ਸਰਬੱਤ ਦਾ ਭਲਾ ਦੇ ਯਤਨਾਂ ਸਦਕਾ ਦੁਬਈ ’ਚ ਫਸੇ 177 ਪੰਜਾਬੀ ਨੌਜਵਾਨ ਘਰ ਪਰਤੇ

ਮੁਹਾਲੀ ਹਵਾਈ ਅੱਡੇ ’ਤੇ ਪਹਿਲੀ ਚਾਰਟਰ ਫਲਾਈਟ ਰਾਹੀਂ ਪਹੁੰਚੇ ਪੀੜਤ ਵਿਅਕਤੀ

ਵਿਦੇਸ਼ ਵਿੱਚ ਫਸੇ ਹੋਰਨਾਂ ਨੌਜਵਾਨਾਂ ਦੀ ਛੇਤੀ ਹੋਵੇਗੀ ਵਤਨ ਵਾਪਸੀ:ਓਬਰਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੁਲਾਈ:
ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਦੇ ਉਪਰਾਲਿਆਂ ਸਦਕਾ 177 ਭਾਰਤੀ ਨੌਜਵਾਨ ਸਹੀ ਸਲਾਮਤ ਆਪਣੇ ਘਰ ਪਰਤ ਆਏ ਹਨ। ਉੱਘੇ ਸਮਾਜ ਸੇਵਕ ਤੇ ਸੰਸਥਾ ਦੇ ਚੇਅਰਮੈਨ ਡਾ. ਐਸਪੀ ਸਿੰਘ ਓਬਰਾਏ ਦੁਬਈ ’ਚ ਫਸੇ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਲੰਘੀ ਦੇਰ ਰਾਤ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇ। ਇਹ ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਦੁਬਈ ਗਏ ਸੀ ਪ੍ਰੰਤੂ ਕਰੋਨਾ ਮਹਾਮਾਰੀ ਦੇ ਚੱਲਦਿਆਂ ਉਹ ਉੱਥੇ ਬੂਰੀ ਤਰ੍ਹਾਂ ਫਸ ਗਏ ਸੀ। ਕਰੋਨਾ ਕਾਰਨ ਕਈ ਕੰਪਨੀਆਂ ਨੇ ਆਪਣੇ ਦਫ਼ਤਰ ਬੰਦ ਕਰ ਦਿੱਤੇ ਗਏ ਹਨ। ਜਿਸ ਕਾਰਨ ਬੇਰੁਜ਼ਗਾਰ ਹੋਏ ਇਹ ਨੌਜਵਾਨ ਸੜਕਾਂ ’ਤੇ ਆ ਗਏ।
ਹਵਾਈ ਅੱਡੇ ’ਤੇ ਪਹੁੰਚੇ ਕਈ ਪੀੜਤ ਨੌਜਵਾਨਾਂ ਨੇ ਦੱਸਿਆ ਕਿ ਉਹ ਪਿਛਲੇ ਚਾਰ ਮਹੀਨੇ ਤੋਂ ਆਪਣੇ ਘਰ ਆਉਣ ਲਈ ਤਰਲ ਕੱਢੇ ਰਹੇ ਸੀ। ਉੱਥੇ ਉਹ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਗਏ ਸੀ। ਇੱਥੋਂ ਤੱਕ ਪੀਣ ਨੂੰ ਪਾਣੀ ਵੀ ਨਸੀਬ ਨਹੀਂ ਹੋ ਰਿਹਾ ਸੀ। ਲੇਕਿਨ ਅੌਖੇ ਸਮੇਂ ਡਾਕਟਰ ਓਬਰਾਏ ਨੇ ਉਨ੍ਹਾਂ ਦੀ ਬਾਂਹ ਫੜੀ ਅਤੇ ਉਹ ਵਤਨ ਪਰਤ ਸਕੇ। ਉਨ੍ਹਾਂ ਦੱਸਿਆ ਕਿ ਦੁਬਈ ਵਿੱਚ ਜ਼ਿਆਦਾਤਰ ਪੰਜਾਬੀ ਨੌਜਵਾਨ ਫਸੇ ਹੋਏ ਹਨ।
ਇਸ ਮੌਕੇ ਸ੍ਰੀ ਓਬਰਾਏ ਨੇ ਦੱਸਿਆ ਕਿ ਪੀੜਤ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਚਾਰ ਚਾਰਟਰ ਫਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜਿਨ੍ਹਾਂ ’ਚੋਂ ਪਹਿਲੀ ਫਲਾਈਟ ਮੁਹਾਲੀ 177 ਪੰਜਾਬੀ ਨੌਜਵਾਨਾਂ ਨੂੰ ਲੈ ਕੇ ਪਹੁੰਚ ਚੁੱਕੀ ਹੈ ਜਦੋਂਕਿ ਦੂਜੀ ਫਲਾਈਟ 13 ਜੁਲਾਈ ਨੂੰ 200 ਨੌਜਵਾਨਾਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੇਗੀ। ਜਿਸ ਵਿੱਚ ਪੰਜਾਬ ਸਮੇਤ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਵਸਨੀਕ ਸ਼ਾਮਲ ਹਨ। ਇੰਜ ਹੀ ਤੀਜੀ ਫਲਾਈਟ 19 ਜੁਲਾਈ ਨੂੰ ਮੁਹਾਲੀ ਅਤੇ ਚੌਥੀ ਫਲਾਈਟ 25 ਜੁਲਾਈ ਨੂੰ ਅੰਮ੍ਰਿਤਸਰ ਆਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰ ਫਲਾਈਟਾਂ ਵਿੱਚ ਕਰੀਬ ਸਵਾ 700 ਪੀੜਤ ਨੌਜਵਾਨਾਂ ਨੂੰ ਭਾਰਤ ਲਿਆਂਦਾ ਜਾਵੇਗਾ।
ਇਸ ਮੌਕੇ ਡਾਕਟਰ ਓਬਰਾਏ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਦੇਖਾ-ਦੇਖੀ ਵਿੱਚ ਬਾਹਰਲੇ ਮੁਲਕਾਂ ਵਿੱਚ ਨਾ ਭੱਜਣ ਸਗੋਂ ਆਪਣੇ ਦੇਸ਼ ਵਿੱਚ ਹੀ ਰੁਜ਼ਗਾਰ ਜਾਂ ਸਵੈ ਰੁਜ਼ਗਾਰ ਨੂੰ ਤਰਜੀਹ ਦੇਣ। ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਸਬੰਧਤ ਦੇਸ਼ ਦੇ ਹਾਲਾਤਾਂ ਅਤੇ ਟਰੈਵਲ ਏਜੰਟਾਂ ਬਾਰੇ ਪੂਰੀ ਤਰ੍ਹਾਂ ਛਾਣਬੀਣ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਬੇਗਾਨੇ ਮੁਲਕ ਵਿੱਚ ਖੱਜਲ-ਖ਼ੁਆਰ ਨਾ ਹੋਣਾ ਪਵੇ।
ਡਾਕਟਰ ਓਬਰਾਏ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਕਿਸੇ ਤਰ੍ਹਾਂ ਉਨ੍ਹਾਂ ਨਾਲ ਤਾਲਮੇਲ ਕਰਕੇ ਆਪਬੀਤੀ ਸੁਣਾਈ। ਇਸ ਤੋਂ ਬਾਅਦ ਉਨ੍ਹਾਂ ਨੇ ਪੀੜਤ ਨੌਜਵਾਨਾਂ ਨੂੰ ਆਪਣੇ ਖ਼ਰਚੇ ’ਤੇ ਵਾਪਸ ਭਾਰਤ ਲੈ ਕੇ ਆਉਣ ਦਾ ਫੈਸਲਾ ਲਿਆ। ਉਨ੍ਹਾਂ ਦੱਸਿਆ ਕਿ ਵਾਪਸ ਪਰਤੇ ਪੀੜਤ ਵਿਅਕਤੀਆਂ ਦੀ ਚਾਰ ਕੈਟਾਗਿਰੀਆਂ ਸਨ। ਜਿਨ੍ਹਾਂ ’ਚੋਂ ਘੁੰਮਣ ਫਿਰਨ ਗਏ 10 ਫੀਸਦੀ ਵਿਅਕਤੀਆਂ ਨੇ ਖ਼ੁਦ ਟਿਕਟ ਖ਼ਰੀਦੀ ਹੈ ਜਦੋਂਕਿ 5 ਫੀਸਦੀ ਵਰਕਰਾਂ ਨੂੰ ਕੰਪਨੀ ਨੇ ਵਾਪਸ ਭੇਜਿਆ ਹੈ ਅਤੇ 20 ਫੀਸਦੀ ਪੀੜਤ ਨੌਜਵਾਨ ਨੇ ਟਿਕਟ ਲਈ ਥੋੜੇ ਪੈਸੇ ਦਿੱਤੇ ਹਨ ਜਦੋਂਕਿ ਬਾਕੀ ਸਾਰੇ ਪੀੜਤਾਂ ਨੂੰ ਟਰੱਸਟ ਆਪਣੇ ਖ਼ਰਚੇ ’ਤੇ ਲੈ ਕੇ ਆਇਆ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …