ਪੰਜਾਬ ਦੇ ਰਾਘਵ ਅਰੋੜਾ ਨੇ ਏਅਰਫੋਰਸ ਅਕੈਡਮੀ ਵਿੱਚ ਹਾਸਲ ਕੀਤਾ ‘ਸਵੌਰਡ ਆਫ਼ ਆਨਰ’

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਦਾ ਕੈਡੇਟ ਰਿਹੈ ਪਠਾਨਕੋਟ ਦਾ ਰਾਘਵ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ
ਫਲਾਇੰਗ ਅਫ਼ਸਰ ਰਾਘਵ ਅਰੋੜਾ ਨੂੰ ਏਅਰਫੋਰਸ ਅਕੈਡਮੀ ਡੁੰਡੀਗਲ, ਹੈਦਰਾਬਾਦ ਵਿੱਚ ਹੋਈ ਕੰਬਾਈਨਡ ਗ੍ਰੈਜੂਏਸ਼ਨ ਪਰੇਡ (ਸੀਜੀਪੀ) ਵਿੱਚ ਵੱਕਾਰੀ ‘ਸਵੌਰਡ ਆਫ਼ ਆਨਰ’ ਪੁਰਸਕਾਰ ਅਤੇ ‘ਬੈਸਟ ਇਨ ਫਲਾਇੰਗ’ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਉਹ ਜੋ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77 (ਮੁਹਾਲੀ) ਦੇ ਕੈਡੇਟ ਰਹੇ ਹਨ। ਪਠਾਨਕੋਟ ਦੇ ਰਹਿਣ ਵਾਲੇ ਰਾਘਵ ਨੇ 2018 ਵਿੱਚ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਜਾਣ ਲਈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 6ਵੇਂ ਕੋਰਸ ਵਿੱਚ ਗਰੈਜੂਏਸ਼ਨ ਕੀਤੀ ਸੀ। ਉਨ੍ਹਾਂ ਦੇ ਮਾਤਾ-ਪਿਤਾ ਡਾਕਟਰ ਹਨ ਅਤੇ ਮੌਜੂਦਾ ਸਮੇਂ ਇੱਕ ਫਾਰਮਾਸਿਊਟੀਕਲ ਕਾਰੋਬਾਰ ਚਲਾ ਰਹੇ ਹਨ।
ਐਨਡੀਏ ਦੀ ਸਮੁੰਦਰੀ ਟੀਮ ਦਾ ਹਿੱਸਾ ਹੋਣ ਦੇ ਨਾਲ-ਨਾਲ ਉਨ੍ਹਾਂ ਨੇ ਵਾਲੀਬਾਲ ਅਤੇ ਸਕੁਐਸ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਹ ਆਪਣੇ ਵਿਹਲੇ ਸਮੇਂ ਵਿੱਚ ਸਕੈਚਿੰਗ ਅਤੇ ਆਇਲ ਪੇਂਟਿੰਗ ਵੀ ਕਰਦੇ ਹਨ। ਉਨ੍ਹਾਂ ਨੂੰ ਫਾਈਟਰ ਸਟ੍ਰੀਮ ਅਲਾਟ ਕੀਤਾ ਗਿਆ ਹੈ ਅਤੇ ਹੁਣ ਉਹ ਹਾਕ-ਐਮਕੇ-132 ਏਅਰਕ੍ਰਾਫਟ ‘ਤੇ ਆਪਣੀ ਫੇਜ਼-999 ਫਲਾਇੰਗ ਟਰੇਨਿੰਗ ਲੈਣ ਲਈ ਏਅਰਫੋਰਸ ਸਟੇਸ਼ਨ ਬਿਦਰ ਜਾਣਗੇ।
ਦੇਸ਼ ਸੇਵਾ ਦਾ ਮੌਕਾ ਦੇਣ ਲਈ ਪ੍ਰਮਾਤਮਾ ਦਾ ਧੰਨਵਾਦ ਕਰਦਿਆਂ ਰਾਘਵ ਅਰੋੜਾ ਨੇ ਕਿਹਾ, ‘‘ਜਦੋਂ ਅਸੀਂ ਇਸ ਵੱਕਾਰੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ ਸ਼ਾਮਲ ਹੋਏ ਸੀ ਤਾਂ ਉਨ੍ਹਾਂ ਨੂੰ ਇਸ ਬਾਰੇ ਬਹੁਤ ਘੱਟ ਜਾਣਕਾਰੀ ਸੀ ਕਿ ਅੱਗੇ ਕੀ ਹੋਵੇਗਾ। ਇਸ ਅਧਿਕਾਰੀ ਨੇ ਕਿਹਾ ਕਿ ਮੁਹਾਲੀ ਇੰਸਟੀਚਿਊਟ ਵਿੱਚ ਬਿਤਾਏ ਦੋ ਸਾਲਾਂ ਨੇ ਸੱਚਮੁੱਚ ਮੇਰੀ ਜਿੰਦਗੀ ਬਦਲ ਦਿੱਤੀ।
ਰਾਘਵ ਨੇ ਕਿਹਾ ਕਿ ਸਾਨੂੰ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿਖੇ ਪੀਟੀ, ਖੇਡਾਂ, ਵਿਚਾਰ-ਚਰਚਾ ਅਤੇ ਡ੍ਰਿਲ ਸਮੇਤ ਅਨੇਕਾਂ ਹੁਨਰਾਂ ਦੀ ਸਿਖਲਾਈ ਦਿੱਤੀ ਗਈ। ਭਾਵੇਂ ਪੀਟੀ ਇੰਸਟ੍ਰਕਟਰ ਨੇ ਸਾਡੇ ਦਿਨ ਥਕਾਵਟ ਭਰਪੂਰ ਬਣਾ ਦਿੱਤੇ ਸਨ ਪਰ ਉਹ ਬੁਹਤ ਪ੍ਰੇਰਣਾਦਾਇਕ ਸਨ। ਉਨ੍ਹਾਂ ਕਿਹਾ ਕਿ ਸੀਨੀਅਰਜ਼ ਨੇ ਹਮੇਸ਼ਾ ਸਾਡਾ ਮਾਰਗ ਦਰਸ਼ਨ ਕੀਤਾ ਅਤੇ ਅੱਗੇ ਵਧਣ ਲਈ ਵਡਮੱੁਲੇ ਸੁਝਾਅ ਦਿੱਤੇ। ਉਨ੍ਹਾਂ ਕਿਹਾ ਕਿ ਡਾਇਰੈਕਟਰ ਨੇ ਉਨ੍ਹਾਂ ਨੂੰ ਸਹੀ ਚੋਣ ਕਰਨਾ ਸਿਖਾਇਆ ਅਤੇ ਅਨੁਸ਼ਾਸਨਮਈ ਜ਼ਿੰਦਗੀ ਦੇ ਅਸਲ ਮਾਇਨੇ ਸਿਖਾਏ।
ਇੰਸਟੀਚਿਊਟ ਦੇ ਇੱਕ ਹੋਰ ਸਾਬਕਾ ਵਿਦਿਆਰਥੀ ਸ਼ੁਭਦੀਪ ਸਿੰਘ ਅੌਲਖ ਨੂੰ ਵੀ ਭਾਰਤੀ ਹਵਾਈ ਸੈਨਾ ਦੀ ਫਲਾਇੰਗ ਬ੍ਰਾਂਚ ਵਿੱਚ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਫਾਈਟਰ ਸਟਰੀਮ ਮਿਲਿਆ ਹੈ। ਇੱਥੋਂ ਪਾਸ ਹੋਣ ਉਪਰੰਤ ਅੌਲਖ ਨੇ 140ਵੇਂ ਐਨਡੀਏ ਕੋਰਸ ਵਿੱਚ ਦਾਖ਼ਲਾ ਲਿਆ। ਉਪਰੰਤ ਏਅਰਫੋਰਸ ਅਕੈਡਮੀ ਹੈਦਰਾਬਾਦ ਵਿੱਚ 140ਵੇਂ ਪੀਸੀ ਵਿੱਚ ਦਾਖ਼ਲਾ ਲੈ ਲਿਆ ਅਤੇ ਬੀਤੀ 18 ਜੂਨ ਨੂੰ ਕੋਰਸ ਪਾਸ ਕੀਤਾ। ਪਾਸ ਹੋਣ ’ਤੇ ਉਸ ਨੇ ਕਈ ਪੁਰਸਕਾਰ ਅਤੇ ਟਰਾਫ਼ੀਆਂ ਹਾਸਲ ਕੀਤੀਆਂ। ਉਨ੍ਹਾਂ ਨੇ ਏਅਰ ਫੋਰਸ ਅਕੈਡਮੀ ਵਿਖੇ ਫਲਾਇੰਗ ਅਤੇ ਗਰਾਊਂਡ ਸਬਜੈਕਟਸ ਵਿੱਚ ਓਵਰਆਲ ਪਹਿਲਾ ਸਥਾਨ ਹਾਸਲ ਕੀਤਾ ਅਤੇ ਆਪਣੇ ਫਲਾਇੰਗ ਕੋਰਸ ਦੇ ਸਭ ਤੋਂ ਹੋਣਹਾਰ ਕੈਡੇਟ ਦੀ ਟਰਾਫ਼ੀ ਹਾਸਲ ਕੀਤੀ। ਇਸ ਦੇ ਨਾਲ ਹੀ, ਉਹ ਆਪਣੇ ਕੋਰਸ ਦੀ ਯੋਗਤਾ ਦੇ ਸਮੁੱਚੇ ਕ੍ਰਮ ਵਿੱਚ ਦੂਜੇ ਸਥਾਨ ’ਤੇ ਰਹੇ।
ਜ਼ਿਕਰਯੋਗ ਹੈ ਕਿ ਸ਼ੁਭਦੀਪ ਦੇ ਪਿਤਾ ਨੇ ਵੀ ਭਾਰਤੀ ਹਵਾਈ ਸੈਨਾ ਵਿੱਚ ਸੇਵਾ ਨਿਭਾਈ ਹੈ, ਜੋ ਵਿੰਗ ਕਮਾਂਡਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਨੂੰ ਆਪਣੇ ਕੈਡੇਟ ਦੀਆਂ ਪ੍ਰਾਪਤੀਆਂ ’ਤੇ ਮਾਣ ਹੈ ਅਤੇ ਭਾਰਤੀ ਹਵਾਈ ਸੈਨਾ ਦੇ ਲੜਾਕੂ ਪਾਇਲਟ ਵਜੋਂ ਉਸ ਦੇ ਸਫਲਤਾਪੂਰਵਕ ਅਤੇ ਸੁਨਹਿਰੀ ਕਰੀਅਰ ਦੀ ਕਾਮਨਾ ਕਰਦਾ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…