ਪਿੰਡਾਂ ਨੂੰ ਸਾਫ਼ ਪਾਣੀ ਦੀ ਸਪਲਾਈ ਸਕੀਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ: ਮੁਹੰਮਦ ਇਸ਼ਫਾਕ

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡਾਂ ਨੂੰ ਓਡੀਐਫ ਵਿੱਚ ਮਿਲੀ ਸਫਲਤਾ ਦਾ 10 ਜ਼ਿਲ੍ਹਿਆਂ ਦੀਆਂ ਪੰਚਾਇਤਾਂ ਨੇ ਲਿਆ ਜਾਇਜ਼ਾ

ਮਨਜੀਤ ਕੌਰ
ਨਬਜ਼-ਏ-ਪੰਜਾਬ ਬਿਊਰੋ, ਫਤਹਿਗੜ੍ਹ ਸਾਹਿਬ, 23 ਦਸੰਬਰ:
ਸਵੱਛ ਗ੍ਰਾਮੀਣ ਮਿਸ਼ਨ ਅਧੀਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡਾਂ ਨੂੰ ਖੁਲ੍ਹੇ ਵਿੱਚ ਓਡੀਐਫ ਕਰਨ ਦੀ ਮੁਹਿੰਮ ਵਿੱਚ ਮਿਲੀ ਸਫਲਤਾ ਤੋਂ ਪ੍ਰਭਾਵਿਤ ਹੋਏ ਪੰਜਾਬ ਦੇ 10 ਜ਼ਿਲ੍ਹਿਆਂ ਮੋਗਾ, ਮੁਕਤਸਰ ਸਾਹਿਬ, ਸੰਗਰੂਰ, ਬਠਿੰਡਾ, ਪਟਿਆਲਾ, ਫਿਰੋਜਪੁਰ, ਫਾਜਿਲਕਾ, ਮਾਨਸਾ, ਲੁਧਿਆਣਾ ਅਤੇ ਬਰਨਾਲਾ ਦੀਆਂ ਪੰਚਾਇਤਾਂ, ਗ੍ਰਾਮ ਪੰਚਾਇਤ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀਆਂ ਦੇ ਚੇਅਰਮੈਨਾਂ ਤੇ ਮੈਂਬਰਾਂ ਨੇ ਅਗਾਂਹਵਧੂ ਪਿੰਡ ਨੌਲੱਖਾ ਦਾ ਵਿਸ਼ੇਸ ਤੌਰ ’ਤੇ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੇ ਪਿੰਡਾਂ ਦੇ ਲੋਕਾਂ ਤੋਂ ਪਿੰਡਾਂ ਨੂੰ ਖੁਲੇ ਵਿੱਚ ਪਖਾਨੇ ਜਾਣ ਤੋਂ ਮੁਕਤ ਕਰਨ ਸਬੰਧੀ ਪੇਸ਼ ਆਈਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਵਫ਼ਦ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡਾਂ ਨੂੰ 10 ਘੰਟੇ ਤੋਂ ਵੱਧ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਸਬੰਧੀ ਚਲਾਈ ਜਾ ਰਹੀ ਮੁਹਿੰਮ ਬਾਰੇ ਵੀ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਡਾਇਰੈਕਟਰ ਮੁਹੰਮਦ ਇਸ਼ਫਾਕ ਨੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਹੋਰਨਾਂ ਜ਼ਿਲ੍ਹਿਆਂ ਲਈ ਰੋਲ ਮਾਡਲ ਦੱਸਦਿਆਂ ਪਿੰਡਾਂ ਨੂੰ ਓਡੀਐਫ ਕਰਨ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਲੋਕਾਂ ਵੱਲੋਂ ਦਿੱਤੇ ਗਏ ਉਸਾਰੂ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਪਿੰਡਾਂ ਨੂੰ 24 ਘੰਟੇ ਪਾਣੀ ਦੀ ਸਪਲਾਈ ਦੇਣ ਨਾਲ ਜਿਥੇ ਮੋਟਰ ਘੱਟ ਚਲਾਉਣੀ ਪੈਂਦੀ ਹੈ ਉਥੇ ਹੀ ਇਸ ਨਾਲ ਪੰਚਾਇਤਾਂ ਦਾ ਬਿਜਲੀ ਦਾ ਬਿਲ ਵੀ ਕਾਫੀ ਘੱਟ ਹੋ ਗਿਆ ਹੈ, ਜਿਸ ਨਾਲ ਪਿੰਡਾਂ ਦੀਆਂ ਜਲ ਸਪਲਾਈ ਕਮੇਟੀਆਂ ਵਿੱਤੀ ਤੌਰ ’ਤੇ ਮਜਬੂਤ ਹੋਈਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਇਸ ਸਕੀਮ ਨਾਲ ਲੋਕਾਂ ਨੂੰ 24 ਘੰਟੇ ਪਾਣੀ ਮਿਲਣ ਕਾਰਨ ਲੋਕ ਆਪਣੇ ਪਾਣੀ ਦਾ ਬਿਲ ਵੀ ਆਪਣੇ ਆਪ ਸਮੇਂ ਸਿਰ ਭਰ ਰਹੇ ਹਨ ਜਿਸ ਨਾਲ ਜਲ ਸਪਲਾਈ ਕਮੇਟੀਆਂ ਨੂੰ ਲੋਕਾਂ ਵੱਲੋਂ ਸਮੇਂ ਸਿਰ ਬਿਲ ਨਾ ਭਰਨ ਸਬੰਧੀ ਲੰਬੇ ਸਮੇਂ ਤੋਂ ਆ ਰਹੀ ਇਸ ਸਮੱਸਿਆ ਤੋਂ ਰਾਹਤ ਮਿਲੀ ਹੈ।
ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਜਸਬੀਰ ਸਿੰਘ ਨੇ ਦੱਸਿਆ ਕਿ ਪਿੰਡਾਂ ਨੂੰ ਪੂਰਨ ਤੌਰ ’ਤੇ ਓ.ਡੀ.ਐਫ. ਕਰਨ ਵਿੱਚ ਲੋਕਾਂ ਦੇ ਮਿਲੇ ਉਸਾਰੂ ਸਹਿਯੋਗ ਦਾ ਮੁੱਖ ਯੋਗਦਾਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਸਰਕਾਰ ਵੱਲੋਂ ਘਰਾਂ ਵਿੱਚ ਪਖਾਨੇ ਬਣਾਉਣ ਲਈ ਲੋਕਾਂ ਨੂੰ 15 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ ਪ੍ਰੰਤੂ ਫਿਰ ਵੀ ਲੋਕਾਂ ਨੇ ਨਿੱਜੀ ਤੌਰ ’ਤੇ ਪੈਸੇ ਖਰਚ ਕੇ ਬਾਥ-ਕਮ-ਟਾਇਲਟ ਦਾ ਮਾਡਲ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਮੋਟੀਵੇਟਰਾਂ, ਮਾਸਟਰ ਮੋਟੀਵੇਟਰਾਂ ਅਤੇ ਵਿਭਾਗ ਦੇ ਜੂਨੀਅਰ ਇੰਜੀਨੀਅਰਾਂ ਤੇ ਸਹਾਇਕ ਇੰਜੀਨੀਅਰਾਂ ਦੀਆਂ ਟੀਮਾਂ ਵੱਲੋਂ ਦ੍ਰਿੜ ਇਰਾਦੇ ਨਾਲ ਲੋਕਾਂ ਨੂੰ ਖੁਲੇ ਵਿੱਚ ਪਖਾਨੇ ਜਾਣ ਨਾਲ ਹੁੰਦੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ। ਜਿਸ ਦੇ ਸਿੱਟੇ ਵਜੋਂ ਲੋਕਾਂ ਨੇ ਸਵੱਛ ਗ੍ਰਾਮੀਣ ਮੁਹਿੰਮ ਅਧੀਨ ਆਪਣੇ ਘਰਾਂ ਵਿੱਚ ਪਖਾਨੇ ਬਣਾ ਕੇ ਉਨ੍ਹਾਂ ਦੀ ਵਰਤੋਂ ਵੀ ਯਕੀਨੀ ਬਣਾਈ ਹੈ।
ਪਿੰਡਾਂ ਨੂੰ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਦੀ ਮੁਹਿੰਮ ਬਾਰੇ ਇੰਜਨੀਅਰ ਜਸਬੀਰ ਸਿੰਘ ਨੇ ਦੱਸਿਆ ਕਿ ਪਹਿਲਾਂ ਪਿੰਡਾਂ ਵਿੱਚ 10 ਘੰਟੇ ਮੋਟਰ ਚਲਾ ਕੇ ਸਿਰਫ 1 ਘੰਟਾ ਸਵੇਰੇ ਤੇ ਇੱਕ ਘੰਟਾ ਸ਼ਾਮ ਨੂੰ ਹੀ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਸੀ ਜਦੋਂ ਕਿ 24 ਘੰਟੇ ਪਾਣੀ ਦੇਣ ਦੀ ਮੁਹਿੰਮ ਅਧੀਨ ਲੋਕਾਂ ਨੂੰ ਸਿਰਫ 4 ਜਾਂ 5 ਘੰਟੇ ਹੀ ਮੋਟਰ ਚਲਾਉਣੀ ਪੈਂਦੀ ਹੈ ਅਤੇ ਲੋਕਾਂ ਦੀਆਂ ਪਾਣੀ ਦੀਆਂ ਲੋੜਾਂ ਆਸਾਨੀ ਨਾਲ ਪੂਰੀਆਂ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਵਿੱਚ ਪਾਣੀ ਇਕੱਠਾ ਕਰ ਲੈਂਦੇ ਹਨ ਅਤੇ ਲੋੜ ਮੁਤਾਬਕ ਹੀ ਪਾਣੀ ਦੀ ਵਰਤੋਂ ਕਰ ਰਹੇ ਹਨ ਜਿਸ ਨਾਲ ਪਾਣੀ ਦੀ ਦੁਰਵਰਤੋਂ ਨਾ-ਮਾਤਰ ਰਹਿ ਗਈ ਹੈ।
ਇਸ ਮੌਕੇ ਪਿੰਡ ਨੌਲੱਖਾ ਦੀ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਗੁਰਜੰਟ ਸਿੰਘ, ਨੰਬਰਦਾਰ ਦਲੀਪ ਸਿੰਘ, ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਨੇ ਵੀ ਵਿਭਾਗ ਦੀਆਂ ਸਕੀਮਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਵਿਭਾਗ ਦੇ ਸਮੂਹ ਅਧਿਕਾਰੀਆਂ, ਮੋਟੀਵੇਟਰਾਂ ਤੇ ਮਾਸਟਰ ਮੋਟੀਵੇਟਰਾਂ ਵੱਲੋਂ ਓ.ਡੀ.ਐਫ. ਮੁਹਿੰਮ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…