ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੀਆਂ ਮੁਸ਼ਕਲਾਂ ਵਧੀਆਂ, ਧੋਖਾਧੜੀ ਦਾ ਦੋਸ਼ ਲੱਗਾ

ਮੁਹਾਲੀ ਅਦਾਲਤ ਨੇ ਹਰਭਜਨ ਮਾਨ ਨੂੰ 9 ਜਨਵਰੀ ਨੂੰ ਆਪਣਾ ਪੱਖ ਰੱਖਣ ਲਈ ਕਿਹਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਦਸੰਬਰ:
ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਮੁਹਾਲੀ ਅਦਾਲਤ ਨੇ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਉਨ੍ਹਾਂ ਦੇ ਖ਼ਿਲਾਫ਼ ਦਾਇਰ ਕੀਤੇ ਕੇਸ ਵਿੱਚ ਗਾਇਕ ਨੂੰ 9 ਜਨਵਰੀ ਨੂੰ ਜਵਾਬ ਦਾਖ਼ਲ ਕਰਨ (ਆਪਣਾ ਪੱਖ ਰੱਖਣ) ਲਈ ਕਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧੀ ਸਾਰੰਗ ਫਿਲਮਜ਼ ਨਾਂ ਦੀ ਕੰਪਨੀ ਦੇ ਡਾਇਰੈਕਟਰਾਂ ਹਰਵਿੰਦਰ ਸਾਰਨ, ਦਰਸ਼ਨ ਰੰਗੀ, ਹਰਸ਼ਿਤਾ ਨਾਗਰ ਅਤੇ ਅਨੀਸ਼ ਨੇ ਆਪਣੇ ਵਕੀਲ ਨਟਰਾਜਨ ਕੌਸ਼ਲ ਰਾਹੀਂ ਹਰਭਜਨ ਮਾਨ ਦੇ ਖ਼ਿਲਾਫ਼ ਅਦਾਲਤ ਵਿੱਚ ਦਾਇਰ ਕੇਸ ਵਿੱਚ ਕਿਹਾ ਹੈ ਕਿ ਮਾਨ ਦੀ ਫ਼ਿਲਮ ਪੀਆਰ ਬਣਾਉਣ ਸਮੇਂ ਉਸ (ਹਰਭਜਨ ਮਾਨ) ਦੀ ਕੰਪਨੀ ਐਚਐਮ ਰਿਕਾਰਡ ਕੰਪਨੀ ਨਾਲ ਸਾਰੰਗ ਫਿਲਮਜ਼ ਦਾ ਸਮਝੌਤਾ ਹੋਇਆ ਸੀ। ਜਿਸ ਤਹਿਤ ਇਸ ਫ਼ਿਲਮ ਦੇ ਨਿਰਮਾਣ ਲਈ ਦੋਵਾਂ ਕੰਪਨੀਆਂ ਵੱਲੋਂ 50-50 ਫੀਸਦੀ ਪੈਸਾ ਲਗਾਇਆ ਜਾਣਾ ਸੀ ਅਤੇ ਫ਼ਿਲਮ ਤੋਂ ਹੋਣ ਵਾਲੀ ਕਮਾਈ ਵਿੱਚ ਦੋਵਾਂ ਦੀ ਬਰਾਬਰ ਦੀ ਹਿੱਸੇਦਾਰੀ ਸੀ। ਫ਼ਿਲਮ ਦਾ ਕੁੱਲ ਬਜਟ ਕਰੀਬ ਸਾਢੇ ਚਾਰ ਕਰੋੜ ਰੱਖਿਆ ਗਿਆ ਸੀ ਅਤੇ ਸਾਰੰਗ ਫਿਲਮਜ਼ ਨੇ ਆਪਣੇ ਹਿੱਸੇ ਦੇ 2.31 ਕਰੋੜ ਰੁਪਏ ਐਚਐਮ ਰਿਕਾਰਡ ਕੰਪਨੀ ਨੂੰ ਟਰਾਂਸਫ਼ਰ ਕਰ ਦਿੱਤੇ ਸਨ।
ਸ਼ਿਕਾਇਤ ਕਰਤਾਵਾਂ ਅਨੁਸਾਰ ਫ਼ਿਲਮ ਬਣਨ ਤੋਂ ਬਾਅਦ ਉਨ੍ਹਾਂ ਦੀ ਕੰਪਨੀ ਨੂੰ ਫ਼ਿਲਮ ਦੀ ਕਮਾਈ ਦਾ ਬਣਦਾ ਹਿੱਸਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਇਸ ਫ਼ਿਲਮ ਤੋਂ ਹੋਈ ਕਮਾਈ ਅਤੇ ਖਰਚੇ ਦੇ ਵੇਰਵੇ ਹੀ ਦਿੱਤੇ ਗਏ ਹਨ। ਇਸ ਸਬੰਧੀ ਕਈ ਵਾਰ ਹਿਸਾਬ ਮੰਗੇ ਜਾਣ ’ਤੇ ਵੀ ਜਦੋਂ ਉਨ੍ਹਾਂ ਨੂੰ ਹਿਸਾਬ ਨਹੀਂ ਦਿੱਤਾ ਗਿਆ ਤਾਂ ਉਨ੍ਹਾਂ ਨੇ ਐਚਐਮ ਕੰਪਨੀ ਨੂੰ ਨੋਟਿਸ ਭੇਜਿਆ ਗਿਆ ਅਤੇ ਉਸ ਦਾ ਕੋਈ ਜਵਾਬ ਨਾ ਮਿਲਣ ’ਤੇ ਇਨਸਾਫ਼ ਲਈ ਅਦਾਲਤ ਦਾ ਬੂਹਾ ਖੜਕਾਇਆ ਗਿਆ ਅਤੇ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 9 ਜਨਵਰੀ ਨੂੰ ਨਿਸ਼ਚਿਤ ਕੀਤੀ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਹਰਭਜਨ ਮਾਨ ਨੂੰ ਸੁਣਵਾਈ ਮੌਕੇ ਆਪਣਾ ਜਵਾਬ ਦਾਇਰ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਧਰ, ਇਸ ਸਬੰਧੀ ਹਰਭਜਨ ਮਾਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਸੰਪਰਕ ਨਹੀਂ ਹੋ ਸਕਿਆ।

Load More Related Articles

Check Also

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 10 ਅਪਰੈਲ: ਇੱਥੋ…