ਹਾਈ ਕੋਰਟ ਦੇ ਹੁਕਮਾਂ ਪੰਜਾਬੀ ਸੰਗੀਤ ਕੰਪਨੀ ਦਾ ਨਿਰਮਾਤਾ ਪਿੰਕੀ ਧਾਲੀਵਾਲ ਮਟੌਰ ਥਾਣੇ ’ਚੋਂ ਰਿਹਾਅ

ਗਾਇਕਾ ਸੁਨੰਦਾ ਸ਼ਰਮਾ ਨੇ ਧਾਲੀਵਾਲ ’ਤੇ ਲਾਏ ਸੀ ਜਾਅਲੀਸਾਜੀ, ਧੋਖਾਧੜੀ ਅਤੇ ਧਮਕਾਉਣ ਦੇ ਦੋਸ਼

ਮਟੌਰ ਪੁਲੀਸ ਕੋਲ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਸਨ ਪਿੰਕੀ ਧਾਲੀਵਾਲ

ਨਬਜ਼-ਏ-ਪੰਜਾਬ, ਮੁਹਾਲੀ, 11 ਮਾਰਚ:
ਪੰਜਾਬੀ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਨਾਲ ਧੋਖਾਧੜੀ, ਜਾਅਲਸਾਜ਼ੀ ਅਤੇ ਅਪਰਾਧਿਕ ਧਮਕੀ ਦੇਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਸੰਗੀਤ ਕੰਪਨੀ ਦੇ ਨਿਰਮਾਤਾ ਪੁਸ਼ਪਿੰਦਰ ਸਿੰਘ ਪਿੰਕੀ ਧਾਲੀਵਾਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਨੂੰ ਫੌਰੀ ਰਿਹਾਅ ਕਰਨ ਦੇ ਆਦੇਸ਼ ਦਿੱਤੇ ਹਨ। ਹਾਈ ਕੋਰਟ ਦੇ ਹੁਕਮਾਂ ’ਤੇ ਅੱਜ ਮਟੌਰ ਥਾਣੇ ’ਚੋਂ ਧਾਲੀਵਾਲ ਦੀ ਰਿਹਾਈ ਹੋ ਗਈ ਹੈ।
ਪੰਜਾਬੀ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਦੀ ਸ਼ਿਕਾਇਤ ’ਤੇ ਮੁਹਾਲੀ ਪੁਲੀਸ ਵੱਲੋਂ ਮਟੌਰ ਥਾਣੇ ਵਿੱਚ ਬੀਤੀ 8 ਮਾਰਚ ਨੂੰ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ ਅਤੇ ਉਸੇ ਦਿਨ ਦੇਰ ਸ਼ਾਮ ਨੂੰ ਪੁਲੀਸ ਨੇ ਪਿੰਕੀ ਧਾਲੀਵਾਲ ਨੂੰ ਸੈਕਟਰ-70 ’ਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਿਛਲੇ ਦੋ ਦਿਨਾਂ ਤੋਂ ਇਹ ਮਾਮਲਾ ਮੀਡੀਆ ਦੀ ਸੁਰਖ਼ੀਆ ਬਣਿਆ ਰਿਹਾ ਹੈ। ਗਾਇਕਾ ਸੁਨੰਦਾ ਸ਼ਰਮਾ ਨੇ ਮਿਊਜ਼ਿਕ ਕੰਪਨੀ ਦੇ ਨਿਰਮਾਤਾ ਉੱਤੇ ਕਈ ਗੰਭੀਰ ਦੋਸ਼ ਲਾਏ ਸਨ। ਗ੍ਰਿਫ਼ਤਾਰੀ ਤੋਂ ਬਾਅਦ ਪਿੰਕੀ ਧਾਲੀਵਾਲ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਚੱਲ ਰਹੇ ਸੀ। ਸੁਨੰਦਾ ਸ਼ਰਮਾ ਵੱਲੋਂ ਸੀਨੀਅਰ ਵਕੀਲ ਐਚਐਸ ਧਨੋਆ ਕੇਸ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਫ਼ੈਸਲੇ ਦੀ ਕਾਪੀ ਮਿਲਣ ਤੋਂ ਬਾਅਦ ਅਗਲਾ ਰੁੱਖ ਅਖ਼ਤਿਆਰ ਕੀਤਾ ਜਾਵੇਗਾ।
ਇਸੇ ਦੌਰਾਨ ਪਿੰਕੀ ਧਾਲੀਵਾਲ ਨੇ ਆਪਣੇ ਵਕੀਲ ਰਾਹੀਂ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕਰਕੇ ਮੁਹਾਲੀ ਪੁਲੀਸ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਉਸ ਨੂੰ ਗਲਤ ਤਰੀਕੇ ਨਾਲ ਬਿਨਾਂ ਕੋਈ ਨੋਟਿਸ ਦਿੱਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਮੁਹਾਲੀ ਵਿਚ ਮਟੌਰ ਥਾਣੇ ਦੇ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਬਚਾਅ ਪੱਖ ਦੇ ਵਕੀਲ ਨੇ ਦੱਸਿਆ ਕਿ ਇਸ ਸਬੰਧੀ ਹਾਈ ਕੋਰਟ ਵੱਲੋਂ ਵਰੰਟ ਅਫ਼ਸਰ ਵੀ ਨਿਯੁਕਤ ਕੀਤਾ ਗਿਆ ਸੀ। ਜਿਨ੍ਹਾਂ ਨੇ ਆਪਣੀ ਰਿਪੋਰਟ ਉੱਚ ਅਦਾਲਤ ਨੂੰ ਦੇ ਦਿੱਤੀ ਹੈ। ਵਰੰਟ ਅਫ਼ਸਰ ਨੇ ਆਪਣੀ ਰਿਪੋਰਟ ਵਿਚ ਕੀ ਲਿਖਿਆ ਹੈ, ਫਿਲਹਾਲ ਇਸ ਗੱਲ ਦਾ ਖ਼ੁਲਾਸਾ ਨਹੀਂ ਹੋ ਸਕਿਆ ਹੈ। ਧਾਲੀਵਾਲ ਨੇ ਵਕੀਲ ਨੇ ਕਿਹਾ ਕਿ ਰਿਪੋਰਟ ਮਿਲਣ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ। ਉਂਜ ਉਨ੍ਹਾਂ ਐਨਾ ਜ਼ਰੂਰ ਕਿਹਾ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਬਹੁਤ ਛੋਟੀ ਹੈ ਅਤੇ ਉਹ ਸਾਰਿਆਂ ਨਾਲ ਮਿਲਜੁਲ ਰਹਿਣਾ ਅਤੇ ਕੰਮ ਕਰਨਾ ਚਾਹੁੰਦੇ ਹਨ। ਇਸ ਮਸਲੇ ਨੂੰ ਸੁਲਝਾਉਣਾ ਚਾਹੁੰਦੇ ਹਨ।
ਮਿਲੀ ਜਾਣਕਾਰੀ ਅਨੁਸਾਰ ਹਾਈ ਕੋਰਟ ਨੇ ਮੁਹਾਲੀ ਪੁਲੀਸ ਨੂੰ ਆਦੇਸ਼ ਦਿੱਤੇ ਹਨ ਕਿ ਫਿਲਹਾਲ ਹੁਣ ਪਿੰਕੀ ਧਾਲੀਵਾਲ ਨੂੰ ਛੱਡੋ ਅਤੇ ਜੇਕਰ ਪੁੱਛਗਿੱਛ ਕਰਨੀ ਹੋਵੇ ਤਾਂ ਦੁਬਾਰਾ ਤਰੀਕੇ ਨਾਲ ਸੱਦਿਆ ਜਾਵੇ ਅਤੇ ਨਿਯਮਾਂ ਦੇ ਤਹਿਤ ਹੀ ਗ੍ਰਿਫ਼ਤਾਰੀ ਪਾਈ ਜਾਵੇ।
ਜ਼ਿਕਰਯੋਗ ਹੈ ਕਿ ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ ’ਤੇ ਆਪਣੀ ਅਜ਼ਮਾਇਸ਼ ਪੋਸਟ ਕਰਨ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ ਨੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਸੀ। ਉਸ ਨੇ ਆਪਣੀ ਪੋਸਟ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕੀਤਾ ਹੈ। ਸੁਨੰਦਾ, ਜੋ ‘ਪਟਾਕੇ’, ‘ਮੋਰਨੀ’, ‘ਸੰਡਲ’, ‘ਜਾਨੀ ਤੇਰਾ ਨਾ’, ‘ਦੂਜੀ ਵਾਰ ਪਿਆਰ’, ‘ਪਾਗਲ ਨਹੀਂ ਹੋਣਾ’, ‘ਬਾਰਿਸ਼ ਕੀ ਜਾਏ’ ਗੀਤਾਂ ਲਈ ਮਸ਼ਹੂਰ ਹੈ। ਉਸ ਨੇ ਦੋਸ਼ ਲਾਇਆ ਸੀ ਕਿ ਸੰਗੀਤ ਕੰਪਨੀ ‘ਮੈਡ-4-ਮਿਊਜ਼ਿਕ’ ਸਾਲਾਂ ਤੋਂ ਉਸ ਦੇ ਬਕਾਏ ਨਹੀਂ ਦੇ ਰਹੀ ਹੈ ਅਤੇ ਉਸ ਨੂੰ ਕੰਪਨੀ ਨਾਲ ਜੋੜ ਰਹੀ ਹੈ।
ਗਾਇਕਾ ਤੇ ਅਦਾਕਾਰਾ ਨੇ ਐਕਸ ’ਤੇ ਪੋਸਟ ਕੀਤਾ, ‘‘ਇਹ ਜਨਤਾ, ਕਾਰੋਬਾਰੀ ਸਹਿਯੋਗੀਆਂ ਅਤੇ ਸਾਰੀਆਂ ਸਬੰਧਤ ਧਿਰਾਂ ਨੂੰ ਸੂਚਿਤ ਕਰਨ ਲਈ ਹੈ ਕਿ ਕੁਝ ਵਿਅਕਤੀ/ਇਕਾਈਆਂ ਮੇਰੇ ਪੇਸ਼ੇਵਰ ਰੁਝੇਵਿਆਂ ’ਤੇ ਵਿਸ਼ੇਸ਼ ਅਧਿਕਾਰ ਹੋਣ ਦਾ ਝੂਠਾ ਦਾਅਵਾ ਕਰ ਰਹੀਆਂ ਹਨ ਅਤੇ ਤੀਜੀ ਧਿਰ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਗੁੰਮਰਾਹ ਕਰ ਰਹੀਆਂ ਹਨ ਕਿ ਮੈਂ ਉਨ੍ਹਾਂ ਨਾਲ ਇਕਰਾਰਨਾਮੇ ਨਾਲ ਬੱਝੀ ਹੋਈ ਹਾਂ। ਇਹ ਦਾਅਵੇ ਪੂਰੀ ਤਰ੍ਹਾਂ ਝੂਠੇ, ਧੋਖਾਧੜੀ ਵਾਲੇ, ਅਣਅਧਿਕਾਰਤ ਅਤੇ ਕਾਨੂੰਨੀ ਤੌਰ ’ਤੇ ਬੇਬੁਨਿਆਦ ਹਨ।’’

Load More Related Articles
Load More By Nabaz-e-Punjab
Load More In General News

Check Also

ਐਨਆਈਏ ਅਦਾਲਤ ਨੇ ਨਿਹੰਗ ਸਿੰਘ ਸਣੇ ਛੇ ਜਣਿਆਂ ਨੂੰ ਉਮਰ ਕੈਦ, ਤਿੰਨ ਨੂੰ 10-10 ਸਾਲ ਦੀ ਸਜ਼ਾ

ਐਨਆਈਏ ਅਦਾਲਤ ਨੇ ਨਿਹੰਗ ਸਿੰਘ ਸਣੇ ਛੇ ਜਣਿਆਂ ਨੂੰ ਉਮਰ ਕੈਦ, ਤਿੰਨ ਨੂੰ 10-10 ਸਾਲ ਦੀ ਸਜ਼ਾ ਪਾਕਿਸਤਾਨ ਤੋਂ…