ਪੰਜਾਬੀ ਗਾਇਕ ਤੇ ਭਰਾ ਦੇ ਖ਼ਿਲਾਫ਼ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਖਰੜ ਨੇੜਲੇ ਪਿੰਡ ਨਿਹੋਲਕਾ ਦੇ ਵਸਨੀਕ ਗਗਨਦੀਪ ਸਿੰਘ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਪੰਜਾਬੀ ਗਾਇਕ ਦੇ ਖ਼ਿਲਾਫ਼ ਸ਼ਿਕਾਇਤ ਦੇ ਕੇ ਮੰਗ ਕੀਤੀ ਕਿ ਉਸ ਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ ਉਸ ਤੋਂ 4 ਲੱਖ 10 ਹਜਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪ੍ਰੀਤ ਬਰਾੜ ਅਤੇ ਉਸਦੇ ਭਰਾ ਦੇ ਖ਼ਿਲਾਫ਼ ਅਧਰਾਧਿਕ ਮਾਮਲਾ ਦਰਜ ਕੀਤਾ ਜਾਵੇ। ਗਗਨਦੀਪ ਸਿੰਘ ਨੇ ਅੱਜ ਆਮ ਆਦਮੀ ਪਾਰਟੀ ਦੀ ਯੂਥ ਵਿੰਗ ਦੀ ਖਰੜ ਇਕਾਈ ਦੇ ਪ੍ਰਧਾਨ ਜਗਦੇਵ ਸਿੰਘ ਧਨੋਆ ਦੇ ਨਾਲ ਐਸਐਸਪੀ ਕੁਲਦੀਪ ਸਿੰਘ ਚਹਿਲ ਨੂੰ ਦੱਸਿਆ ਕਿ ਇਸ ਸੰਬੰਧੀ ਉਸ ਵੱਲੋਂ ਅਪ੍ਰੈਲ 2017 ਵਿੱਚ ਵੀ ਸ਼ਿਕਾਇਤ ਦਿੱਤੀ ਗਈ ਸੀ ਜਿਸ ਨੂੰ ਐਸਐਸਪੀ ਦਫਤਰ ਵੱਲੋਂ ਆਰਥਿਕ ਅਪਰਾਧ ਸ਼ਾਖਾ ਕੋਲ ਭੇਜਿਆ ਗਿਆ ਸੀ ਅਤੇ ਆਰਥਿਕ ਅਪਰਾਧ ਸ਼ਾਖਾ ਵੱਲੋਂ ਇਸ ਮਾਮਲੇ ਵਿੱਚ ਗਾਇਕ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਸੰਬੰਧੀ ਰਿਪੋਰਟ ਵੀ ਭੇਜ ਦਿੱਤੀ ਸੀ ਪ੍ਰੰਤੂ ਐਸਐਸਪੀ ਦਫ਼ਤਰ ਵੱਲੋਂ ਇਹ ਕਹਿ ਕੇ ਰਿਪੋਰਟ ਨੂੰ ਵਾਪਸ ਭੇਜ ਦਿੱਤਾ ਗਿਆ ਕਿ ਇਸ ਮਾਮਲੇ ਵਿੱਚ ਗਾਇਕ ਦੇ ਬਿਆਨ ਲੈ ਕੇ ਨਵੇਂ ਸਿਰੇ ਤੋਂ ਰਿਪੋਰਟ ਬਣਾਈ ਜਾਵੇ। ਉਹਨਾਂ ਐਸਐਸਪੀ ਨੂੰ ਦੱਸਿਆ ਕਿ ਗਾਇਕ ਵਿਦੇਸ਼ ਚਲਾ ਗਿਆ ਅਤੇ ਇਸ ਕਾਰਨ ਇਸ ਮਾਮਲੇ ਵਿੱਚ ਕਾਰਵਾਈ ਵਿਚਾਲੇ ਹੀ ਰੁਕੀ ਹੋਈ ਹੈ।
ਗਗਨਦੀਪ ਸਿੰਘ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਐਸਐਸਪੀ ਵੱਲੋਂ ਉਹਨਾਂ ਨੂੰ ਇਸ ਮਾਮਲੇ ਦੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਆਪਣੇ ਨਾਲ ਹੋਈ ਠੱਗੀ ਬਾਰੇ ਜਾਣਕਾਰੀ ਦਿੰਦਿਆਂ ਗਗਨਦੀਪ ਨੇ ਦੱਸਿਆ ਕਿ 2016 ਵਿੱਚ ਸੈਕਟਰ 35 ਵਿੱਚ ਪਾਰਕਿੰਗ ਵਾਲਿਆਂ ਕੋਲ ਨੌਕਰੀ ਕਰਦਾ ਸੀ ਅਤੇ ਉਸ ਦੌਰਾਨ ਉਹ ਗਾਇਕ (ਜੋ ਮਾਰਕੀਟ ਵਿੱਚ ਆਉਂਦਾ ਜਾਂਦਾ ਸੀ) ਦੇ ਸੰਪਰਕ ਵਿੱਚ ਆਇਆ ਸੀ। ਉਸਨੇ ਦੱਸਿਆ ਕਿ ਗਾਇਕ ਨੇ ਉਸ ਨੂੰ ਆਪਣੇ ਗਰੁੱਪ ਨਾਲ ਇੰਗਲੈਂਡ ਜਾਣ ਅਤੇ ਉੱਥੇ ਨੌਕਰੀ ਲਗਵਾਉਣ ਲਈ 9 ਲੱਖ ਰੁਪਏ ਮੰਗੇ ਸੀ ਅਤੇ ਕਿਹਾ ਕਿ ਅੱਧੇ ਪੈਸੇ ਇੱਥੇ ਦੇਵੇ ਅਤੇ ਬਾਕੀ ਰਕਮ ਉੱਥੇ ਪਹੁੰਚਣ ਤੇ ਲਈ ਜਾਵੇਗੀ।
ਉਸਨੇ ਦੱਸਿਆ ਕਿ ਇਸ ਸੰਬੰਧੀ ਪਹਿਲਾ ਉਸਨੇ ਗਾਇਕ ਦੇ ਭਰਾ ਦੇ ਖਾਤੇ ਵਿੱਚ ਡੇਢ ਲੱਖ ਰੁਪਏ ਦੀ ਅਦਾਇਗੀ ਕੀਤੀ ਅਤੇ ਬਾਅਦ ਵਿੱਚ ਗਾਇਕ ਦੇ ਖਾਤੇ ਵਿੱਚ ਪਹਿਲਾਂ 60 ਹਜ਼ਾਰ ਫਿਰ 1.80 ਲੱਖ ਅਤੇ ਫਿਰ 20 ਹਜ਼ਾਰ ਰੁਪਏ ਜਮ੍ਹਾ ਰਕਵਾਏ ਪ੍ਰੰਤੂ ਗਾਇਕ ਅਤੇ ਉਸਦੇ ਭਰਾ ਨੇ ਨਾ ਤਾਂ ਉਸਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਿਸ ਕੀਤੇ ਜਿਸ ਤੇ ਉਸਨੇ ਅਪ੍ਰੈਲ 2017 ਐਸਐਸਪੀ ਮੁਹਾਲੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਅਤੇ ਉਹਨਾਂ ਵੱਲੋਂ ਇਹ ਮਾਮਲਾ ਆਰਥਿਕ ਅਪਰਾਥ ਸ਼ਾਖਾ ਨੂੰ ਦਿੱਤਾ ਗਿਆ ਸੀ। ਇਸ ਦੌਰਾਨ ਹੋਈ ਜਾਂਚ ਵਿੱਚ ਗਾਇਕ ਅਤੇ ਉਸਦੇ ਭਰਾ ਨੇ ਇਹ ਗੱਲ ਮੰਨੀ ਸੀ ਕਿ ਉਹਨਾਂ ਨੇ ਪੈਸੇ ਲਏ ਹਨ ਅਤੇ ਉਸ ਨੂੰ ਇੱਕ 25 ਹਜ਼ਾਰ ਦਾ ਚੈੱਕ ਵੀ ਦਿੱਤਾ ਸੀ ਜੋ ਕੈਸ਼ ਹੋ ਗਿਆ ਸੀ। ਬਾਅਦ ਵਿੱਚ ਗਾਇਕ ਨੇ ਉਸ ਨੂੰ ਇੱਕ ਲੱਖ ਦਾ ਹੋਰ ਚੈੱਕ ਦਿੱਤਾ ਜੋ ਬੈਂਕ ਤੋਂ ਵਾਪਸ ਆ ਗਿਆ ਅਤੇ ਉਸ ਤੋਂ ਬਾਅਤ ਗਾਇਕ ਵਿਦੇਸ਼ ਚਲਾ ਗਿਆ ਅਤੇ ਇਹ ਮਾਮਲਾ ਉੱਥੇ ਹੀ ਰੁਕ ਗਿਆ। ਇਸ ਕਾਰਨ ਉਸਨੇ ਅੱਜ ਫਿਰ ਸ਼ਿਕਾਇਤ ਦਿੱਤੀ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੀ ਯੂਥ ਵਿੰਗ ਖਰੜ ਦੀ ਇਕਾਈ ਦੇ ਪ੍ਰਧਾਨ ਜਗਦੇਵ ਸਿੰਘ ਧਨੋਆ ਨੇ ਕਿਹਾ ਕਿ ਪਾਰਟੀ ਵੱਲੋਂ ਲੋਕਾਂ ਨੂੰ ਠਗਦੇ ਟਰੈਵਲ ਏਜੰਟਾਂ ਦੇ ਖ਼ਿਲਾਫ਼ ਮੁਹਿੰਮ ਚਲਾਈ ਜਾਵੇਗੀ ਅਤੇ ਇਸ ਤਰੀਕੇ ਨਾਲ ਕੀਤੀਆਂ ਜਾਂਦੀਆਂ ਠੱਗੀਆਂ ’ਤੇ ਰੋਕ ਲਗਾਉਣ ਲਈ ਪਾਰਟੀ ਵੱਲੋਂ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਐਸਐਸਪੀ ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਉਹਨਾਂ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਹੈ ਅਤੇ ਉਹਨਾਂ ਵੱਲੋਂ ਇਸ ਦੀ ਜਾਂਚ ਉਪਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਪੰਜਾਬੀ ਗਾਇਕ ਅਤੇ ਉਸਦੇ ਭਰਾ ਨਾਲ ਸੰਪਰਕ ਕਾਇਮ ਨਹੀਂ ਹੋ ਸਕਿਆ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …