
ਡਿਫੈਂਸ ਦੀਆਂ ਸੇਵਾਵਾਂ ਪ੍ਰਤੀ ਪੰਜਾਬ ਦੀ ਨੌਜਵਾਨੀ ਦਾ ਘਟਦਾ ਰੁਝਾਨ ਚਿੰਤਾਜਨਕ: ਕੈਪਟਨ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਗਸਤ:
ਪਿਛਲੇ ਦਹਾਕਿਆਂ ਦੇ ਮੁਕਾਬਲੇ ਦਿਨ ਪ੍ਰਤੀ ਦਿਨ ਦੇਸ਼ ਦੀਆ ਡਿਫੈਂਸ ਸੇਵਾਵਾਂ ’ਚੋਂ ਪੰਜਾਬ ਦੇ ਨੌਜਵਾਨਾਂ ਦਾ ਘਟ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਹਲਾਕ ਇੰਚਾਰਜ ਕੈਪਟਨ ਤਜਿੰਦਰਪਾਲ ਸਿੰਘ ਸਿੱਧੂ ਨੇ ਜਗਤਪੁਰਾ ਵਿੱਚ ਮੰਨਾ ਸੇਖੋਂ ਅਤੇ ਸ਼ੰਮੀ ਗਰੁੱਪ ਵਲੋਂ ਆਯੋਜਿਤ ਇੱਕ ਯੂਥ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਕੈਪਟਨ ਸਿੱਧੂ ਇਸ ਰੈਲੀ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਸਨ। ਉਹਨਾਂ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਜੋ ਦੇਸ਼ ਦੇ ਵਿਕਾਸ ਅਤੇ ਅਧਾਰ ਸੰਰਚਨਾ ਵਿੱਚ ਅਹਿਮ ਰੋਲ ਨਿਭਾਉਂਦੇ ਹਨ। ਇਸ ਦੇ ਨਾਲ-ਨਾਲ ਜੇ ਵਿਅਕਤੀਗਤ ਤੌਰ ’ਤੇ ਦੇਖਿਆ ਜਾਵੇ ਤਾਂ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਇਹ ਇੱਕ ਅਤਿ ਸੰਵੇਦਨਸ਼ੀਲ ਮੋੜ ਹੁੰਦਾ ਹੈ।
ਇਸ ਲਈ ਹਰ ਨੌਜਵਾਨ ਨੂੰ ਨਸ਼ਿਆਂ ਅਤੇ ਮਾੜੀ ਸੰਗਤ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਹਨਾਂ ਨੇ ਨੌਜਵਾਨਾਂ ਨੂੰ ਕਿੱਤਾਮੁਖੀ ਸੋਚ ਦੇ ਨਾਲ ਨਾਲ ਦੇਸ਼ ਪ੍ਰਤੀ ਪ੍ਰੇਮ ਦੀ ਭਾਵਨਾ ਨਾਲ ਫੌਜ ਦੀਆਂ ਭਰਤੀਆਂ ਵਿੱਚ ਵੀ ਵਧ ਚੜ੍ਹ ਕਿ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ। ਜਿਸ ਨੇ ਸਦਾ ਨੌਜਵਾਨਾਂ ਦੇ ਵਿਕਾਸ ਦੀ ਹਮਾਇਤ ਕੀਤੀ ਹੈ। ਜਿਸ ਦੀ ਜਿਉਂਦੀ ਜਾਗਦੀ ਉਦਾਹਰਨ ਸ਼੍ਰੋਮਣੀ ਅਕਾਲੀ ਦਲ ਦੇ ਲੰਘੇ ਪਿਛਲੇ ਦਸ ਸਾਲਾਂ ਦੇ ਰਾਜ ਵਿੱਚ ਲੱਖਾਂ ਨੌਜਵਾਨਾਂ ਨੂੰ ਮਿਲੀਆਂ ਨੌਕਰੀਆਂ ਹਨ। ਜਿਸ ਦੇ ਬਿਲਕੁਲ ਉਲਟ ਅੱਜ ਮੌਜੂਦਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਨੌਕਰੀ ਦੇ ਨਾਮ ’ਤੇ ਝੂਠੇ ਵਾਅਦੇ ਅਤੇ ਨੌਕਰੀ ਮੇਲਿਆਂ ਦੇ ਰੂਪ ਵਿੱਚ ਹੋ ਹੱਲਾ ਹੀ ਮਿਲ ਰਿਹਾ ਹੈ। ਇਸ ਮੌਕੇ ਸੀਨੀਅਰ ਯੂਥ ਅਕਾਲੀ ਆਗੂ ਸਤਿੰਦਰ ਸਿੰਘ ਗਿੱਲ, ਡਾ. ਮੇਜਰ ਸਿੰਘ, ਸੁਖਵਿੰਦਰ ਸਿੰਘ (ਸਾਬਕਾ ਸਰਪੰਚ), ਬਲਜੀਤ ਸਿੰਘ, ਜਗਤਾਰ ਸਿੰਘ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਅਤੇ ਨੌਜਵਾਨ ਸੈਂਕੜਿਆਂ ਦੀ ਗਿਣਤੀ ਵਿੱਚ ਹਾਜ਼ਰ ਸਨ।