ਪੰਜਾਬੀ ਏਕਤਾ ਪਾਰਟੀ ਦੇ ਕਾਰਕੁਨਾਂ ਨੇ ਮਾਜਰੀ ਦੇ ਨਾਇਬ ਤਹਿਸੀਲਦਾਰ ਖ਼ਿਲਾਫ਼ ਡੀਸੀ ਨੂੰ ਦਿੱਤੀ ਸ਼ਿਕਾਇਤ

ਡੀਸੀ ਵੱਲੋਂ ਜਾਂਚ ਦਾ ਭਰੋਸਾ, ਮੁੱਖ ਮੰਤਰੀ, ਮਾਲ ਮੰਤਰੀ, ਮੁੱਖ ਸਕੱਤਰ ਤੇ ਵਿਜੀਲੈਂਸ ਨੂੰ ਭੇਜੀਆਂ ਸ਼ਿਕਾਇਤਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਖਰੜ ਤਹਿਸੀਲ ਅਧੀਨ ਪੈਂਦੀ ਸਬ-ਤਹਿਸੀਲ ਮਾਜਰੀ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ ਵੱਲੋਂ ਲੋਕਾਂ ਤੋਂ ਸ਼ਰੇਆਮ ਰਿਸ਼ਵਤ ਲੈਣ ਦੇ ਮਾਮਲੇ ਨੇ ਨਵਾਂ ਮੋੜ ਲਿਆ ਜਦੋਂ ‘ਪੰਜਾਬੀ ਏਕਤਾ ਪਾਰਟੀ’ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਇੱਕ ਸ਼ਿਕਾਇਤ ਦਿੱਤੀ। ਜਿਸ ਵਿੱਚ ਉਕਤ ਨਾਇਬ ਤਹਿਸੀਲਦਾਰ ਦੀ ਮਾਜਰੀ ਤੋਂ ਤੁਰੰਤ ਬਦਲੀ ਦੀ ਮੰਗ ਕੀਤੀ ਗਈ ਤਾਂ ਕਿ ਇਸਦੇ ਖਿਲਾਫ ਭਰਿਸ਼ਟਾਚਾਰ ਦੇ ਲੱਗੇ ਦੋਸ਼ਾਂ ਦੀ ਪੜਤਾਲ ਨਿਰਪੱਖ ਤੌਰ ਤੇ ਹੋ ਸਕੇ। ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਵੱਲੋਂ ਇਸ ਮਾਮਲੇ ਦੀ ਪੜਤਾਲ ਕਰਨ ਸਬੰਧੀ ਭਰੋਸਾ ਦਿੱਤਾ ਗਿਆ। ਇਸ ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਸਿੱਧੂ, ਹਰਨੈਲ ਸਿੰਘ, ਸਰਬਜੀਤ ਸਿੰਘ, ਆਰ.ਐਸ. ਭੰਗੂ, ਮਾਸਟਰ ਲਖਵੀਰ ਸਿੰਘ ਸਵਾੜਾ, ਕੁਲਦੀਪ ਸਿੰਘ, ਮਨਜੀਤ ਸਿੰਘ ਵੀ ਹਾਜ਼ਰ ਸਨ।
ਸ੍ਰੀ ਧਾਲੀਵਾਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਲਿਖਿਆ ਹੈ ਕਿ ਉਕਤ ਨਾਇਬ ਤਾਹਿਸੀਲਦਾਰ ਵੱਲੋਂ ਇਲਾਕੇ ਦੇ ਲੋਕਾਂ ਤੋਂ ਹਰ ਕੰਮ ਦੀ ਰਿਸ਼ਵਤ ਲੈਣ ਦੇ ਰੋਸ ਵਜੋਂ ਮਿਤੀ 22.1.2019 ਨੂੰ ਉਸਦੇ ਦਫਤਰ ਤੋਂ ਬਾਹਰ ਧਰਨਾ ਦਿਤਾ ਗਿਆ ਸੀ ਤੇ ਇਕ ਮਤਾ ਪਾਸ ਕੀਤਾ ਗਿਆ ਸੀ ਜਿਸ ਦੀਆਂ ਕਾਪੀਆਂ ਮੁੱਖ ਮੰਤਰੀ, ਮਾਲ ਮੰਤਰੀ, ਮੁੱਖ ਸਕੱਤਰ, ਮਾਲ ਸਕੱਤਰ, ਡਾਇਰੈਕਟਰ ਵਿਜ਼ੀਲੈਂਸ ਅਤੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਭੇਜ ਦਿਤੀਆਂ ਗਈਆਂ ਹਨ। ਮਤੇ ਵਿਚ ਲਿਖਿਆ ਗਿਆ ਹੈ ਕਿ ਸ੍ਰੀ ਬਰਾੜ ਵਲੋਂ ਦਫ਼ਤਰ ਵਿੱਚ ਆਏ ਲੋਕਾਂ ਤੋਂ ਉਨ੍ਹਾਂ ਦੀਆਂ ਰਜਿਸਟਰੀਆਂ, ਇੰਤਕਾਲਾਂ ਤੇ ਮੈਰਿਜ ਸਰਟੀਫਿਕੇਟ ਆਦਿ ਦਸਤਾਵੇਜ ਰਜਿਸਟਰਡ ਕਰਨ ਲਈ ਮੋਟੀ ਰਿਸ਼ਵਤ ਲਈ ਜਾ ਰਹੀ ਹੈ। ਰਜਿਸਟਰੀ ਦੀ ਕੀਮਤ ਤੇ ਇੱਕ ਪ੍ਰਤੀਸਤ ਰਿਸ਼ਵਤ ਲਈ ਜਾ ਰਹੀ ਹੈ ਤੇ ਲੋਕਾਂ ਤੋਂ ਹਰ ਰੋਜ ਲੱਖਾਂ ਰੁਪਏ ਰਿਸ਼ਵਤ ਇਕੱਠੀ ਕੀਕੀ ਜਾ ਰਹੀ ਹੈ। ਇਲਾਕੇ ਦੇ ਲੋਕਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਕੇਸ ਦਰਜ ਕਰਕੇ ਇਸਦੀ ਜਾਇਦਾਦ ਦੀ ਵੀ ਪੜਤਾਲ ਕੀਤੀ ਜਾਵੇ। ਪਾਰਟੀ ਵੱਲੋਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਨਾਇਬ ਤਹਿਸੀਲਦਾਰ ਦੇ ਖਿਲਾਫ ਪੜਤਾਲ ਕਿਸੇ ਸੀਨੀਅਰ ਉੱਚ ਅਧਿਕਾਰੀ ਤੋਂ ਕਰਵਾਈ ਜਾਵੇ ਅਤੇ ਪੜਤਾਲ ਵੇਲੇ ਇਲਾਕੇ ਦੇ ਲੋਕਾਂ ਨੂੰ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਸੂਚਨਾ ਦਿਤੀ ਜਾਵੇ ਤਾਂ ਕਿ ਲੋਕ ਖੁੱਲ੍ਹ ਕੇ ਇਸ ਦੇ ਭਰਿਸ਼ਟਾਚਾਰ ਦਾ ਪਰਦਾ ਫਾਸ਼ ਕਰ ਸਕਣ। ਉਨ੍ਹਾਂ ਕਿਹਾ ਕਿ ਪੀਈਪੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਮੁਹਾਲੀ ਜਿਲ੍ਹੇ ’ਚੋਂ ਭ੍ਰਿਸ਼ਟਾਚਾਰ ਪੂਰਨ ਤੌਰ ਤੇ ਖਤਮ ਕੀਤਾ ਜਾਵੇਗਾ ਤੇ ਇਹੋ ਜਿਹੇ ਧਰਨੇ ਤੇ ਕਾਨੂੰਨੀ ਕਾਰਵਾਈਆਂ ਭ੍ਰਿਸ਼ਟ ਅਫ਼ਸਰਾਂ ਦੇ ਖ਼ਿਲਾਫ਼ ਜਾਰੀ ਰੱਖੀਆਂ ਜਾਣਗੀਆਂ।
ਉਨ੍ਹਾਂ ਜ਼ਿਲ੍ਹਾ ਮੁਹਾਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕੋਹੜ ਨੂੰ ਖ਼ਤਮ ਕਰਨ ਲਈ ਪਾਰਟੀ ਦੀ ਮਦਦ ਕਰਨ ਤੇ ਬਿਨਾਂ ਕਿਸੇ ਡਰ ਤੋਂ ਭ੍ਰਿਸ਼ਟ ਅਫ਼ਸਰਾਂ ਦੇ ਖਿਲਾਫ ਧਰਨਿਆਂ ਵਿੱਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਖਤਮ ਕਰਨ ਲਈ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ਤੇ ਕੁਝ ਭ੍ਰਿਸ਼ਟ ਅਫ਼ਸਰ ਸ਼ਰ੍ਹੇਆਮ ਰਿਸ਼ਵਤ ਲੈ ਰਹੇ ਹਨ ਪਰ ਸੂਬੇ ਦੇ ਉੱਚ ਅਧਿਕਾਰੀ, ਇੰਟੈਲੀਜੈਂਸ ਤੇ ਵਿਜੀਲੈਂਸ ਵਿਭਾਗ ਅਰਾਮ ਨਾਲ ਸਭ ਕੁਝ ਦੇਖ ਰਿਹਾ ਹੈ ਤੇ ਸੂਬੇ ਜਾਂ ਜਿਲ੍ਹੇ ਦਾ ਕੋਈ ਕਾਂਗਰਸੀ ਨੇਤਾ ਵੀ ਇਸ ਸਬੰਧੀ ਕਾਰਵਾਈ ਕਰਦਾ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਮੁਹਾਲੀ ਜਿਲ੍ਹਾਂ ਸੂਬੇ ਦਾ ਸਭੇ ਤੋਂ ਪੜ੍ਹਿਆ ਲਿਖਿਆ ਜਿਲ੍ਹਾ ਹੈ ਤੇ ਇਥੇ ਪੰਜਾਬ ਦੇ ਬਹੁਤ ਜਿਆਦਾ ਗਿਣਤੀ ਵਿੱਚ ਸਿਆਸੀ ਪਾਰਟੀਆਂ ਦੇ ਨੇਤਾ, ਉਚ ਅਧਿਕਾਰੀ ਤੇ ਯੂਨੀਅਨਾਂ ਦੇ ਲੀਡਰ ਰਹਿ ਰਹੇ ਹਨ ਤੇ ਇਥੇ ਜੇ ਕਰ ਰਿਸ਼ਵਤ ਦਾ ਇਹ ਹਾਲ ਹੈ ਤਾਂ ਪ੍ਰਦੇਸ਼ ਦੇ ਦੂਜੇ ਹਲਕਿਆਂ ਦਾ ਕੀ ਹਾਲ ਹੋਵੇਗਾ ਇਸ ਦਾ ਫੈਸਲਾ ਲੋਕ ਖੁਦ ਕਰ ਸਕਦੇ ਹਨ।
ਸ੍ਰੀ ਧਾਲੀਵਾਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਤੇ ਪਾਰਟੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜਿਲ੍ਹਾ ਵਾਰ ਅਲੱਗ ਅਲੱਗ ਸਰਕਾਰੀ ਮਹਿਕਮਿਆਂ ਤੇ ਸਿਆਸੀ ਨੇਤਾਵਾਂ ਦਾ ਵੀ ਜੇ ਕੋਈ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਇਸੇ ਤਰ੍ਹਾਂ ਪਰਦਾਫਾਸ਼ ਕੀਤਾ ਜਾਵੇਗਾ ਤੇ ਲੋਕਾਂ ਦੇ ਸਹਿਯੋਗ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਧਾਲੀਵਾਲ ਨੇ ਅੱਜ ਡਿਪਟੀ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਸਮੇਤ ਲੋਕਾਂ ਵਲੋਂ ਪਾਏ ਮਤੇ ਦੀਆਂ ਕਾਪੀਆਂ ਵੀ ਪ੍ਰੈਸ ਨੂੰ ਦਿੱਤੀਆਂ ਤੇ ਪ੍ਰੈਸ ਤੋਂ ਜ਼ਿਲ੍ਹੇ ਵਿੱਚ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਸਹਿਯੋਗ ਦੀ ਅਪੀਲ ਕੀਤੀ ਗਈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …