nabaz-e-punjab.com

ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਵੱਲੋਂ ਨਵੀਂ ਜਥੇਬੰਦੀ ਯੂਨੀਵਰਸਿਟੀ ਟੀਚਰਜ਼ ਫੋਰਮ ਦਾ ਗਠਨ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 17 ਸਤੰਬਰ:
ਪੰਜਾਬੀ ਯੂਨੀਵਰਸਿਟੀ ਪਟਿਆਲਾ ਅੱਜ ਇੱਥੋਂ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੇ ਯੂਨੀਵਰਸਿਟੀ ਅਧਿਕਾਰੀਆਂ ਅਤੇ ਸਰਕਾਰ ਖ਼ਿਲਾਫ਼ ਫੁੱਟ ਰਹੇ ਰੋਹ ਪੂਰੀ ਲਾਵੇ ਕਾਰਨ ਚਰਚਾ ਵਿੱਚ ਹੈ। ਯੂਨੀਵਰਸਿਟੀ ਦੀ ਵਿੱਤੀ ਸਥਿਤੀ ਦਿਨੋ-ਦਿਨ ਨਿਘਰਦੀ ਜਾ ਰਹੀ ਹੈ। ਜਿਸ ਕਾਰਨ ਅਧਿਆਪਕ ਅਤੇ ਗੈਰ-ਅਧਿਆਪਨ ਅਮਲਾ ਬਹੁਤ ਗੁੱਸੇ ਵਿੱਚ ਹੈ। ਹਰ ਮਹੀਨੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਉਨ੍ਹਾਂ ਦੀ ਤਨਖ਼ਾਹ ਬਹੁਤ ਦੇਰੀ ਨਾਲ ਮਿਲਦੀ ਹੈ। ਇਸ ਵਾਰ ਤਾਂ ਤਨਖ਼ਾਹ 15 ਦਿਨ ਦੇਰੀ ਨਾਲ ਮਿਲੀ ਹੈ।
ਇਸ ਤੋਂ ਇਲਾਵਾ ਪਿਛਲੇ 15 ਸਾਲਾਂ ਤੋਂ ਕੁੱਝ ਕਾਨੂੰਨੀ ਅੜਚਨਾਂ ਕਾਰਨ ਅਧਿਆਪਕਾਂ ਦੀ ਸੰਵਿਧਾਨਿਕ ਜੱਥੇਬੰਦੀ ‘ਪੂਟਾ’ ਦਾ ਗਠਨ ਸੰਭਵ ਨਹੀਂ ਹੋ ਸਕਿਆ। ਜਿਸ ਕਾਰਨ ਅਧਿਆਪਕਾਂ ਦੇ ਜ਼ਰੂਰੀ ਮਸਲੇ ਜਿਉਂ ਦੀ ਤਿਉਂ ਖੜ੍ਹੇ ਹਨ। ਪਿਛਲੇ ਕਈ ਦਿਨਾਂ ਤੋਂ ਯੂਨੀਵਰਸਿਟੀ ਅਧਿਆਪਕਾਂ ਵੱਲੋਂ ਪੂਟਾ ਦੇ ਨਵ-ਨਿਰਮਾਣ ਅਤੇ ਹੋਰ ਮਸਲਿਆਂ ਦੇ ਹੱਲ ਲਈ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਲੜੀ ਵਿੱਚ ਯੂਨੀਵਰਸਿਟੀ ਅਧਿਆਪਕਾਂ ਦੀ ਇੱਕ ਭਰਵੀਂ ਮੀਟਿੰਗ ਵਿੱਚ ਇੱਕ ਨਵੀਂ ਜੱਥੇਬੰਦੀ ‘ਯੂਨੀਵਰਸਿਟੀ ਟੀਚਰਜ਼ ਫੋਰਮ’ (ਯੂਟੀਐਫ) ਦਾ ਗਠਨ ਕੀਤਾ ਗਿਆ। ਪਹਿਲੀ ਮੀਟਿੰਗ ਵਿੱਚ ਹੇਠ ਲਿਖੇ ਅਹੁਦੇਦਾਰਾਂ ਦੀ ਸਰਵ ਸੰਮਤੀ ਨਾਲ ਚੋਣ ਹੋਈ ਜਿਸ ਵਿੱਚ ਪ੍ਰੋ. ਵਰਿੰਦਰ ਕੁਮਾਰ ਕੌਸ਼ਿਕ ਕਨਵੀਨਰ, ਪ੍ਰੋ. ਰਮਿੰਦਰ ਸਿੰਘ ਕੋ-ਕਨਵੀਨਰ, ਇੰਜ. ਸਿਕੰਦਰ ਸਿੰਘ ਚੀਮਾ ਕੋ-ਕਨਵੀਨਰ, ਡਾ. ਸੁਰਜੀਤ ਸਿੰਘ ਪੁਆਰ ਸਕੱਤਰ, ਡਾ. ਚਰਨਜੀਵ ਸਿੰਘ ਵਿੱਤ ਸਕੱਤਰ, ਡਾ. ਜਸਮੀਤ ਕੌਰ ਢਿੱਲੋਂ ਸੰਯੁਕਤ ਸਕੱਤਰ ਅਤੇ ਪੰਜ ਕਾਰਜਕਾਰਨੀ ਮੈਂਬਰ ਚੁਣੇ ਗਏ।
ਇਸ ਮੌਕੇ ਜੱਥੇਬੰਦੀ ਯੂਟੀਐਫ ਵੱਲੋਂ ਯੂਨੀਵਰਸਿਟੀ ਅਧਿਆਪਕਾਂ ਅਤੇ ਗੈਰ ਅਧਿਆਪਕ ਅਮਲੇ ਨੂੰ ਸਮੇਂ ਸਿਰ ਤਨਖਾਹ ਦੇਣ ਅਤੇ ਰਿਟਾਇਰਡ ਕਰਮਚਾਰੀਆਂ ਨੂੰ ਸਮੇਂ ਸਿਰ ਪੈਨਸ਼ਨ ਦੇਣਾ, ਪੰਜਾਬੀ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ (ਪੂਟਾ) ਨੂੰ ਮੁੜ ਸੁਰਜੀਤ ਕਰਨ, ਸੱਤਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਜਲਦ ਲਾਗੂ ਕਰਨ, ਯੂਨੀਵਰਸਿਟੀ ਦੇ ਰੀਜਨਲ ਸੈਂਟਰਾਂ, ਕੰਸਟੀਚਿਊਐਂਟ ਕਾਲਜਾਂ ਅਤੇ ਨੇਬਰਹੁੱਡ ਕੈਂਪਸਾਂ ਦੇ ਅਧਿਆਪਕਾਂ ਨੂੰ ਆਪਣੇ ਵਾਹਨਾਂ ਲਈ ਪੱਕੇ ਤੌਰ ’ਤੇ ਸਟੀਕਰ ਜਾਂ ਪਾਸ ਜਾਰੀ ਕਰਨ ਅਤੇ ਅਧਿਆਪਕਾਂ ਦੀਆਂ ਬਦਲੀਆਂ ਲਈ ਪਾਰਦਰਸ਼ੀ ਨੀਤੀ ਬਣਾਉਣ ਦੀਆਂ ਮੰਗਾਂ ਲਈ ਸੰਘਰਸ਼ ਵਿੱਢਣ ਦਾ ਪ੍ਰਣ ਕੀਤਾ ਗਿਆ। ਇਸ ਤੋਂ ਇਲਾਵਾ ਜੱਥੇਬੰਦੀ ਦੇ ਅਹੁਦੇਦਾਰਾਂ ਨੇ ਯੂਨੀਵਰਸਿਟੀ ਦੇ ਬਾਕੀ ਅਧਿਆਪਕਾਂ ਨਾਲ ਮਿਲ ਕੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਆਹਿਦ ਕੀਤਾ।
ਜਾਰੀ ਕਰਤਾ

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…