
ਪੰਜਾਬੀ ਗਾਇਕ ਅਵਤਾਰ ਤਾਰੀ ਨਹੀਂ ਰਹੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ 19 ਦਸੰਬਰ:
ਚਿੱਤ ਕਰਦਾ ਘੁਲਾੜੀ ਵਾਲਾ ਤੱਤਾ ਤੱਤਾ ਗੁੜ ਖਾਣ ਨੂੰ ਦੋਗਾਣਾ ਰਾਹੀਂ ਨਾਮਣਾ ਖੱਟਣ ਵਾਲੇ ਪੰਜਾਬੀ ਦੇ ਨਾਮਵਰ ਗਾਇਕ ਅਵਤਾਰ ਤਾਰੀ ਅੱਜ ਸਾਨੂੰ ਅਲਵਿਦਾ ਕਹਿ ਗਏ ਹਨ। ਉਹਨਾਂ ਦੀ ਮੌਤ ਨਾਲ ਸਰੋਤਿਆਂ ਨੂੰ ਭਾਰੀ ਦੁੱਖ ਪਹੁੰਚਿਆਂ ਹੈ। ਉਹਨਾਂ ਨੇ ਸ਼ੁਰੂਆਤੀ ਦੌਰ ਵਿੱਚ ਮਸ਼ਹੂਰ ਪੰਜਾਬੀ ਗਾਇਕਾ ਮਨਿੰਦਰ ਦਿਓਲ ਅਤੇ ਬਾਅਦ ਵਿੱਚ ਰੂਪਿੰਦਰ ਰੂਪੀ ਨਾਲ ਲੰਮਾ ਸਮਾਂ ਦੋਗਾਣਾ ਗਾਇਕੀ ਰਾਹੀਂ ਵੱਡੀ ਗਿਣਤੀ ਵਿੱਚ ਪਰਿਵਾਰਕ ਅਤੇ ਸੱਭਿਆਚਾਰਕ ਗੀਤ ਪੰਜਾਬੀ ਸੰਗੀਤ ਅਤੇ ਸਰੋਤਿਆਂ ਦੀ ਝੋਲੀ ਵਿੱਚ ਪਾਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਕਾਲੋਮਾਜਰਾ (ਬਨੂੜ) ਵਿਖੇ ਕੀਤਾ ਗਿਆ। ਉਨ੍ਹਾਂ ਨਮਿੱਤ ਅੰਤਿਮ ਅਰਦਾਸ 27 ਦਸੰਬਰ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ।
ਇਸੇ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਜੱਸੀ ਥੂਹਾ, ਸੁਰਿੰਦਰ ਸਿੰਘ ਭਾਅ ਜੀ, ਹਰਕੰਵਲ ਸਿੰਘ ਕੰਗ, ਬਲਵਿੰਦਰ ਸਿੰਘ ਸੈਹਬੀ, ਸਾਧੂ ਸਿੰਘ ਖਲੋਰ, ਸੁਖਦੇਵ ਸਿੰਘ ਚੰਗੇਰਾ, ਨਰਿੰਦਰ ਅਬਰਾਵਾਂ, ਬਲਦੇਵ ਕਾਕੜੀ, ਸਾਬਕਾ ਕੌਂਸਲਰ ਫੂਲਰਾਜ ਸਿੰਘ, ਮੁਲਾਜ਼ਮ ਆਗੂ ਲੱਖਾ ਸਿੰਘ, ਗੁਰਮੀਤ ਸਿੰਘ ਮੁਹਾਲੀ, ਇੰਦਰਜੀਤ ਜੀਤੂ, ਅਮਰਜੀਤ ਧੀਮਾਨ, ਹਰਿੰਦਰਜੀਤ ਹਰ, ਰਣਜੀਤ ਰਾਣਾ ਸਮੇਤ ਵਿਅਕਤੀਆਂ ਨੇ ਗਾਇਕ ਅਵਤਾਰ ਤਾਰੀ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।