Nabaz-e-punjab.com

ਟਰੈਵਲ ਏਜੰਟਾਂ ਦੀ ਧੋਖਾਧੜੀ ਕਾਰਨ ਬਿਨਾਂ ਤਨਖ਼ਾਹ ਤੋਂ ਕੁਵੈਤ ਵਿੱਚ ਰੁਲਦੇ ਰਹੇ 3 ਪੰਜਾਬੀ ਗੱਭਰੂ

ਬੀਬੀ ਰਾਮੂਵਾਲੀਆ ਦੀ ਸੰਸਥਾ ਹੈਲਪਿੰਗ ਹੈਪਲੈਸ ਦੀ ਯਤਨਾਂ ਸਦਕਾ ਵਾਪਸ ਆਪਣੇ ਘਰ ਪੱੁਜੇ ਪੀੜਤ ਨੌਜਵਾਨ

ਨੌਜਵਾਨਾਂ ਨੂੰ ਵਿੱਦਿਅਕ ਯੋਗਤਾ ਮੁਤਾਬਕ ਪੰਜਾਬ ਵਿੱਚ ਹੀ ਰੁਜ਼ਗਾਰ ਮੁਹੱਈਆ ਕਰਵਾਏ ਸਰਕਾਰ: ਬੀਬੀ ਰਾਮੂਵਾਲੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਈ:
ਪੰਜਾਬ ਵਿੱਚ ਕੁਝ ਟਰੈਵਲ ਏਜੰਟਾਂ ਵੱਲੋਂ ਭੋਲੇ ਭਾਲੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਸੁਪਨੇ ਦਿਖਾ ਕੇ ਲੱਖਾਂ ਰੁਪਏ ਲੁੱਟ ਦਾ ਧੰਦਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਆਪਣੇ ਸੁਨਹਿਰੇ ਭਵਿੱਖ ਦਾ ਸੁਪਨਾ ਲੈ ਕੇ ਨੌਜਵਾਨ ਵਿਦੇਸ਼ੀ ਮੁਲਕਾਂ ਵਿੱਚ ਨਰਕ ਭੋਗਣ ਲਈ ਮਜਬੂਰ ਹਨ। ਸਮਾਜ ਸੇਵੀ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਸਾਬਕਾ ਚੇਅਰਪਰਸਨ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਦੀ ਸੰਸਥਾ ਵੱਲੋਂ ਸਾਊਦੀ ਅਰਬ, ਇੰਗਲੈਂਡ, ਇਟਲੀ, ਆਬੂਧਾਬੀ, ਕੈਨੇਡਾ ਦੀਆਂ ਜੇਲ੍ਹਾਂ ਬੰਦ ਅਤੇ ਸ਼ਾਹੂਕਾਰਾਂ ਦੀ ਕੈਦ ’ਚੋਂ ਛੁਡਾਇਆ ਗਿਆ ਹੈ।
ਅੱਜ ਇੱਥੇ ਬੀਬੀ ਰਾਮੂਵਾਲੀਆ ਨੇ ਅਜਿਹੇ ਹੀ ਇਕ ਹੋਰ ਮਾਮਲੇ ਦਾ ਪਰਦਾਫਾਸ਼ ਕਰਦਿਆਂ ਦੱਸਿਆ ਕਿ ਬਿਨਾਂ ਤਨਖ਼ਾਹ ਤੋਂ ਕੁਵੈਤ ਵਿੱਚ ਰੁਲ ਰਹੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟਰੈਵਲ ਏਜੰਟਾਂ ਦੇ ਧੜੇ ਧੜੇ ਕੁਝ ਨੌਜਵਾਨ ਕੁਵੈਤ ਵਿੱਚ ਜਾ ਕੇ ਫਸ ਗਏ ਸਨ। ਇਨ੍ਹਾਂ ਨੌਜਵਾਨਾਂ ਨੂੰ ਵਾਪਸ ਲਿਆਉਣ ਵਿੱਚ ਉਨ੍ਹਾਂ ਦੀ ਸੰਸਥਾ ਨੇ ਅਹਿਮ ਭੂਮਿਕਾ ਨਿਭਾਈ ਹੈ। ਜਿਨ੍ਹਾਂ ਨੌਜਵਾਨਾਂ ਵਿੱਚ ਵਾਪਸ ਲਿਆਂਦਾ ਗਿਆ ਹੈ, ਉਨ੍ਹਾਂ ਵਿੱਚ ਕਮਲ ਕੁਮਾਰ ਅਤੇ ਜਤਿੰਦਰ ਸਿੰਘ ਦੋਵੇਂ ਵਾਸੀ ਗੁਰਦਾਸਪੁਰ ਅਤੇ ਜਤਿੰਦਰ ਕੁਮਾਰ ਵਾਸੀ ਸੰਗਰੂਰ ਸ਼ਾਮਲ ਹਨ।
ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਇਹ ਦੇ ਨੌਜਵਾਨ ਕੰਮ ਦੀ ਭਾਲ ਵਿੱਚ ਕੁਵੈਤ ਵਿੱਚ ਗਏ ਸੀ। ਜਿੱਥੇ ਇਨ੍ਹਾਂ ਕੋਲੋਂ ਜ਼ਬਰਦਸਤੀ ਕੰਮ ਕਰਵਾਇਆ ਜਾਂਦਾ ਸੀ ਅਤੇ 5-5 ਮਹੀਨੇ ਤਨਖ਼ਾਹ ਨਹੀਂ ਦਿੱਤੀ ਸੀ ਅਤੇ ਤਨਖ਼ਾਹ ਮੰਗਣ ’ਤੇ ਨੌਜਵਾਨਾਂ ਨੂੰ ਭੁੱਖੇ ਰੱਖਿਆ ਜਾਂਦਾ ਸੀ ਅਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ। ਪੀੜਤ ਨੌਜਵਾਨਾਂ ਨੇ ਪਹਿਲਾਂ ਹੈਲਪਿੰਗ ਹੈਪਲੈਸ ਸੰਸਥਾ ਦੀ ਐਪ ’ਤੇ ਸ਼ਿਕਾਇਤ ਕੀਤੀ ਗਈ। ਇਸ ਮਗਰੋਂ ਪੀੜਤ ਨੌਜਵਾਨ ਕਮਲ ਕੁਮਾਰ ਦੇ ਰਿਸ਼ਤੇਦਾਰ ਜਸਵਿੰਦਰ ਸਿੰਘ ਨੇ ਹੈਲਪਿੰਗ ਹੈਪਲੈਸ ਦੇ ਦਫ਼ਤਰ ਵਿੱਚ ਪਹੁੰਚ ਕੇ ਉਨ੍ਹਾਂ (ਬੀਬੀ ਰਾਮੂਵਾਲੀਆ) ਨਾਲ ਮੁਲਾਕਾਤ ਕਰ ਕੇ ਇਨਸਾਫ਼ ਦੀ ਗੁਹਾਰ ਲਗਾਈ।
ਪੀੜਤ ਨੌਜਵਾਨਾਂ ਨੇ ਦੱਸਿਆ ਕਿ ਟਰੈਵਲ ਏਜੰਟਾਂ ਨੇ ਉਨ੍ਹਾਂ ਨੂੰ ਕੁਵੈਤ ਭੇਜਣ ਲਈ 2-2 ਲੱਖ ਰੁਪਏ ਲਏ ਸਨ ਅਤੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਨੂੰ ਜਾਂਦੇ ਹੀ ਕੰਮ ਮਿਲ ਜਾਵੇ ਅਤੇ ਕੰਮ ਬਦਲੇ ਕੰਪਨੀ ਉਨ੍ਹਾਂ ਨੂੰ ਸਮੇਂ ਸਿਰ ਬਣਦੀ ਤਨਖ਼ਾਹ ਦੇਵੇਗੀ ਪਰ ਅਜਿਹਾ ਨਹੀਂ ਹੋਇਆ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਤੋਂ ਦਿਨ ਰਾਤ ਸਖ਼ਤ ਕੰਮ ਕਰਵਾਇਆ ਜਾਂਦਾ ਸੀ ਅਤੇ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ। ਜਦੋਂ ਕੋਈ ਬਿਮਾਰ ਹੋ ਜਾਂਦਾ ਸੀ ਤਾਂ ਦਵਾਈ ਬੂਟੀ ਵੀ ਨਹੀਂ ਕਰਵਾਈ ਜਾਂਦੀ ਸੀ। ਜਿਸ ਕਾਰਨ ਦੁਖੀ ਹੋ ਕੇ ਉਨ੍ਹਾਂ ਨੇ ਕੰਪਨੀ ਛੱਡ ਕੇ ਹੋਰ ਥਾਂ ਕੰਮ ਕਰਨ ਦਾ ਜੁਗਾੜ ਲਾਇਆ ਪ੍ਰੰਤੂ ਉਨ੍ਹਾਂ ਨੇ ਪਾਸਪੋਰਟ ਨਹੀਂ ਦਿੱਤੇ। ਜਿਸ ਕਾਰਨ ਇਕ ਸਾਲ ਧੱਕੇ ਖਾਂਦੇ ਰਹੇ। ਫਿਰ ਉਨ੍ਹਾਂ ਨੇ ਪੈਸੇ ਇਕੱਠੇ ਕਰਕੇ ਏਜੰਟ ਨੂੰ ਪਾਸਪੋਰਟ ਬਣਾਉਣ ਲਈ ਗੁਹਾਰ ਲਗਾਈ ਗਈ ਅਤੇ ਉਨ੍ਹਾਂ ਪ੍ਰਤੀ ਪਾਸਪੋਰਟ ਇਕ ਲੱਖ ਰੁਪਏ ਠੱਗੇ ਗਏ।
ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਬਿਲਕੁਲ ਮੁਫ਼ਤ ਪਾਸਪੋਰਟ ਬਣਵਾ ਕੇ ਦਿੰਦੀ ਹੈ। ਜਿਸ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ। ਉਨ੍ਹਾਂ ਕਿਹਾ ਕਿ ਕੁਝ ਏਜੰਟ ਲੋਕਾਂ ਨਾਲ ਸ਼ਰ੍ਹੇਆਮ ਲੱਖਾਂ ਰੁਪਏ ਦੀ ਠੱਗੀਆਂ ਮਾਰ ਰਹੇ ਹਨ। ਉਨ੍ਹਾਂ ਹੋਰ ਵੀ ਅਨੇਕਾਂ ਨੌਜਵਾਨ ਅਰਬ ਦੇਸ਼ਾਂ ਵਿੱਚ ਫਸੇ ਹੋਏ ਹਨ। ਉਨ੍ਹਾਂ ਕੇਂਦਰ ਸਰਕਾਰ ਅਤੇ ਪੰਜਾਬ ਹੋਰਨਾਂ ਸੂਬਿਆਂ ਦੀਆਂ ਸਰਕਾਰ ਨੂੰ ਜ਼ੋਰ ਦੇ ਕੇ ਆਖਿਆ ਕਿ ਧੋਖੇਬਾਜ ਏਜੰਟਾਂ ’ਤੇ ਕਾਨੂੰਨੀ ਸ਼ਿਕੰਜਾ ਕੱਸਿਆ ਜਾਵੇ ਅਤੇ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਤਬਾਹ ਹੋਣ ਤੋਂ ਬਚਾਉਣ ਲਈ ਉਨ੍ਹਾਂ ਨੂੰ ਵਿੱਦਿਅਕ ਯੋਗਤਾ ਮੁਤਾਬਕ ਪੰਜਾਬ ਵਿੱਚ ਹੀ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਕੰਪਿਊਟਰ ਅਧਿਆਪਕਾਂ ਨੂੰ ਹੱਕੀ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ, ਸਿੱਖਿਆ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ

ਕੰਪਿਊਟਰ ਅਧਿਆਪਕਾਂ ਨੂੰ ਹੱਕੀ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ, ਸਿੱਖਿਆ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ…