
ਪੰਜਾਬ ਦੇ ਰੈਵੇਨਿਊ ਅਫ਼ਸਰਾਂ ਨੂੰ ਵੱਡੇ ਗੱਫੇ ਤੇ ਅਸ਼ਟਾਮ ਫਰੋਸ਼ਾਂ ਨੂੰ ਧੱਕੇ
ਅਸ਼ਟਾਮ ਫਰੋਸ਼ਾਂ ਨੂੰ ਬੇਰੁਜ਼ਗਾਰ ਕਰਨ ਤੇ ਤੁਲੀ ਪੰਜਾਬ ਦੀ ‘ਆਪ’ ਸਰਕਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਗਸਤ:
ਪੰਜਾਬ ਸਰਕਾਰ ਵੱਲੋਂ ਜਾਰੀ ਈ-ਸਟੈਂਪ ਪਾਲਿਸੀ ਜਿੱਥੇ ਅਸ਼ਟਾਮ ਫਰੋਸ਼ਾਂ ਨੂੰ ਰਾਸ ਨਹੀਂ ਆ ਰਹੀ ਉੱਥੇ ਆਮ ਪਬਲਿਕ ਦੀ ਖੱਜਲ ਖੁਆਰੀ ਸਮੇਤ ਸਮੇੰ ਅਤੇ ਪੈਸੇ ਦੀ ਬਰਬਾਦੀ ਵਿੱਚ ਵਾਧਾ ਹੋਇਆ ਹੈ। ਇੱਕ ਪੰਜਾਹ ਰੁਪਏ ਦਾ ਅਸ਼ਟਾਮ ਲੈਣ ਲਈ ਆਮ ਲੋਕ ਘੰਟਿਆਂਬੱਧੀ ਲਾਈਨ ਵਿੱਚ ਖੜ੍ਹੇ ਹੋਣ ਲਈ ਮਜਬੂਰ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿੱਥੇ ਰੈਵੇਨਿਊ ਨਾਲ ਸਬੰਧਤ ਅਫ਼ਸਰਾਂ ਨੂੰ ਸਰਕਾਰ 65-65 ਹਜ਼ਾਰ ਦੇ ਲੈਪਟਾਪ ਦੇਣ ਜਾ ਰਹੀ ਹੈ, ਉੱਥੇ ਦੂਜੇ ਪਾਸੇ ਸੇਵਾ ਕੇਂਦਰਾਂ ਵਿੱਚ ਅਸ਼ਟਾਮ ਪੇਪਰ ਦੇਣ ਵਾਲੇ ਪਹਿਲਾਂ ਤੋਂ ਹੀ ਹਰ ਕਿਸਮ ਦੀਆਂ ਸੁਵਿਧਾਵਾਂ ਨਾਲ ਲੈੱਸ ਹਨ ਲੇਕਿਨ ਅਸ਼ਟਾਮਫਰੋਸ਼ਾਂ ਨਾਲ ਕਥਿਤ ਤੌਰ ’ਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹ ਹੈ। ਜਦੋਂਕਿ ਪੰਜਾਬ ਸਰਕਾਰ ਨੂੰ ਰੈਵੇਨਿਊ ਇਕੱਠਾ ਕਰਨ ਵਿੱਚ ਅਸਟਾਮ ਫਰੋਸ਼ ਸਭ ਤੋਂ ਜ਼ਿਆਦਾ ਭੂਮਿਕਾ ਨਿਭਾ ਰਹੇ ਹਨ।
ਇਕ ਪਾਸੇ ਤਾਂ ਹਰ ਸਹੂਲਤਾਂ ਨਾਲ ਲੈਸ ਸੇਵਾ ਕੇਂਦਰ ਪੰਜਾਹ ਰੁਪਏ ਅਸ਼ਟਾਮ ਦੇ ਉੱਤੇ ਵੀਹ ਰੁਪਏ ਸਰਚਾਰਜ ਕਰਕੇ 70 ਰੁਪਏ ਲੈ ਰਹੇ ਹਨ ਇਸਦੇ ਉਲਟ ਜੇਕਰ ਅਸ਼ਟਾਮ ਫਰੋਸ਼ 70 ਰੁਪਏ ਲੈ ਲਵੇ ਤਾਂ ਉਸਤੇ ਮਾਮਲਾ ਦਰਜ ਕਰਕੇ ਥਾਣੇ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਜਿਸ ਦੀ ਉਦਾਹਰਣ ਤਾਜ਼ਾ ਤਾਜ਼ਾ ਅਜਨਾਲੇ ਵਿਖੇ ਇਕ ਅਸ਼ਟਾਮ ਫਰੋਸ਼ ਤੇ ਵਾਪਰ ਚੁੱਕੀ ਹੈ। ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਤੋਂ ਪਹਿਲਾਂ ਕਿ ਅਸ਼ਟਾਮ ਫਰੋਸ਼ਾਂ ਦੀ ਹਾਲਤ ਬਦ ਤੋਂ ਬਦਤਰ ਹੋ ਜਾਵੇ ਅਤੇ ਕਿਸਾਨਾਂ ਵਾਂਗ ਅਸ਼ਟਾਮ ਫਰੋਸ਼ ਵੀ ਖ਼ੁਦਕੁਸ਼ੀਆਂ ਦੇ ਰਾਹ ਪੈ ਜਾਣ ਤਾਂ ਜਲਦੀ ਠੋਸ ਕਦਮ ਚੁੱਕੇ ਜਾਣ।
ਇਸ ਮੌਕੇ ਮੁਹਾਲੀ ਅਸ਼ਟਾਮ ਯੂਨੀਅਨ ਦੇ ਪ੍ਰਧਾਨ ਅਮਰਜੀਤ ਰਤਨ ਸਮੇਤ ਨਵਚੇਤਨ ਸਿੰਘ ਰਾਣਾ, ਬਲਵਿੰਦਰ ਸਿੰਘ, ਅੰਮ੍ਰਿਤ ਲਾਲ ਸ਼ਰਮਾ, ਮਹੇਸ਼ ਕੁਮਾਰ, ਬਲਦੇਵ ਸਿੰਘ, ਪ੍ਰੀਤਮ ਸਿੰਘ, ਪ੍ਰਾਗਪੁਰੀ ਹਾਜ਼ਰ ਸਨ।