nabaz-e-punjab.com

ਪੰਜਾਬੀ ਅਧਿਆਪਕਾਂ ਵੱਲੋਂ ਨੌਵੀਂ ਤੇ ਦਸਵੀਂ ਜਮਾਤ ਲਈ ਪੰਜਾਬੀ ਵਿਸ਼ੇ ਦੇ ਪੀਰੀਅਡ ਵਧਾਉਣ ਦੀ ਮੰਗ

ਪੰਜਾਬ ਬੋਰਡ ਨੇ ਸਮੈਸਟਰ ਸਿਸਟਮ ਸ਼ੁਰੂ ਕਰਨ ਵੇਲੇ ਵਧਾਇਆ ਸੀ ਪੰਜਾਬੀ ਦਾ ਸਿਲੇਬਸ, ਮੁੜ ਘਟਾਉਣਾ ਭੁੱਲਿਆ

ਵਿਸ਼ਾ ਮਾਹਰ ਅਧਿਆਪਕ ਬਿਨਾਂ ਵਿਦਿਆਰਥੀਆਂ ਨੂੰ ਵਿਸ਼ੇ ਦੀ ਸਹੀ ਜਾਣਕਾਰੀ ਦੇਣਾ ਅਸੰਭਵ: ਜਸਵੀਰ ਸਿੰਘ ਗੜਾਂਗ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਗਸਤ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨੌਂਵੀਂ ਦਸਵੀਂ ਜਮਾਤਾਂ ਲਈ ਮੌਜੂਦਾ ਪੰਜਾਬੀ ਦਾ ਸਿਲੇਬਸ ਇੰਨਾ ਜ਼ਿਆਦਾ ਹੈ ਕਿ ਨੌਵੀਂ ਦਸਵੀਂ ਜਮਾਤਾਂ ਲਈ ਛੇ ਤੋਂ ਸੱਤ ਪੀਰੀਅਡ ਕਰਨ ਦੇ ਬਾਵਜੂਦ ਵੀ ਸਿਲੇਬਸ ਸਮੇਂ ਸਿਰ ਪੂਰਾ ਕਰਾਉਣਾ ਬਹੁਤ ਅੌਖਾ ਹੈ ਅਤੇ ਦੁਹਰਾਈ ਕਰਾੳਣ ਲਈ ਸਮਾਂ ਨਹੀਂ ਮਿਲਦਾ। ਪੰਜਾਬੀ ਅਧਿਆਪਕ ਜਸਵੀਰ ਸਿੰਘ ਗੜਾਂਗ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਦੋਂ ਸਮੈਸਟਰ ਸਿਸਟਮ ਸ਼ੁਰੂ ਕੀਤਾ ਸੀ ,ੳਦੋਂ ਨੌਂਵੀਂ, ਦਸਵੀਂ ਜਮਾਤਾਂ ਦੇ ਸਿਲੇਬਸ ਵਿੱਚ ਲੱਗ ਭੱਗ 25 ਫੀਸਦੀ ਵਾਧਾ ਕੀਤਾ ਸੀ ਪਰ ਸਲਾਨਾ ਸਿਸਟਮ ਸ਼ੁਰੂ ਹੋਣ ਤੇ ਬੋਰਡ ਨੇ ਸਿਲੇਬਸ ਨੂੰ ਮੁੜ ਘਟਾਇਆ ਹੀ ਨਹੀਂ। ਜਿਸ ਦਾ ਖ਼ਮਿਆਜ਼ਾ ਅਧਿਆਪਕਾਂ ਦੇ ਨਾਲ ਨਾਲ ਵਿਦਿਆਰਥੀ ਵੀ ਭੁਗਤ ਰਹੇ ਹਨ, ਕਿਉਂਕਿ ਨੌਵੀਂ ਦਸਵੀਂ ਦੀ ਸਾਲਾਨਾ ਪ੍ਰੀਖਿਆਵਾਂ ਪੂਰੇ ਸਾਲ ਦੇ ਸਿਲੇਬਸ ਵਿੱਚੋਂ ਲਈਆਂ ਜਾਂਦੀਆਂ ਹਨ। ਜਿਸ ਕਾਰਨ ਵਿਦਿਆਰਥੀ ਪੰਜਾਬੀ ਦਾ ਸਿਲੇਬਸ ਜ਼ਿਆਦਾ ਹੋਣ ਕਾਰਨ ਕਠਿਨਾਈਆਂ ਦਾ ਸਾਹਮਣਾ ਕਰ ਰਹੇ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦੋਂ 6 ਮਹੀਨੇ ਦੇ ਸਿਲੇਬਸ ਦੀ ਅਸੈਸਮੈਂਟ ਸਕੂਲ ਵੱਲੋਂ ਬੋਰਡ ਨੂੰ ਭੇਜ ਦਿੱਤੀ ਜਾਂਦੀ ਹੈ ਤਾਂ ਸਾਲਾਨਾ ਪ੍ਰੀਖਿਆ ਪੂਰੇ ਸਿਲੇਬਸ ‘ਚੋਂ ਲੈਣ ਦੀ ਕੋਈ ਤੁੱਕ ਨਹੀਂ ਬਣਦੀ। ੳਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਦੀ ਮੌਜੂਦਾ ਰੈਸ਼ਨੇਲਾਈਜ਼ੇਸ਼ਨ ਦੀ ਨੀਤੀ ਵਿੱਚ ਵੀ ਪੰਜਾਬੀ ਵਿਸ਼ੇ ਨਾਲ ਵਿਤਕਰਾ ਕੀਤਾ ਗਿਆ ਹੈ। ਮੌਜੂਦਾ ਨੀਤੀ ਵਿੱਚ ਪੰਜਾਬੀ ਵਿਸ਼ੇ ਦਾ ਦੂਜਾ ਅਧਿਆਪਕ 42 ਪੀਰੀਅਡਾਂ ਤੋਂ ਬਾਅਦ ਦਿੱਤਾ ਜਾਂਦਾ ਹੈ ਜਦਕਿ ਦੂਜੇ ਵਿਸ਼ਿਆਂ ਵਿੱਚ 34 ਅਤੇ 36 ਪੀਰੀਅਡਾਂ ਤੋਂ ਬਾਅਦ ਦੂਜਾ ਅਧਿਆਪਕ ਦੇ ਦਿੱਤਾ ਜਾਂਦਾ ਹੈ। ਜਦਕਿ ਪੰਜਾਬੀ ਵਿਸ਼ੇ ਦਾ ਸਬੰਧ ਸਾਰੇ ਵਿਸ਼ਿਆਂ ਦਾ ਮਾਧਿਅਮ ਪੰਜਾਬੀ ਹੋਣ ਕਰਕੇ ਦੂਜੇ ਵਿਸ਼ਿਆਂ ਨਾਲ ਵੀ ਹੈ ਜੇਕਰ ਵਿਦਿਆਰਥੀ ਪੰਜਾਬੀ ਵਿਸ਼ੇ ਵਿੱਚ ਚੰਗੇ ਹੋਣਗੇ ਤਾਂ ਦੂਜੇ ਵਿਸ਼ਿਆਂ ਵਿੱਚ ਵੀ ਕਾਰਗੁਜ਼ਾਰੀ ਵਧੀਆ ਹੋਣੀ ਲਾਜਮੀ ਹੈ।
ਸਰਵ ਸਿੱਖਿਆ ਅਭਿਆਨ ਤਹਿਤ ਅਪਗ੍ਰੇਡ ਹੋਏ ਜਿਅਦਾਤਰ ਮਿਡਲ ਸਕੂਲਾਂ ਵਿਚ ਪੰਜਾਬੀ ਦੀਆਂ ਅਸਾਮੀਆਂ ਹੀ ਨਹੀਂ ਹਨ, ਉਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਪੰਜਾਬੀ ਅਧਿਆਪਕ ਕੋਲੋਂ ਜੋ ਛੇਵੀਂ ਜਮਾਤ ਵਿੱਚ ਸਿੱਖਣਾ ਹੁੰਦਾ ਹੈ, ਉਹ ਨੌਵੀਂ ਸ਼੍ਰੇਣੀ ਵਿੱਚ ਸਿੱਖਦੇ ਹਨ ਕਿਉਂਕਿ ਵਿਸ਼ਾ ਮਾਹਰ ਅਧਿਆਪਕ ਬਿਨਾਂ ਵਿਦਿਆਰਥੀਆਂ ਨੂੰ ਵਿਸ਼ੇ ਦੀ ਸਹੀ ਜਾਣਕਾਰੀ ਦੇਣੀ ਅਸੰਭਵ ਹੈ। ਪੰਜਾਬੀ ਅਧਿਆਪਕਾਂ ਨੇ ਸਿੱਖਿਆ ਸਕੱਤਰ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵੀ ਹਨ ਤੋਂ ਪੁਰਜੋਰ ਮੰਗ ਕੀਤੀ ਕਿ ਪੰਜਾਬੀ ਵਿਸ਼ੇ ਦੇ ਪੀਰੀਅਡ ਵਧਾਏ ਜਾਣ ਅਤੇ ਸਰਵ ਸਿੱਖਿਆ ਅਭਿਆਨ ਤਹਿਤ ਅਪਗ੍ਰੇਡ ਹੋਏ ਸਾਰੇ ਸਕੂਲ਼ਾਂ ਵਿੱਚ ਪੰਜਾਬੀ ਵਿਸ਼ੇ ਦੀਆਂ ਅਸਾਮੀਆਂ ਦਿੱਤੀਆਂ ਜਾਣ। ਪੰਜਾਬੀ ਅਧਿਆਪਕਾਂ ਨੇ ਇਹ ਵੀ ਮੰਗ ਕੀਤੀ ਕਿ ਪੰਜਾਬੀ ਲੈਕਚਰਾਰ ਪੰਜਾਬੀ ਮਾਸਟਰਾਂ ਵਿੱਚੋਂ ਹੀ ਪਦ-ਉੱਨਤ ਕੀਤੇ ਜਾਣ। ਇਸ ਮੌਕੇ ਰਜਿੰਦਰ ਸਿੰਘ, ਸਤਿੰਦਰਜੀਤ ਕੌਰ, ਬਲਜੀਤ ਕੌਰ, ਸੁਖਨਿੰਦਰ ਕੌਰ, ਕੁਲਜਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…