Nabaz-e-punjab.com

ਚੌਥੀ ਜਮਾਤ ਦੀ ਪੰਜਾਬੀ ਦੀ ਕਿਤਾਬ ਵਿੱਚ ‘ਬਾਲ ਸੁਖਦੇਵ’ ਪਾਠ ਵਿੱਚ ਰਾਜਗੁਰੂ ਦੀ ਫੋਟੋ ਲਗਾਉਣ ਦੇ ਮਾਮਲੇ ਦੀ ਜਾਂਚ ਸ਼ੁਰੂ

ਯੂਨੀਵਰਸਿਟੀ ਪੱਧਰ ’ਤੇ ਇਤਿਹਾਸ ਵਿਭਾਗ ਦੇ ਮਾਹਰਾਂ ਨੂੰ ਤਸਵੀਰਾਂ ਭੇਜ ਕੇ ਸਲਾਹ ਤੇ ਜਾਣਕਾਰੀ ਮੰਗੀ ਜਾਵੇਗੀ: ਚੇਅਰਮੈਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਚੌਥੀ ਜਮਾਤ ਦੀ ਪੰਜਾਬੀ ਦੀ ਕਿਤਾਬ ਵਿੱਚ ਦੇਸ਼ ਦੇ ਮਹਾਨ ਸ਼ਹੀਦ ਸ੍ਰ. ਭਗਤ ਸਿੰਘ ਦੇ ਸਾਥੀ ਸ਼ਹੀਦ ਸੁਖਦੇਵ ਸਿੰਘ ਦੇ ਤੀਜੇ ਪਾਠਕ੍ਰਮ ‘ਬਾਲ ਸੁਖਦੇਵ’ ਵਿੱਚ ਰਾਜਗੁਰੂ ਦੀ ਫੋਟੋ ਲਗਾਉਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੋਰਡ ਮੁਖੀ ਮਨੋਹਰ ਕਾਂਤ ਕਲੋਹੀਆ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਉਂਜ ਬੋਰਡ ਨੇ ਲਿਖਤੀ ਬਿਆਨ ਵਿੱਚ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਚੌਥੀ ਸ਼੍ਰੇਣੀ ਦੀ ਪੰਜਾਬੀ ਦੀ ਕਿਤਾਬ ਵਿੱਚ ਛਪੀ ਸ਼ਹੀਦ ਸੁਖਦੇਵ ਦੀ ਤਸਵੀਰ ਬਾਰੇ ਉੱਠੇ ਸ਼ੰਕਿਆਂ ਬਾਰੇ ਘੋਖ ਆਰੰਭ ਦਿੱਤੀ ਹੈ ਅਤੇ ਮੁੱਢਲੀ ਜਾਂਚ ਵਿੱਚ ਸਪੱਸ਼ਟ ਹੁੰਦਾ ਹੈ ਕਿ ਸਬੰਧਤ ਤਸਵੀਰ ਸ਼ਹੀਦ ਸੁਖਦੇਵ ਦੀ ਹੀ ਹੈ?
ਸਿੱਖਿਆ ਬੋਰਡ ਵੱਲੋਂ ਪ੍ਰਕਾਸ਼ਿਤ ਕਿਤਾਬ ਵਿੱਚ ਪਿਛਲੇ ਸਾਲ ਵੀ ਇਹੀ ਪਾਠ ਇਸੇ ਤਸਵੀਰ ਨਾਲ ਸ਼ਾਮਲ ਸੀ ਪ੍ਰੰਤੂ ਇਸ ਬਾਰੇ ਮੀਡੀਆ ਵਿੱਚ ਗਲਤ ਤਸਵੀਰ ਛਪੀ ਹੋਣ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਸਕੂਲ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਦੀ ਅਗਵਾਈ ਹੇਠ ਅਕਾਦਮਿਕ ਸ਼ਾਖਾ ਨੇ ਮੰਗਲਵਾਰ ਨੂੰ ਸਮੁੱਚੇ ਮਾਮਲੇ ਦੀ ਬਰੀਕੀ ਨਾਲ ਘੋਖ ਕਰਨ ਦਾ ਕੰਮ ਵਿੱਢ ਦਿੱਤਾ ਹੈ। ਜਿਸ ਵਿੱਚ ਇਹ ਸਪੱਸ਼ਟ ਹੋਇਆ ਕਿ ਪੰਜਾਬ ਸਰਕਾਰ ਵੱਲੋਂ ਐਨਆਰਆਈ ਮਾਮਲਿਆਂ ਦੇ ਵਿਭਾਗ ਦੇ ਹਵਾਲੇ ਨਾਲ ਕਰਵਾਏ ਗਏ ਸ਼ਹੀਦ ਦੇ ਸਨਮਾਨ ਸਮਾਗਮ ਵਿੱਚ ਸ਼ਹੀਦ ਸੁਖਦੇਵ ਦੀ ਇਹੀ ਤਸਵੀਰ ਵਰਤੀ ਗਈ ਹੈ ਅਤੇ ਸਗੋਂ ਏ.ਕੇ. ਗਾਂਧੀ ਵੱਲੋਂ ਸ਼ਹੀਦ ਸੁਖਦੇਵ ਬਾਰੇ ਪ੍ਰਕਾਸ਼ਿਤ ਕਿਤਾਬ ਦੇ ਸਰਵਰਕ ਉੱਤੇ ਵੀ ਸ਼ਹੀਦ ਦੀ ਇਹ ਤਸਵੀਰ ਹੀ ਵਰਤੀ ਗਈ ਹੈ। ਬੋਰਡ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਸ਼ਹੀਦ ਸੁਖਦੇਵ ਬਾਰੇ ਹਿੰਦੀ ਵਿੱਚ ਪ੍ਰਾਪਤ ਜੀਵਨ ਗਾਥਾ ਜਿਸ ਦਾ ਸਿਰਲੇਖ ‘ਸ਼ਹੀਦ ਸੁਖਦੇਵ ਦਾ ਜੀਵਨ ਪਰਿਚਐ’ ਹੈ, ਵਿੱਚ ਵੀ ਸ਼ਹੀਦ ਦੀ ਇਹੀ ਤਸਵੀਰ ਬਾਰੇ ਭਾਵੇਂ ਮੁੱਢਲੇ ਪ੍ਰਮਾਣ ਤਾਂ ਇਹੀ ਮਿਲੇ ਹਨ ਕਿ ਤਸਵੀਰ ਸਹੀ ਹੈ ਪਰ ਫਿਰ ਵੀ ਇਸ ਸਬੰਧੀ ਚੇਅਰਮੈਨ ਦੇ ਨਿਰਦੇਸ਼ਾਂ ਅਨੁਸਾਰ ਜਾਣਕਾਰੀ ਦੀ ਹੋਰ ਪੁਖ਼ਤਗੀ ਲਈ ਯੂਨੀਵਰਸਿਟੀ ਪੱਧਰ ’ਤੇ ਇਤਿਹਾਸ ਵਿਭਾਗ ਦੇ ਮਾਹਰਾਂ ਨੂੰ ਤਸਵੀਰਾਂ ਭੇਜ ਕੇ ਸਲਾਹ ਅਤੇ ਜਾਣਕਾਰੀ ਮੰਗੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਦਮਿਕ ਪੱਖੋਂ ਸਪੱਸ਼ਟਤਾ ਲਈ ਮੁੱਢਲੀ ਪੜਤਾਲ ਤੋਂ ਬਾਅਦ ਹੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਅੱਗੇ ਤੋਰੀ ਜਾਵੇਗੀ ਅਤੇ ਕਿਸੇ ਸਿੱਟੇ ਉੱਤੇ ਪੁੱਜਣ ਦੀ ਕਾਹਲੀ ਨਹੀਂ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ 12 ਹਜ਼ਾਰ 976 ਪ੍ਰਾਇਮਰੀ ਸਕੂਲ ਹਨ। ਜਿਨ੍ਹਾਂ ਵਿੱਚ 9 ਲੱਖ ਤੋਂ ਵੱਧ ਵਿਦਿਆਰਥੀ ਪ੍ਰਾਇਮਰੀ ਸਿੱਖਿਆ ਹਾਸਲ ਕਰ ਰਹੇ ਹਨ। ਇਨ੍ਹਾਂ ’ਚੋਂ ਚੌਥੀ ਜਮਾਤ ਵਿੱਚ 2 ਲੱਖ ਤੋਂ ਵੱਧ ਵਿਦਿਆਰਥੀ ਦੱਸੇ ਗਏ ਹਨ। ਕਈ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਵਿਦਿਆਰਥੀਆਂ ਨੂੰ ਆਪਣੇ ਪੱਧਰ ’ਤੇ ਸਹੀ ਜਾਣਕਾਰੀ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰਦੇ ਹਨ ਪ੍ਰੰਤੂ ਕਈ ਵਾਰ ਕਿਤਾਬਾਂ ਵਿੱਚ ਗਲਤ ਜਾਣਕਾਰੀ ਛਪ ਜਾਣ ਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚੌਥੀ ਜਮਾਤ ਲਈ ਪੰਜਾਬੀ ਦੀ ਕਿਤਾਬ ਦੇ 11 ਪੰਨੇ ਉੱਤੇ ਦੇਸ਼ ਦੇ ਮਹਾਨ ਸ਼ਹੀਦ ਸੁਖਦੇਵ ਦੀ ਜੀਵਨੀ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਸ਼ਹੀਦ ਸੁਖਦੇਵ ਦੀ ਜੀਵਨੀ ਬਾਰੇ ਇੱਕ ਵਿਸ਼ੇਸ਼ ਪਾਠਕ੍ਰਮ ‘ਬਾਲ ਸੁਖਦੇਵ’ ਛਾਪਿਆ ਗਿਆ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…