
ਪੂਰਨ ਪ੍ਰਦੇਸ਼ੀ ਮੋਦੀ ਫਾਰ ਪੀਐਮ ਸੰਗਠਨ ਦਾ ਸੂਬਾ ਕਨਵੀਨਰ ਨਿਯੁਕਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਦਸੰਬਰ:
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮਿਸ਼ਨ-2019 ਨੂੰ ਫਤਹਿ ਕਰਨ ਲਈ ਹੁਣ ਤੋਂ ਹੀ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ। ਭਾਜਪਾ ਨੇ ਮੋਦੀ ਫਾਰ ਪੀਐਮ ਸੰਗਠਨ ਦੀ ਸਥਾਪਨਾ ਕਰਕੇ ਉੱਘੀਆਂ ਸ਼ਖ਼ਸੀਅਤਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤੀ ਹੈ। ਭਾਜਪਾ ਦੇ ਕੇਂਦਰੀ ਸਹਿ ਕਨਵੀਨਰ ਅਤੇ ਰਾਜਨੀਤਕ ਰਣਨੀਤੀਕਾਰ ਅਭਿਕੇਸ਼ ਗੁਪਤਾ ਦੀ ਸਿਫਾਰਸ਼ ’ਤੇ ਕੇਂਦਰੀ ਕਨਵੀਨਰ ਰੋਹਿਤ ਗੰਗਵਾਲ ਵੱਲੋਂ ਨੌਜਵਾਨ ਆਗੂ ਪੂਰਨ ਪ੍ਰਦੇਸ਼ੀ ਨੂੰ
ਮੋਦੀ ਫਾਰ ਪੀਐਮ ਸੰਗਠਨ ਦਾ ਪੰਜਾਬ ਦਾ ਸੂਬਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਸ੍ਰੀ ਪੂਰਨ ਪ੍ਰਦੇਸ਼ੀ ਨੂੰ ਸੰਗਠਨ ਦੀ ਮਜਬੂਤੀ ਲਈ ਸੂਬਾ ਅਤੇ ਜ਼ਿਲ੍ਹਾ ਪੱਧਰੀ ਅਹੁਦੇਦਾਰ ਨਿਯੁਕਤ ਕਰਨ ਦੇ ਪੁਰੇ ਅਧਿਕਾਰ ਦਿੱਤੇ ਗਏ ਹਨ। ਉਂਜ ਹਾਈ ਕਮਾਂਡ ਨੇ ਨੌਜਵਾਨ ਆਗੂ ਨੂੰ ਸਾਫ਼ ਦਿਸ਼ਾ ਨਿਰਦੇਸ਼ ਵੀ ਦਿੱਤੇ ਹਨ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਅਹੁਦਾ ਦੇਣ ਜਾਂ ਆਪਣੀ ਟੀਮ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਅਪਰਾਧਿਕ ਰਿਕਾਰਡ ਜ਼ਰੂਰ ਚੈੱਕ ਕਰ ਲਿਆ ਜਾਵੇ।
ਇਸ ਮੌਕੇ ਸ੍ਰੀ ਪੂਰਨ ਪ੍ਰਦੇਸ਼ੀ ਨੇ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ। ਉਹ ਇਸ ਸਬੰਧੀ ਪੁਰੀ ਲਗਨ, ਇਮਾਨਦਾਰੀ ਅਤੇ ਸੇਵਾਭਵਾਨਾ ਨਾਲ ਨਿਭਾਉਣਗੇ ਅਤੇ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਪਿੰਡ ਪੱਧਰ ’ਤੇ ਮੁਹਿੰਮ ਵਿੱਢੀ ਜਾਵੇਗੀ ਅਤੇ ਵੱਧ ਤੋਂ ਵੱਧ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ।