
ਆਵਾਰਾ ਕੁੱਤਿਆਂ ਨੂੰ ਲੈ ਕੇ ਝਗੜੇ ਦਾ ਮਾਮਲਾ ਥਾਣੇ ਪੁੱਜਾ, ਵਫ਼ਦ ਐਸਐਚਓ ਨੂੰ ਮਿਲਿਆ
ਪਾਲਤੂ ਕੁੱਤੇ ਦੇ ਮਾਲਕ ਖ਼ਿਲਾਫ਼ ਵੀ ਦਿੱਤੀ ਲਿਖਤੀ ਸ਼ਿਕਾਇਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਕਤੂਬਰ:
ਇੱਥੋਂ ਦੇ ਫੇਜ਼-2 ਰਿਹਾਇਸ਼ੀ ਖੇਤਰ ਆਵਾਰਾ ਅਤੇ ਪਾਲਤੂ ਕੁੱਤਿਆਂ ਦੀ ਸਮੱਸਿਆ ਅਤੇ ਆਪਸੀ ਲੜਾਈ ਝਗੜੇ ਦਾ ਮਾਮਲਾ ਥਾਣੇ ਪਹੁੰਚ ਗਿਆ ਹੈ। ਸੋਸ਼ਲ ਵੈਲਫੇਅਰ ਐਸੋਸੀਏਸ਼ਨ ਫੇਜ਼-2 ਦੇ ਪ੍ਰਧਾਨ ਜਗਰੂਪ ਸਿੰਘ ਭੰਗੂ ਦੀ ਅਗਵਾਈ ਹੇਠ ਵਫ਼ਦ ਸ਼ੁੱਕਰਵਾਰ ਨੂੰ ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਨੂੰ ਮਿਲਿਆ ਅਤੇ ਕੁੱਤਿਆਂ ਨੂੰ ਲੈ ਕੇ ਰੋਜ਼ਾਨਾ ਹੋ ਰਹੇ ਲੜਾਈ ਝਗੜੇ ਬਾਰੇ ਲਿਖਤੀ ਰੂਪ ਵਿੱਚ ਜਾਣਕਾਰੀ ਦਿੰਦਿਆਂ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੀ ਮੰਗ ਕੀਤੀ। ਸ਼ਹਿਰ ਵਾਸੀਆਂ ਨੇ ਇਕ ਪਾਲਤੂ ਕੁੱਤੇ ਦੇ ਮਾਲਕ ਦੇ ਖ਼ਿਲਾਫ਼ ਗਲਤ ਸ਼ਬਦਾਵਲੀ ਵਰਤੋਂ ਕਰਨ ਖ਼ਿਲਾਫ਼ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ।
ਇਸ ਮੌਕੇ ਮਹਿਲਾ ਮੰਡਲ ਦੀ ਪ੍ਰਧਾਨ ਕੋਮਲ ਰਾਣੀ ਨੇ ਦੱਸਿਆ ਕਿ ਰਿਹਾਇਸ਼ੀ ਖੇਤਰ ਵਿੱਚ ਆਵਾਰਾ ਕੁੱਤਿਆਂ ਦੀ ਭਰਮਾਰ ਹੈ। ਜਿਸ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਅਤੇ ਕਈ ਵਾਰ ਆਵਾਰਾ ਕੁੱਤੇ ਲੋਕਾਂ ਦੇ ਪਿੱਛੇ ਭੱਜਦੇ ਹਨ ਅਤੇ ਹੁਣ ਤੱਕ ਕਈ ਵਾਹਨ ਚਾਲਕਾਂ ਨੂੰ ਸੜਕ ’ਤੇ ਡਿੱਗਣ ਕਾਰਨ ਸੱਟਾਂ ਲੱਗ ਚੁੱਕੀਆਂ ਹਨ। ਉਨ੍ਹਾਂ ਪਾਲਤੂ ਕੁੱਤਿਆਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਕੁੱਝ ਲੋਕ ਆਪਣੇ ਪਾਲਤੂ ਕੁੱਤਿਆਂ ਨੂੰ ਪਾਰਕਾਂ ਵਿੱਚ ਘੁਮਾਉਣ ਲੱਗ ਜਾਂਦੇ ਹਨ। ਵਿਰੋਧ ਕਰਨ ’ਤੇ ਉਹ ਲੜਾਈ ਝਗੜਾ ਕਰਨ ’ਤੇ ਉਤਾਰੂ ਹੋ ਜਾਂਦੇ ਹਨ।
ਇਸ ਮੌਕੇ ਪ੍ਰੈਸ ਸਕੱਤਰ ਅਮਰਦੀਪ ਸਿੰਘ ਸੈਣੀ, ਰੂਪਾ ਦੇਵੀ, ਸ਼ਕੁੰਤਲਾ ਦੇਵੀ, ਜੋਗਿੰਦਰ ਕੌਰ, ਬਲਵਿੰਦਰ ਕੌਰ, ਬਬਲੀ, ਲਾਭ ਕੌਰ, ਅਮਰਜੀਤ ਕੌਰ, ਰਾਕੇਸ਼ ਰਾਣੀ, ਦਵਿੰਦਰ ਸਿੰਘ, ਬੱਬੂ, ਇੰਦੂ ਮਹਾਜਨ, ਰੀਨਾ, ਵਿਮਲਾ, ਕਮਲੇਸ਼, ਨਿਰਮਲ ਦੇਵੀ ਵੀ ਹਾਜ਼ਰ ਸਨ।