ਪੰਜਾਬ ਦੀ ‘ਆਪ’ ਸਰਕਾਰ ਗਰੀਬਾਂ ਦਾ ਸ਼ੋਸ਼ਣ ਨਹੀਂ ਹੋਣ ਦੇਵੇਗੀ: ਕੁਲਵੰਤ ਸਿੰਘ

ਵਿਧਾਇਕ ਕੁਲਵੰਤ ਸਿੰਘ ਤੇ ਬੱਬੀ ਬਾਦਲ ਨੇ ਸਫ਼ਾਈ ਕਾਮਿਆਂ ਦੀ ਭੁੱਖ-ਹੜਤਾਲ ਖ਼ਤਮ ਕਰਵਾਈ, ਧਰਨਾ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਾਰਚ:
ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਅਣਦੇਖੀ ਅਤੇ ਠੇਕੇਦਾਰ ਦੀਆਂ ਮਨਮਾਨੀਆਂ ਵਿਰੁੱਧ ਚੌਥਾ ਦਰਜਾ ਕਰਮਚਾਰੀ ਯੂਨੀਅਨ ਦੀ ਲੜੀਵਾਰ ਹੜਤਾਲ ਜਾਰੀ ਹੈ। ਪੀੜਤ ਸਫ਼ਾਈ ਕਾਮਿਆਂ ਨੇ ਯੂਨੀਅਨ ਦੇ ਚੇਅਰਮੈਨ ਕਰਮਬੀਰ, ਪ੍ਰਧਾਨ ਜਗਬੀਰ ਸਿੰਘ ਅਤੇ ਜਨਰਲ ਸਕੱਤਰ ਧਨੰਜੈ ਕੁਮਾਰ ਦੀ ਅਗਵਾਈ ਹੇਠ ਨਗਰ ਨਿਗਮ ਭਵਨ ਦੇ ਬਾਹਰ ਪਿਛਲੇ ਦਿਨੀਂ ਭੁੱਖ-ਹੜਤਾਲ ਸ਼ੁਰੂ ਕੀਤੀ ਸੀ। ਅੱਜ ਆਪ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਯੂਥ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਧਰਨੇ ’ਤੇ ਪਹੁੰਚ ਕੇ ਸਫ਼ਾਈ ਕਾਮਿਆਂ ਦੀਆਂ ਸਮੱਸਿਆਵਾਂ ਸੁਣੀਆਂ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਸੰਤਰੇ ਦੀਆਂ ਫਾੜੀਆਂ ਖੁਆ ਕੇ ਸਫ਼ਾਈ ਕਾਮਿਆਂ ਦੀ ਭੁੱਖ-ਹੜਤਾਲ ਖ਼ਤਮ ਕਰਵਾਈ ਅਤੇ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਆਪ ਸਰਕਾਰ ਗਰੀਬਾਂ ਦਾ ਸ਼ੋਸ਼ਣ ਨਹੀਂ ਹੋਣ ਦੇਵੇਗੀ। ਹੁਣ ਮੁਲਾਜ਼ਮਾਂ ਨੂੰ ਆਪਣੇ ਹੱਕਾਂ ਲਈ ਧਰਨਿਆਂ ’ਤੇ ਬੈਠਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਨੀਤੀਆਂ ਕਾਰਨ ਹਰ ਵਰਗ ਨੂੰ ਪਹਿਲ ਦੇ ਆਧਾਰ ’ਤੇ ਇਨਸਾਫ਼ ਮਿਲੇਗਾ।
ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਕਿਸੇ ਗਰੀਬ ਦਾ ਸ਼ੋਸ਼ਣ ਨਹੀਂ ਹੋਣ ਦੇਵੇਗੀ ਅਤੇ ਸਾਰੇ ਵਰਗਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਫ਼ਾਈ ਕਾਮਿਆਂ ਦੇ ਪੀਐਫ਼ ਫੰਡ ਦੇ ਗਬਨ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇਗੀ ਅਤੇ ਜੋ ਕੋਈ ਵੀ ਕਸੂਰਵਾਰ ਪਾਇਆ ਗਿਆ। ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਯੂਥ ਆਗੂ ਬੱਬੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਿੱਚ ਕਿਸੇ ਵਰਗ ਨਾਲ ਨਾ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਯੂਨੀਅਨ ਦੇ ਜਨਰਲ ਸਕੱਤਰ ਧਨੰਜੈ ਕੁਮਾਰ ਨੇ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਅਤੇ ਬੱਬੀ ਬਾਦਲ ਨੇ ਸੰਤਰੇ ਦੀਆਂ ਫਾੜੀਆਂ ਖੁਆ ਭੁੱਖ-ਹੜਤਾਲ ਖ਼ਤਮ ਕਰਵਾ ਦਿੱਤੀ ਹੈ ਪ੍ਰੰਤੂ ਮੰਗਾਂ ਦੀ ਪੂਰਤੀ ਤੱਕ ਉਨ੍ਹਾਂ ਦਾ ਸ਼ਾਂਤਮਈ ਧਰਨਾ ਜਾਰੀ ਰਹੇਗਾ। ਇਸ ਮੌਕੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਯੂਨੀਅਨ ਦੇ ਚੇਅਰਮੈਨ ਕਰਮਬੀਰ, ਜਗਬੀਰ ਸਿੰਘ, ਰਾਕੇਸ਼ ਕੁਮਾਰ, ਹਰਪਾਲ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਅਕਬਿੰਦਰ ਸਿੰਘ ਗੋਸਲ, ਕਰਤਾਰ ਸਿੰਘ, ਪ੍ਰਵੀਨ ਟਾਕ, ਪਰੇਮ ਕੁਮਾਰ, ਭੂਰੇ ਲਾਲ, ਸ੍ਰੀਪਾਲ, ਜਸਵਿੰਦਰ ਸਿੰਘ ਵੀ ਹਾਜ਼ਰ ਸਨ।

Load More Related Articles

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…