
ਪੀ.ਡਬਲਿਊ.ਡੀ ਮੰਤਰੀ ਹਰਭਜਨ ਸਿੰਘ ਨੇ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਰਕਾਰੀ ਕਾਰਜਾਂ ਨੂੰ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਚਲਾਉਣ ਦੀ ਮੁਹਿੰਮ ਹੇਠ, ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ, ਦੁਆਰਾ ਮਹਿਕਮੇ ਵੱਲੋਂ ਪ੍ਰਸਤਾਵਿਤ ਸਟੈਂਡਰਡ ਅਪਰੇਟਿੰਗ ਪ੍ਰਕਿਰਿਆਵਾਂ (ਐਸਓਪੀ) ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਮਹਿਕਮੇ ਦੇ ਮੁੱਖ ਇੰਜੀਨੀਅਰਜ਼ ਅਤੇ ਹੋਰ ਉਚੇਰੇ ਅਧਿਕਾਰੀ ਮੌਜੂਦ ਸਨ।
ਸਰਕਾਰੀ ਬਲਾਰੇ ਨੇ ਦੱਸਿਆ ਕਿ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅੱਜ ਪੰਜਾਬ ਸੜਕਾਂ ਅਤੇ ਪੁਲ ਵਿਕਾਸ ਬੋਰਡ ਦੇ ਮੁਹਾਲੀ ਦਫ਼ਤਰ ਵਿਖੇ ਮਹਕਮੇ ਵੱਲੋਂ ਪ੍ਰਸਤਾਵਿਤ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਦੀ ਸਮੀਖਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰਾ ਦੁਆਰਾ ਵੱਖ ਵੱਖ ਸਮੇਂ ਜਾਰੀ ਹੋਏ ਸਰਕਾਰੀ ਹਦਾਇਤਾਂ, ਹੁਕਮਾਂ, ਨੋਟੀਫਿਕੇਸ਼ਨਾਂ ਤੇ ਆਧਾਰਿਤ 46 ਪ੍ਰਕਿਰਿਆਵਾਂ ਪ੍ਰਸਤਾਵਿਤ ਹਨ। ਉਨ੍ਹਾਂ ਕਿਹਾ ਇਨ੍ਹਾਂ ਨੂੰ ਅਪਨਾਉਣ ਨਾਲ ਲੋਕ ਨਿਰਮਾਣ ਵਿਭਾਗ ਦੀ ਕਾਰਜਕੁਸ਼ਲਤਾ ਵਧੇਗੀ ਅਤੇ ਵਿਭਾਗ ਦੇ ਕੰਮ-ਕਾਜਾਂ ਨੂੰ ਪਾਰਦਰਸ਼ੀ ਤਰੀਕੇ ਅਤੇ ਉੱਚ ਗੁਣਵੰਤਾ ਨਾਲ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਨ੍ਹਾਂ ਪ੍ਰਕਿਰਿਆਵਾਂ ਨੂੰ ਉਚੇਚੇ ਤੌਰ ਤੇ ਤਿੰਨ ਹਿੱਸਿਆਂ ਮੁੱਢਲਾ ਚਰਣ, ਟੈਂਡਰੀਂਗ ਚਰਣ ਅਤੇ ਮੌਕੇ ਤੇ ਕੰਮ ਕਰਵਾਉਣ ਵਿੱਚ ਵੰਡਿਆ ਗਿਆ ਹੈ। ਇਸ ਨਾਲ ਆਮ ਜਨਤਾ ਦੇ ਲੋਕ ਨਿਰਮਾਣ ਸਬੰਧੀ ਕਾਰਜਾਂ ਵਿੱਚ ਸੌਖ ਅਤੇ ਤੇਜੀ ਆਵੇਗੀ । ਉਨ੍ਹਾਂ ਦੱਸਿਆ ਕਿ ਲੋਕ ਨਿਰਮਾਣ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਪ੍ਰਕਿਰਿਆਵਾਂ ਲਈ ਲੋੜੀਂਦੀਆਂ ਮਨਜ਼ੂਰੀਆਂ ਮੁੱਖ ਇੰਜੀਨੀਅਰ (ਹੈ.ਕੁ.) ਰਾਹੀਂ ਤੁਰੰਤ ਪ੍ਰਾਪਤ ਕਰਨ ਅਤੇ ਸਮੇਂ ਬੱਧ ਤਰੀਕੇ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ।