
ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬੰਦ ਕੀਤਾ ਮੁਹਾਲੀ ਵਿਚਲਾ ਰੀਜਨਲ ਸੈਂਟਰ
ਵਿਦਿਆਰਥੀਆਂ ਵੱਲੋਂ ਸੈਂਟਰ ਬੰਦ ਕਰਨ ਵਿਰੁੱਧ ਰੋਸ ਪ੍ਰਦਰਸ਼ਨ, ਨਾਅਰੇਬਾਜ਼ੀ
ਵਿਦਿਆਰਥੀਆਂ ਦੀ ਘੱਟ ਗਿਣਤੀ ਕਾਰਨ ਬੰਦ ਕਰਨਾ ਪੈ ਰਿਹਾ ਹੈ ਮੁਹਾਲੀ ਵਾਲਾ ਰੀਜਨਲ ਸੈਂਟਰ: ਡਾ. ਅਰਵਿੰਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮੁਹਾਲੀ ਦੇ ਫੇਜ਼-7 ਵਿਚਲਾ ਰੀਜਨਲ ਸੈਂਟਰ ਬੰਦ ਕਰਨ ਦਾ ਫੈਸਲਾ ਲੈਣ ਕਾਰਨ ਨੌਜਵਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰਵਿੰਦ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਘਾਟ ਕਾਰਨ ਮਜਬੂਰੀ ਵਿੱਚ ਸੈਂਟਰ ਨੂੰ ਬੰਦ ਕਰਨਾ ਪਿਆ ਹੈ। ਇੱਥੇ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੋਰਨਾਂ ਸੰਸਥਾਵਾਂ ਵਿੱਚ ਤਬਦੀਲ ਕਰਨ ਦੇ ਫੈਸਲੇ ਦੇ ਵਿਰੋਧ ਵਿੱਚ ਅੱਜ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।
ਰੀਜਨਲ ਸੈਂਟਰ ਦੇ ਬਾਹਰ ਇਕੱਠੇ ਹੋਏ ਵਿਦਿਆਰਥੀਆਂ ਜਸਕਰਨ ਸਿੰਘ, ਗੁਰਕੀਰਤ ਸਿੰਘ, ਪਲਵਿੰਦਰ ਸਿੰਘ, ਅਮਿਤ ਕੁਮਾਰ, ਅਖਿਲੇਸ਼, ਆਯੂਸ਼, ਅਭਿਸ਼ੇਕ, ਕਰਨ, ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਲਜ ਬਦਲਣ ਲਈ ਜ਼ੋਰ ਪਾਇਆ ਜਾ ਰਿਹਾ ਹੈ। ਸੈਂਟਰ ਵੱਲੋਂ ਉਨ੍ਹਾਂ ਨੂੰ ਮੈਸੇਜ ਭੇਜਿਆ ਗਿਆ ਹੈ ਕਿ ਉਹ ਸ਼ਹਿਰ ਦੇ ਫੇਜ਼-6 ਜਾਂ ਫੇਜ਼-3 ਵਿਚਲੇ ਕਾਲਜ ਵਿੱਚ ਤਬਦੀਲ ਹੋ ਜਾਣ ਅਤੇ ਕੁੱਝ ਵਿਦਿਆਰਥੀਆਂ ਨੂੰ ਪਟਿਆਲਾ ਦੇ ਕਾਲਜਾਂ ਵਿੱਚ ਜਾਣ ਲਈ ਕਿਹਾ ਗਿਆ ਹੈ। ਸੈਂਟਰ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਇੱਥੇ ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਲਿਹਾਜ਼ਾ ਪੁਰਾਣੇ ਕੋਰਸਾਂ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਸੰਦ ਦੇ ਕਾਲਜ ਵਿੱਚ ਸ਼ਿਫ਼ਟ ਕਰ ਦਿੱਤਾ ਜਾਵੇਗਾ। ਅਧਿਆਪਕਾਂ ਨੂੰ ਵੀ ਯੂਨੀਵਰਸਿਟੀ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਢਾਈ ਮਹੀਨੇ ਤੋਂ ਦੋ ਅਧਿਆਪਕ ਪੜ੍ਹਾ ਰਹੇ ਹਨ ਜਦੋਂਕਿ ਟੈਕਨੀਕਲ ਦੀਆਂ ਦੋ ਅਧਿਆਪਕਾਵਾਂ ਹਨ।
ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕੁੱਝ ਵੀ ਲਿਖਤੀ ਰੂਪ ’ਚ ਨਹੀਂ ਦਿੱਤਾ ਜਾ ਰਿਹਾ ਅਤੇ ਸਿਰਫ਼ ਜ਼ੁਬਾਨੀ ਹੀ ਕਿਸੇ ਹੋਰ ਥਾਂ ਸ਼ਿਫ਼ਟ ਲਈ ਕਿਹਾ ਜਾ ਰਿਹਾ ਹੈ। ਨੌਜਵਾਨਾਂ ਨੇ ਕਿਹਾ ਕਿ ਕੋਵਿਡ ਕਾਰਨ ਪਹਿਲਾਂ ਹੀ ਪੜ੍ਹਾਈ ਪ੍ਰਭਾਵਿਤ ਹੋ ਚੁੱਕੀ ਹੈ ਅਤੇ ਹੁਣ ਉਨ੍ਹਾਂ ਨੂੰ ਹੋਰ ਕਿਤੇ ਸ਼ਿਫ਼ਟ ਹੋਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੈਂਟਰ ਵਿੱਚ 4-5 ਅਧਿਆਪਕ ਹਨ ਜਦੋਂਕਿ ਵਿਦਿਆਰਥੀਆਂ ਦੀ ਗਿਣਤੀ 60-70 ਹੈ। ਉਨ੍ਹਾਂ ਵੱਲੋਂ ਕੋਰਸ ਦੀ ਫੀਸ ਭਰੀ ਜਾ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਨੌਜਵਾਨਾਂ ਦੇ ਭਵਿੱਖ ਨੂੰ ਦੇਖਦੇ ਹੋਏ ਸੈਂਟਰ ਵਿੱਚ ਲੋੜੀਂਦੇ ਅਧਿਆਪਕ ਤਾਇਨਾਤ ਕੀਤੇ ਜਾਣ। ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਪ੍ਰੰਤੂ ਯੂਨੀਵਰਸਿਟੀ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਹੈ ਕਿ ਇਸਦਾ ਕੋਈ ਹੋਰ ਹੱਲ ਕੱਢਿਆ ਜਾਵੇਗਾ। ਮੌਕੇ ’ਤੇ ਹਾਜ਼ਰ ਮੁਹਾਲੀ ਸੈਂਟਰ ਦੀ ਐਸੋਸੀਏਟ ਪ੍ਰੋਫੈਸਰ ਡਾ. ਅੰਬਿਕਾ ਪਾਟਿਲ ਨੇ ਕਿਹਾ ਕਿ ਉਹ ਇਸ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ ਹਨ। ਯੂਨੀਵਰਸਿਟੀ ਦੇ ਅਧਿਕਾਰੀ ਹੀ ਕੁੱਝ ਦੱਸ ਸਕਦੇ ਹਨ।
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰਵਿੰਦ ਦਾ ਕਹਿਣਾ ਹੈ ਕਿ ਇਸ ਸੈਂਟਰ ਨੂੰ ਮਜਬੂਰੀ ਵਿੱਚ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਇੱਥੇ ਤਾਇਨਾਤ ਸਟਾਫ਼ ਅਤੇ ਸੈਂਟਰ ਦੀ ਸਮਰਥਾ ਅਨੁਸਾਰ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਘੱਟ ਹੈ। ਸੈਂਟਰ ਨੂੰ ਚਲਾਉਣ ਲਈ ਘੱਟੋ ਘੱਟ 500 ਵਿਦਿਆਰਥੀ ਹੋਣੇ ਚਾਹੀਦੇ ਹਨ ਪ੍ਰੰਤੂ ਇੱਥੇ 10 ਕੁ ਫੀਸਦੀ ਵਿਦਿਆਰਥੀ ਹਨ। ਅਜਿਹੇ ਹਾਲਤਾਂ ’ਚ ਸੈਂਟਰ ਚਲਾਉਣਾ ਸੰਭਵ ਨਹੀਂ ਹੈ। ਕੁੱਝ ਕੋਰਸ ਅਜਿਹੇ ਹਨ ਜਿਨ੍ਹਾਂ ’ਚ ਸਿਰਫ਼ 1 ਜਾਂ 2 ਵਿਦਿਆਰਥੀ ਹੀ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇਸ ਸੈਂਟਰ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਪ੍ਰੰਤੂ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦਿਆਂ ਮੁਹਾਲੀ ਅਤੇ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿੱਚ ਦਾਖ਼ਲ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।