
ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖਿਆ ਮੰਤਰੀ ਬਣੀ ਪੰਜਾਬ ਦੀ ਬੇਟੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਦਸੰਬਰ:
ਉੱਘੇ ਪੰਜਾਬੀ ਲੇਖਕ ਮਰਹੂਮ ਤੇਰਾ ਸਿੰਘ ਚੰਨ ਦੀ ਦੋਹਤੀ ਅਤੇ ਪੰਜਾਬ ਦੀ ਧੀ ਰਚਨਾ ਸਿੰਘ (50) ਨੂੰ ਵਿਦੇਸ਼ੀ ਮੁਲਕ ਵਿੱਚ ਹਕੂਮਤ ਚਲਾਉਣ ਦਾ ਦੂਜਾ ਮੌਕਾ ਮਿਲਣਾ, ਪੰਜਾਬ ਤੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਰਚਨਾ ਸਿੰਘ ਨੂੰ ਬ੍ਰਿਟਿਸ਼ ਕੋਲੰਬੀਆ ਸਰਕਾਰ ਵਿੱਚ ਸਿੱਖਿਆ ਤੇ ਬਾਲ ਵਿਕਾਸ ਵਿਭਾਗ ਦਾ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਉਹ ਸਰ੍ਹੀਂ ਦੇ ਹਲਕਾ ਗਰੀਨ ਟਿੰਬਲ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਹਨ।
ਰਚਨਾ ਸਿੰਘ ਨੇ ਮੁਹਾਲੀ ਵਿੱਚ ਰਹਿੰਦੇ ਮਾਮਾ ਦਿਲਦਾਰ ਸਿੰਘ ਨੇ ਦੱਸਿਆ ਕਿ ਰਚਨਾ ਨੇ 1972 ’ਚ ਦਿੱਲੀ ਵਿੱਚ ਰਹਿੰਦੇ ਆਪਣੇ ਨਾਨਾ ਤੇਰਾ ਸਿੰਘ ਚੰਨ ਦੇ ਘਰ ਮਾਤਾ ਸੁਲੇਖਾ ਦੀ ਕੁੱਖੋਂ ਜਨਮ ਲਿਆ ਅਤੇ ਮੁੱਢਲੀ ਪੜ੍ਹਾਈ ਵੀ ਦਿੱਲੀ ਤੋਂ ਹਾਸਲ ਕੀਤੀ। ਇਸ ਉਪਰੰਤ ਉਹ ਚੰਡੀਗੜ੍ਹ ਆ ਗਏ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-35 ਵਿੱਚ ਬਾਰ੍ਹਵੀਂ ਤੱਕ ਦੀ ਪੜ੍ਹਾਈ ਕੀਤੀ ਅਤੇ ਗਰੈਜੂਏਸ਼ਨ ਸਰਕਾਰੀ ਕਾਲਜ ਸੈਕਟਰ-42 ਤੋਂ ਕੀਤੀ ਜਦੋਂਕਿ 1995 ਵਿੱਚ ਐਮਏ ਸੈਕਲੋਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਇਸ ਮਗਰੋਂ ਉਨ੍ਹਾਂ ਨੇ ਜ਼ਿਲ੍ਹਾ ਰੈੱਡ ਕਰਾਸ ਵੱਲੋਂ ਚਲਾਏ ਜਾਂਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਮੁਹਾਲੀ ਵਿੱਚ ਕਰੀਬ ਤਿੰਨ ਸਾਲ ਬਤੌਰ ਕੌਂਸਲਰ ਸੇਵਾਵਾਂ ਨਿਭਾਈਆਂ।
ਦਿਲਦਾਰ ਸਿੰਘ ਦੇ ਦੱਸਣ ਮੁਤਾਬਕ ਸਾਲ 2000 ਵਿੱਚ ਰਚਨਾ ਸਿੰਘ ਕੈਨੇਡਾ ਚਲੇ ਗਏ। ਰਚਨਾ ਨੂੰ ਅਗਾਂਹਵਧੂ ਸੋਚ ਆਪਣੇ ਨਾਨਾ ਤੇਰਾ ਸਿੰਘ ਚੰਨ ਅਤੇ ਪਿਤਾ ਪ੍ਰੋਫੈਸਰ ਰਘਬੀਰ ਸਿੰਘ ਅਤੇ ਮਾਂ ਸ੍ਰੀਮਤੀ ਸੁਲੇਖਾ ਤੋਂ ਮਿਲੀ। ਰਘਬੀਰ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬੀ ਵਿਭਾਗ ਵਿੱਚ ਪੜ੍ਹਾਉਂਦੇ ਰਹੇ ਹਨ। ਰਚਨਾ ਸਿੰਘ ਨੇ ਕੈਨੇਡਾ ਵਿੱਚ ਵੀ ਕਿਰਤ ਵਿਭਾਗ ਵਿੱਚ ਕੌਂਸਲਰ ਵਜੋਂ ਕੰਮ ਕੀਤਾ। ਉਸ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਕਿਰਤ ਵਿਭਾਗ ਯੂਨੀਅਨ ਦਾ ਮੁਖੀ ਥਾਪਿਆ ਗਿਆ ਅਤੇ ਉਨ੍ਹਾਂ ਨੇ ਬੜੀ ਦਲੇਰੀ ਨਾਲ ਵਰਕਰਾਂ ਦੇ ਹੱਕਾਂ ਦੀ ਲੜਾਈ ਲੜੀ। ਇਸ ਤੋਂ ਇਲਾਵਾ ਵਿਦੇਸ਼ੀ ਮੁਲਕ ਵਿੱਚ ਉਹ ਆਮ ਲੋਕਾਂ ਖਾਸ ਕਰਕੇ ਲੋੜਵੰਦਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਰਹੇ ਹਨ। ਜਿਸ ਕਾਰਨ ਉਹ ਲੋਕਾਂ ਦੇ ਐਨੇ ਜ਼ਿਆਦਾ ਹਰਮਨ ਪਿਆਰੇ ਬਣ ਗਏ ਕਿ ਗਰੀਨ ਟਿੰਬਲ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਆਪਣਾ ਨੇਤਾ ਹੀ ਚੁਣ ਲਿਆ। ਰਚਨਾ ਸਿੰਘ ਸਿਰਫ਼ ਗਰੀਨ ਟਿੰਬਲ ਹਲਕੇ ਦੇ ਲੋਕਾਂ ਦੀ ਹੀ ਗੱਲ ਨਹੀਂ ਕਰਦੇ ਬਲਕਿ ਸਮੇਂ-ਸਮੇਂ ਸਿਰ ਭਾਰਤ ਦੇ ਹੱਕ ਵਿੱਚ ਵੀ ਲਗਾਤਾਰ ਵੱਡੇ ਪੱਧਰ ’ਤੇ ਮੁੱਦੇ ਚੁੱਕਦੇ ਰਹਿੰਦੇ ਹਨ।
ਰਚਨਾ ਸਿੰਘ ਦੇ ਪਤੀ ਗੁਰਪ੍ਰੀਤ ਸਿੰਘ ਦਿ ਟ੍ਰਿਬਿਊਨ ਅਤੇ ਹਿੰਦੁਸਤਾਨ ਟਾਈਮਜ਼ ਦੇ ਸੀਨੀਅਰ ਪੱਤਰਕਾਰ ਰਹੇ ਹਨ ਅਤੇ ਹੁਣ ਕੈਨੇਡਾ ਵਿੱਚ ਸੋਸ਼ਲ ਵਰਕਰ ਦੇ ਨਾਲ-ਨਾਲ ਮਿਰਚੀ ਰੇਡੀਉ ਚਲਾਉਂਦੇ ਹਨ, ਜੋ ਵਿਦੇਸ਼ੀ ਮੁਲਕ ਵਿੱਚ ਕਾਫ਼ੀ ਮਕਬੂਲ ਹੈ। ਰਚਨਾ ਸਿੰਘ ਦੇ ਪਿਤਾ ਪ੍ਰੋ. ਰਘਬੀਰ ਸਿੰਘ ਸਾਲ 1965 ਤੋਂ ਮੈਗਜ਼ੀਨ ‘ਸਿਰਜਣਾ’ ਪ੍ਰਕਾਸ਼ਿਤ ਕਰ ਰਹੇ ਹਨ।