Nabaz-e-punjab.com

ਟਰੈਵਲ ਏਜੰਟ ਵੱਲੋਂ ਅਰਬ ਦੇਸ਼ਾਂ ਵਿੱਚ ਨੌਕਰੀ ਦਿਵਾਉਣ ਝਾਂਸਾ ਦੇ ਕੇ ਪੰਜਾਬੀ ਅੌਰਤਾਂ ਨੂੰ ਬਣਾਇਆ ਜਾ ਰਿਹਾ ਹੈ ਬੰਦੀ

ਕਵੈਤ ਵਿੱਚ ਬੰਧਕ ਬਣੀ ਗੁਰਦਾਸਪੁਰ ਦੀ ਅੌਰਤ ਨੂੰ ਸਹੀ ਸਲਾਮਤ ਛੁਡਾ ਕੇ ਵਾਪਸ ਲਿਆਂਦਾ

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲੱਖ ਰੁਪਏ ਮੁਆਵਜ਼ਾ ਦਿੱਤਾ, ਅੌਰਤ ਦੇ ਮੁੜ ਵਸੇਬੇ ਦੀ ਕਾਰਵਾਈ ਆਰੰਭ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੁਲਾਈ:
ਟਰੈਵਲ ਏਜੰਟਾਂ ਵੱਲੋਂ ਕਥਿਤ ਤੌਰ ’ਤੇ ਪੰਜਾਬੀ ਅੌਰਤਾਂ ਨੂੰ ਅਰਬ ਦੇਸ਼ਾਂ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਵਿਦੇਸ਼ੀ ਮੁਲਕ ਵਿੱਚ ਬੰਦਕ ਬਣਾ ਕੇ ਉਨ੍ਹਾਂ ਉੱਤੇ ਕਈ ਤਰ੍ਹਾਂ ਦੇ ਜੁਲਮ ਢਾਹੁਣ ਅਤੇ ਪੀੜਤ ਅੌਰਤਾਂ ਤੋਂ ਜਬਰੀ ਕੰਮ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਅੌਰਤਾਂ ਨੂੰ ਗੁਲਾਮਾਂ ਵਾਂਗ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਕੰਮ ਦੇ ਬਦਲੇ ਤਨਖ਼ਾਹ ਦੇ ਰੂਪ ਵਿੱਚ ਕੋਈ ਧੇਲਾ ਵੀ ਨਹੀਂ ਦਿੱਤਾ ਜਾਂਦਾ। ਇਹੀ ਨਹੀਂ ਪੀੜਤਾਂ ਨੂੰ ਆਪਣੇ ਪਰਿਵਾਰ ਨਾਲ ਗੱਲ ਕਰਨ ਦੀ ਵੀ ਇਜਾਜਤ ਨਹੀਂ ਦਿੱਤੀ ਜਾਂਦੀ। ਜਿਹੜੀ ਅੌਰਤ ਇਸ ਦਾ ਵਿਰੋਧ ਕਰਦੀ ਤਾਂ ਉਸ ’ਤੇ ਭਾਰੀ ਜੁਲਮ ਕੀਤਾ ਜਾਂਦਾ ਹੈ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੈਂਬਰ ਸਕੱਤਰ ਰੁਪਿੰਦਰਜੀਤ ਕੌਰ ਚਹਿਲ ਨੇ ਇਸ ਗੱਲ ਖੁਲਾਸਾ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਮਨੁੱਖੀ ਤਸਕਰੀ ਦੀ ਸ਼ਿਕਾਰ ਹੋਈ ਗੁਰਦਾਸਪੁਰ ਦੀ ਇਕ ਅੌਰਤ ਨੂੰ ਇਕ ਏਜੰਟ ਵੱਲੋਂ ਕੰਮ ਦਿਵਾਉਣ ਦੇ ਬਹਾਨੇ ਕਵੈਤ ਭੇਜਿਆ ਗਿਆ ਸੀ ਅਤੇ ਉੱਥੇ ਉਸ ਉੱਤੇ ਭਾਰੀ ਅਤਿਆਚਾਰ ਕੀਤਾ ਗਿਆ।
ਪੀੜਤ ਅੌਰਤ ਦੇ ਬੱਚਿਆਂ ਵੱਲੋਂ ਗੁਰਦਾਸਪੁਰ ਵਿੱਚ ਕਾਨੂੰਨੀ ਸੇਵਾ ਅਥਾਰਟੀ ਦੀ ਸਕੱਤਰ ਕੋਲ ਸ਼ਿਕਾਇਤ ਦੇ ਕੇ ਆਪਣੀ ਮਾਂ ਨੂੰ ਵਾਪਸ ਬੁਲਾਉਣ ਲਈ ਮਦਦ ਮੰਗੀ ਗਈ ਸੀ। ਜਿਸ ਤੋਂ ਬਾਅਦ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਵੱਲੋਂ ਕਵੈਤ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਗਿਆ ਅਤੇ ਸਮਾਜ ਸੇਵੀ ਸੰਸਥਾ ਵੱਲੋਂ ਇਸ ਅੌਰਤ ਦੀ ਭਾਰਤ ਵਾਪਸੀ ਦਾ ਪ੍ਰਬੰਧ ਕੀਤਾ ਗਿਆ। ਇਹ ਮਹਿਲਾ ਅੱਜ ਹੀ ਦਿੱਲੀ ਏਅਰਪੋਰਟ ’ਤੇ ਪਹੁੰਚੀ ਸੀ। ਜਿੱਥੋਂ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਦੀ ਟੀਮ ਉਕਤ ਅੌਰਤ ਦੇ ਬੱਚਿਆਂ ਦੇ ਨਾਲ ਉਸ ਨੂੰ ਲੈਣ ਗਏ ਅਤੇ ਪੀੜਤ ਅੌਰਤ ਨੂੰ ਸਿੱਧਾ ਮੁਹਾਲੀ ਲਿਆਂਦਾ ਗਿਆ। ਮੁਹਾਲੀ ਵਿੱਚ ਅਥਾਰਟੀ ਵੱਲੋਂ ਉਸਦਾ ਮੁੱਢਲਾ ਇਲਾਜ ਕਰਵਾਇਆ ਗਿਆ ਅਤੇ ਉਸ ਨੂੰ ਇਕ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ।
ਸ੍ਰੀਮਤੀ ਚਹਿਲ ਨੇ ਕਿਹਾ ਕਿ ਅਥਾਰਟੀ ਵੱਲੋਂ ਪੀੜਤ ਅੌਰਤ ਦਾ ਇਲਾਜ ਕਰਵਾਇਆ ਜਾਵੇਗਾ ਅਤੇ ਉਸ ਲਈ ਕੌਂਸਲਿੰਗ ਕੀਤੀ ਜਾਵੇਗੀ ਤਾਂ ਜੋ ਉਹ ਆਮ ਜ਼ਿੰਦਗੀ ਜੀਅ ਸਕੇ। ਉਨ੍ਹਾਂ ਦੱਸਿਆ ਕਿ ਇਸ ਅੌਰਤ ਨੂੰ ਗੁਰਦਾਸਪੁਰ ਦੇ ਇਕ ਏਜੰਟ ਵੱਲੋਂ ਕਵੈਤ ਵਿੱਚ ਵਰਕ ਵੀਜਾ ਦਿਵਾਉਣ ਦਾ ਵਾਇਦਾ ਕਰਕੇ ਭੇਜਿਆ ਗਿਆ ਸੀ। ਉਸਨੂੰ ਪਹਿਲਾਂ ਦੁਬਈ ਭੇਜਿਆ ਗਿਆ ਜਿੱਥੋਂ ਉਸਨੂੰ ਕਵੈਤ ਭੇਜਿਆ ਗਿਆ ਅਤੇ ਉੱਥੇ ਪਹੁੰਚਦੇ ਹੀ ਉਸਨੂੰ ਇਕ ਘਰ ਵਿੱਚ ਕੈਦ ਕਰਕੇ ਉਸ ਤੋਂ ਬੰਧੂਆ ਮਜ਼ਦੂਰਾਂ ਵਾਂਗ ਕੰਮ ਲਿਆ ਜਾਣ ਲੱਗ ਪਿਆ। ਉਨ੍ਹਾਂ ਦੱਸਿਆ ਕਿ ਪੀੜਤ ਅੌਰਤ ਦੇ ਬੱਚਿਆਂ ਦੀ ਸ਼ਿਕਾਇਤ ’ਤੇ ਉਸ ਨੂੰ ਵਿਦੇਸ਼ ਭੇਜਣ ਵਾਲੇ ਏਜੰਟ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨਾਂ ਅਤੇ ਅੌਰਤਾਂ ਵਿੱਚ ਕਿਸੇ ਵੀ ਤਰੀਕੇ ਵਿਦੇਸ਼ ਜਾ ਕੇ ਕੰਮ ਕਰਨ ਦੀ ਚਾਹਤ ਦਾ ਫਾਇਦਾ ਉਠਾ ਕੇ ਏਜੰਟਾਂ ਵੱਲੋਂ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਵਿਦੇਸ਼ ਭੇਜ ਦਿੱਤਾ ਜਾਂਦਾ ਹੈ। ਜਿੱਥੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਇਸ ਸਬੰਧੀ ਜਾਗਰੂਕਤਾ ਫੈਲਾਉਣ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਵਿਕਟਿਮ ਕੰਪਨਸੇਸ਼ਨ ਸਕੀਮ, 2017 ਦੇ ਤਹਿਤ ਪੀੜਤ ਅਤੇ ਉਨ੍ਹਾਂ ਤੇ ਨਿਰਭਰ ਘਰ ਵਾਲੇ (ਜਿਨ੍ਹਾਂ ਨੇ ਨੁਕਸਾਨ, ਸੱਟ ਸਹੀ ਹੈ) ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ ਅਤੇ ਮਨੁੱਖੀ ਤਸਕਰੀ ਦੇ ਸ਼ਿਕਾਰ ਵੀ ਇਸ ਕਾਨੂੰਨ ਤਹਿਤ ਆਉਂਦੇ ਹਨ। ਜਿਸਦੇ ਤਹਿਤ ਅੱਜ ਇਸ ਪੀੜਤ ਅੌਰਤ ਨੂੰ ਇਕ ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ ਹੈ। ਇਸ ਮੌਕੇ ਵਧੀਕ ਮੈਂਬਰ ਸਕੱਤਰ ਮਨਦੀਪ ਮਿੱਤਲ, ਅਤੇ ਜਿਲ੍ਹਾ ਗੁਰਦਾਸਪੁਰ ਕਾਨੂੰਨੀ ਸੇਵਾ ਅਥਾਰਟੀ ਦੀ ਸਕੱਤਰ ਰਾਣਾ ਕੰਵਰ ਦੀਪ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੰਪਿਊਟਰ ਅਧਿਆਪਕਾਂ ਨੂੰ ਹੱਕੀ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ, ਸਿੱਖਿਆ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ

ਕੰਪਿਊਟਰ ਅਧਿਆਪਕਾਂ ਨੂੰ ਹੱਕੀ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ, ਸਿੱਖਿਆ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ…