Nabaz-e-punjab.com

ਪੰਜਾਬੀ ਪ੍ਰਤੀ ਮੋਹ: ਮਾਰਕੀਟਾਂ ਤੇ ਗਲੀ ਮੁਹੱਲਿਆਂ ਵਿੱਚ ਮਾਂ ਬੋਲੀ ਬਾਰੇ ਜਾਗਰੂਕਤਾ ਦਾ ਹੋਕਾ ਦੇਣ ਦਾ ਬੀੜਾ ਚੁੱਕਿਆ

ਮੁਹਾਲੀ ਵਿੱਚ ਦੁਕਾਨਾਂ ਦੇ ਬੋਰਡ ਪੰਜਾਬੀ ਵਿੱਚ ਲਿਖਵਾਉਣ ਲਈ ਵੱਡੇ ਪੱਧਰ ’ਤੇ ਮੁਹਿੰਮ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਾਰਚ:
ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਅਤੇ ਸਮਾਜ ਸੇਵੀ ਆਗੂ ਸਤਵੀਰ ਸਿੰਘ ਧਨੋਆ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਮੋਹ ਦਿਖਾਉਂਦਿਆਂ ਮਾਰਕੀਟਾਂ ਅਤੇ ਗਲੀ ਮੁਹੱਲਿਆਂ ਵਿੱਚ ਜਾਗਰੂਕਤਾ ਦਾ ਹੋਕਾ ਦੇਣ ਦਾ ਬੀੜਾ ਚੁੱਕਿਆ ਹੈ। ਜਿਸ ਦੀ ਸ਼ੁਰੂਆਤ ਸੋਮਵਾਰ ਨੂੰ ਇੱਥੋਂ ਦੇ ਫੇਜ਼-7 ਦੀ ਮਾਰਕੀਟ ਤੋਂ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਸ਼ਹਿਰ ਦੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਮਸ਼ਹੂਰੀ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖਵਾਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਿਹੜੇ ਦੁਕਾਨਦਾਰ ਆਪਣੀਆਂ ਦੁਕਾਨਾਂ ਜਾਂ ਕੰਪਨੀਆਂ ਦੇ ਬੋਰਡ ਪੰਜਾਬੀ ਵਿੱਚ ਲਿਖਵਾਉਣਗੇ, ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।
ਸ੍ਰੀ ਧਨੋਆ ਨੇ ਦੱਸਿਆ ਕਿ ਇਸ ਕਾਰਜ ਦੀ ਸਫਲਤਾ ਲਈ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਅਤੇ ਪੰਜਾਬੀ ਮੀਡੀਆ ਨਾਲ ਜੁੜੇ ਪੱਤਰਕਾਰਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅਜੋਕੇ ਸਮੇਂ ਵਿੱਚ ਪੰਜਾਬੀ ਹੀ ਆਪਣੀ ਮਾਂ ਬੋਲੀ ਤੋਂ ਮੂੰਹ ਫੇਰਨ ਲੱਗ ਪਏ ਹਨ। ਇਹੀ ਨਹੀਂ ਕੁਝ ਮਾਪੇ ਘਰਾਂ ਵਿੱਚ ਵੀ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਅਤੇ ਹਿੰਦੀ ਬੋਲਣ ਅਤੇ ਗੱਲ ਕਰਦਿਆਂ ਸੁਣ ਕੇ ਮਾਣ ਜਿਹਾ ਮਹਿਸੂਸ ਕਰਦੇ ਹਨ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੇ ਨਾਲ ਨਾਲ ਅਸੀਂ ਖ਼ੁਦ ਵੀ ਪੰਜਾਬੀ ਨੂੰ ਨੀਵਾਂ ਦਿਖਾਉਣ ਵਿੱਚ ਕੋਈ ਕਸਰ ਨਹੀ ਛੱਡ ਰਹੇ।
ਉੱਘੇ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਪੰਜਾਬੀ ਵਿੱਚ ਬੋਰਡ ਲਿਖਵਾਉਣ ਨਾਲ ਪਿੰਡਾਂ/ਸ਼ਹਿਰਾਂ ਤੋਂ ਆਉਣ ਵਾਲੇ ਗਾਹਕਾਂ ਨੂੰ ਵੱਖ ਵੱਖ ਮਾਰਕੀਟਾਂ ਵਿੱਚ ਸਬੰਧਤ ਦੁਕਾਨ ਲੱਭਣ ਵਿੱਚ ਵੀ ਆਸਾਨੀ ਹੋਵੇਗੀ। ਉਨ੍ਹਾਂ ਦੁਕਾਨਦਾਰਾਂ ਵੱਲੋਂ ਮਿਲੇ ਹਾਂ ਪੱਖੀ ਰਵੱਈਏ ਪ੍ਰਤੀ ਉਤਸ਼ਾਹਿਤ ਹੁੰਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮੁਹਿੰਮ ਨੂੰ ਪੰਜਾਬੀ ਪ੍ਰੇਮੀਆਂ ਨਾਲ ਮਿਲ ਕੇ ਜਲਦੀ ਹੀ ਘਰ ਘਰ ਪਹੁੰਚਾਉਣ ਲਈ ਲੋਕ ਲਹਿਰ ਖੜੀ ਕੀਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਅਕਾਲੀ ਦਲ ਦੇ ਸਕੱਤਰ ਪਰਮਜੀਤ ਸਿੰਘ ਕਾਹਲੋਂ ਅਤੇ ਅਕਾਲੀ ਕੌਂਸਲਰ ਫੂਲਰਾਜ ਸਿੰਘ ਤੇ ਕਮਲਜੀਤ ਸਿੰਘ ਰੂਬੀ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਲੋਕ ਲਹਿਰ ਦਾ ਰੂਪ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਪੰਜਾਬੀ ਹਿਤੈਸ਼ੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣ ਕੇ ਆਪਣੀ ਮਾਂ ਬੋਲੀ ਨੂੰ ਬਣਦਾ ਸਥਾਨ ਦਿਵਾਉਣ ਲਈ ਅੱਗੇ ਆਉਣ। ਕਿਉਂਕਿ ਵਿਦਵਾਨ ਅਤੇ ਬੁੱਧੀਜੀਵੀਆਂ ਦਾ ਤਰਕ ਹੈ ਕਿ ਮਾਂ ਬੋਲੀ ਤੋਂ ਸੱਖਣੇ ਬੱਚੇ ਸਮਾਜ ਅਤੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਦੇ ਵੀ ਪ੍ਰਫੁੱਲਤ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜੋ ਵੀ ਦੁਕਾਨਦਾਰ ਆਪਣੇ ਮਸ਼ਹੂਰੀ ਬੋਰਡ ਪੰਜਾਬੀ ਵਿੱਚ ਲਿਖਵਾਉਣਗੇ। ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।
ਉਧਰ, ਪਾਰਸ ਜਿਊਲਰਜ਼ ਨੇ ਇਸ ਮੁਹਿੰਮ ਦਾ ਹਿੱਸਾ ਬਣਦਿਆਂ ਆਪਣੇ ਸ਼ੋਅਰੂਮ ਦਾ ਮਸ਼ਹੂਰੀ ਬੋਰਡ ਪੰਜਾਬੀ ਵਿੱਚ ਵੀ ਲਿਖਵਾ ਲਿਆ ਹੈ। ਜਦੋਂਕਿ ਸ਼ਹਿਰ ਦੀਆਂ ਸਮੂਹ ਮਾਰਕੀਟ ਦੇ ਦੁਕਾਨਦਾਰਾਂ ਨੇ ਵੀ ਭਰੋਸਾ ਦਿੱਤਾ ਹੈ ਕਿ ਉਹ ਜਲਦ ਹੀ ਆਪਣੀਆਂ ਦੁਕਾਨਾਂ ਦੇ ਮਸ਼ਹੂਰੀ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖਵਾਉਣਗੇ। ਇਸ ਮੌਕੇ ਮੇਜਰ ਸਿੰਘ, ਸੁਖਦੇਵ ਸਿੰਘ ਵਾਲੀਆ, ਜੋਗਿੰਦਰ ਸਿੰਘ, ਕੁਲਦੀਪ ਸਿੰਘ ਭਿੰਡਰ, ਜਗਤਾਰ ਸਿੰਘ ਬਾਰੀਆ, ਸਾਹਿਤਕਾਰ ਡਾ. ਸੁਰਿੰਦਰ ਗਿੱਲ, ਹਰਮੀਤ ਸਿੰਘ, ਸਮਾਜ ਸੇਵੀ ਪਵਨ ਕੁਮਾਰ ਸਮੇਤ ਹੋਰ ਪੰਜਾਬੀ ਹਿਤੈਸ਼ੀ ਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਨੇ ਡਾਇਰੈਕਟਰ ਉਚੇਰੀ ਸਿੱਖਿਆ ਦਾ ਦਫ਼ਤਰ ਘੇਰਿਆ

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਨੇ ਡਾਇਰੈਕਟਰ ਉਚੇਰੀ ਸਿੱਖਿਆ ਦਾ ਦਫ਼ਤਰ ਘੇਰਿਆ ਮਹਿਲਾ ਪ੍ਰੋਫ਼ੈਸਰਾਂ ਸਮ…