਾਂ ਨੇ ਵਪਾਰਕ ਉਤਪਾਦਨ ਦਾ ਟੀਚਾ ਹਾਸਲ ਕੀਤਾ ਹੈ, ਜਦੋਂ ਕਿ ਹੋਰ 36 ਫੀਸਦ ਉਸਾਰੀ ਦੇ ਵੱਖ-ਵੱਖ ਪੜਾਵਾਂ `ਤੇ ਹਨ।
ਗੁਰਕੀਰਤ ਸਿੰਘ ਨੇ ਕਿਹਾ, “ਮੈਨੂੰ ਪੂਰੀ ਉਮੀਦ ਹੈ ਕਿ ਕੌਮੀ/ਕੌਮਾਂਤਰੀ ਪੱਧਰ `ਤੇ ਸਥਾਪਤ ਭਾਰਤ ਦੇ ਵੱਡੇ ਉਦਯੋਗਿਕ ਘਰਾਣੇ ਜੋ ਅਜੇ ਤੱਕ ਪੰਜਾਬ ਵਿੱਚ ਸਥਾਪਤ ਨਹੀਂ ਹਨ, ਜਲਦੀ ਹੀ ਪੰਜਾਬ ਵਿੱਚ ਆਪਣੇ ਉੱਦਮ ਸਥਾਪਤ ਕਰਨਗੇ।” ਉਨ੍ਹਾਂ ਕਿਹਾ ਕਿ ਸ਼ਹਿਰੀ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸੂਬਾ ਸਰਕਾਰ ਨੇ ਕਲੱਸਟਰ ਪਹੁੰਚ ਅਪਣਾਈ ਹੈ ਅਤੇ ਲੁਧਿਆਣਾ, ਬਠਿੰਡਾ ਅਤੇ ਪਟਿਆਲਾ ਵਿੱਚ 3 ਮੈਗਾ ਉਦਯੋਗਿਕ ਪਾਰਕ ਵਿਕਸਤ ਕਰਕੇ 6,000 ਏਕੜ ਤੋਂ ਵੱਧ ਰਕਬੇ ਵਿੱਚ ਲੈਂਡ ਬੈਂਕ ਨੂੰ ਵਧਾ ਦਿੱਤਾ ਹੈ। ਇੱਕ ਕਾਰੋਬਾਰ ਕੇਂਦਰਿਤ ਸਰਕਾਰ ਹੋਣ ਦੇ ਨਾਤੇ, ਅਸੀਂ ਖਾਸ ਤੌਰ `ਤੇ ਬੁਨਿਆਦੀ ਢਾਂਚੇ, ਕਾਰੋਬਾਰ ਕਰਨ ਦੀ ਸੌਖ, ਵਿੱਤੀ ਅਤੇ ਗੈਰ-ਵਿੱਤੀ ਪ੍ਰੋਤਸਾਹਨ ਆਦਿ ਦੇ ਰੂਪ ਵਿੱਚ ਉਦਯੋਗ ਦੀਆਂ ਜ਼ਰੂਰਤਾਂ ਦੀ ਪਛਾਣ ਕੀਤੀ ਹੈ। ਗੁਰਕੀਰਤ ਸਿੰਘ ਨੇ ਕਿਹਾ “ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਰਾਜ ਸਰਕਾਰ ਨੇ ਸੰਸਥਾਗਤ ਟੈਕਸ ਨੂੰ ਖਤਮ ਕਰਨ, ਦਰਮਿਆਨੇ ਉਦਯੋਗਾਂ ਲਈ 50 ਫੀਸਦ ਫਿਕਸਡ ਬਿਜਲੀ ਚਾਰਜਿਜ਼ ਨੂੰ ਖਤਮ ਕਰਨ, ਉਦਯੋਗਾਂ ਤੱਕ ਪਹੁੰਚ ਸੜਕਾਂ ਦੀ ਚੌੜਾਈ ਲਈ ਨਿਯਮਾਂ ਵਿੱਚ ਢਿੱਲ, ਉਦਯੋਗਾਂ ਦੇ ਵਿਸਥਾਰ ਲਈ ਪੰਜਾਬ ਰਾਈਟ ਨੂੰ ਬਿਜ਼ਨਸ ਐਕਟ 2020 ਦਾ ਦਾਇਰਾ ਵਧਾਉਣ, ਉਦਯੋਗਿਕ ਇਕਾਈਆਂ ਲਈ ਸੀ.ਐਲ.ਯੂ. ਤੋਂ ਛੋਟ ਸਮੇਤ ਵੱਧ ਤੋਂ ਵੱਧ ਐਲਾਨਾਂ ਨੂੰ ਪਹਿਲਾਂ ਹੀ ਨੋਟੀਫਾਈ ਕਰ ਦਿੱਤਾ ਹੈ ਅਤੇ ਭਰੋਸਾ ਦਿੱਤਾ ਕਿ ਬਾਕੀ ਐਲਾਨਾਂ ਨੂੰ ਜਲਦੀ ਹੀ ਨੋਟੀਫਾਈ ਕਰ ਦਿੱਤਾ ਜਾਵੇਗਾ। ਇੱਕ ਗੱਲਬਾਤ ਸੈਸ਼ਨ ਦੌਰਾਨ ਉਦਯੋਗਪਤੀਆਂ ਦੇ ਸੁਝਾਵਾਂ ਨੂੰ ਸੁਣਦੇ ਹੋਏ ਮੰਤਰੀ ਨੇ ਕਿਹਾ, “ਮੈਂ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਅਤੇ ਚਿੰਤਾਵਾਂ ਨੂੰ ਅੱਗੇ ਉਠਾਉਣ ਲਈ ਤੁਹਾਡਾ ਵਕੀਲ ਹੋਵਾਂਗਾ।” ਉਨ੍ਹਾਂ ਕਿਹਾ “ਅਸੀਂ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਬਹੁਤ ਕੁਝ ਹਾਸਲ ਕੀਤਾ ਹੈ, ਹਾਲਾਂਕਿ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ। ਮੈਂ ਤੁਹਾਡੇ ਵੱਲੋਂ ਉਠਾਏ ਮੁੱਦਿਆਂ ਅਤੇ ਸੁਝਾਵਾਂ ਨੂੰ ਵਿਚਾਰਿਆ ਹੈ ਅਤੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਪੰਜਾਬ ਸਰਕਾਰ ਇਨ੍ਹਾਂ ਨੂੰ ਆਪਣੇ ਮੈਨੀਫੈਸਟੋ ਦਾ ਹਿੱਸਾ ਬਣਾਏਗੀ। ਇਸ ਮੌਕੇ ਬੋਲਦਿਆਂ ਪੰਜਾਬ ਦੇ ਸੂਚਨਾ ਅਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਕੋਵਿਡ-19 ਨੇ ਡਿਜੀਟਲ ਰੈਂਡਮਨੈੱਸ ਦੀ ਮਹੱਤਤਾ ਨੂੰ ਪ੍ਰਦਰਸ਼ਿਤ ਕੀਤਾ ਹੈ ਜਿਸ ਨੇ ਕਾਰੋਬਾਰਾਂ ਨੂੰ ਆਪਣਾ ਕੰਮ ਜਾਰੀ ਰੱਖਣ ਵਿੱਚ ਮਦਦ ਕੀਤੀ। ਉਨਾਂ ਕਿਹਾ ਕਿ ਇਨਫੋਟੈਕ ਅਤੇ ਸਾਡੀ ਟੈਕਨਾਲੋਜੀ ਦੇ ਮਾਧਿਅਮ ਨਾਲ ਅਸੀਂ ਆਨਲਾਈਨ ਵਿਧੀ ਵੱਲ ਜਾਣ ਦੀ ਯੋਜਨਾ ਬਣਾ ਰਹੇ ਹਾਂ ਤਾਂ ਜੋ ਮੌਜੂਦਾ ਭ੍ਰਿਸ਼ਟਾਚਾਰ ਨੂੰ ਨੱਥ ਪਾਉਂਦਿਆਂ ਪੰਜਾਬ ਦੇ ਲੋਕਾਂ ਦਾ ਸਮਾਂ ਬਚਾਇਆ ਜਾ ਸਕੇ। ਸੀ.ਆਈ.ਆਈ, ਪੰਜਾਬ ਦੇ ਚੇਅਰਮੈਨ ਅਤੇ ਸੀਨੀਅਰ ਵੀ.ਪੀ. ਅਤੇ ਸੀਈਓ ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿਮਟਿਡ ਭਵਦੀਪ ਸਰਦਾਨਾ ਨੇ ਇਸ ਤੱਥ ਨੂੰ ਸਵੀਕਾਰ ਕੀਤਾ ਕਿ ਰਾਜ ਸਰਕਾਰ ਨੇ ਪ੍ਰਸ਼ਾਸਨ, ਖੇਤੀਬਾੜੀ, ਬਿਜਲੀ ਅਤੇ ਉਦਯੋਗ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਹਨ। ਉਨ੍ਹਾਂ ਨੇ ਲਾਗੂਕਰਨ ਦੀਆਂ ਰਣਨੀਤੀਆਂ ਵਿੱਚ ਸੁਧਾਰ, ਨੀਤੀਆਂ ਅਤੇ ਪ੍ਰੋਗਰਾਮਾਂ ਵਿੱਚ ਨਿਰੰਤਰਤਾ ਦਾ ਸੁਝਾਅ ਦਿੱਤਾ, ਜਿਸ ਨਾਲ ਪੰਜਾਬ ਨੂੰ ਲੋੜੀਂਦੇ ਨਤੀਜੇ ਹਾਸਲ ਕਰਨ ਵਿੱਚ ਮਦਦ ਮਿਲੇਗੀ।
ਡਾ. ਪੀ.ਜੇ. ਸਿੰਘ, ਕਨਵੀਨਰ ਸੀ.ਆਈ.ਆਈ. ਪੰਜਾਬ ਪਾਲਿਸੀ ਐਡਵੋਕੇਸੀ ਪੈਨਲ ਅਤੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਟਾਇਨਰ ਆਰਥੋਟਿਕਸ ਲਿਮਟਿਡ ਨੇ ਸੁਝਾਅ ਦਿੱਤਾ ਕਿ ਪਰਮਿਟ ਅਤੇ ਲਾਇਸੰਸ ਸੁਚਾਰੂ ਢੰਗ ਨਾਲ ਪ੍ਰਦਾਨ ਕਰਕੇ, ਨਿਰਧਾਰਤ ਸਮੇਂ ਦੇ ਅੰਦਰ ਪ੍ਰਵਾਨਗੀਆਂ ਪ੍ਰਦਾਨ ਕਰਕੇ ਜਾਂ ਜਿੱਥੋਂ ਤੱਕ ਹੋ ਸਕੇ ਜ਼ਿਆਦਾਤਰ ਮਾਮਲਿਆਂ ਵਿੱਚ ਡੀਮਡ ਅਪਰੂਵਲਜ਼ ਦੇ ਕੇ ਕਾਰੋਬਾਰ ਕਰਨ ਦੀ ਸੌਖ ਵੱਲ ਧਿਆਨ ਦਿੱਤਾ ਜਾਵੇ। ਸ਼ਿੰਗੋਰਾ ਟੈਕਸਟਾਈਲ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਮਿਤ ਜੈਨ ਨੇ ਇਸ ਗੱਲਬਾਤ ਨੂੰ ਰਾਜ ਦੇ ਸਰਵਪੱਖੀ ਵਿਕਾਸ ਅਤੇ ਇਸਨੂੰ ਭਵਿੱਖ ਲਈ ਤਿਆਰ ਕਰਨ ਵਾਸਤੇ ਵਿਆਪਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਲਈ ਅਹਿਮ ਕਰਾਰ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …