
550 ਬੱਚਿਆਂ ਦੇ ਭਵਿੱਖ ਦਾ ਸੁਆਲ: ਕੇਸ ਦੀ ਅਗਲੀ ਸੁਣਵਾਈ 17 ਅਗਸਤ ਨੂੰ
ਮਾਪਿਆਂ ਦੀ ਤਰਫ਼ੋਂ ਬਲਵਿੰਦਰ ਸਿੰਘ ਕੁੰਭੜਾ, ਮਨਜੀਤ ਸਿੰਘ, ਗੁਰਚਰਨ ਸਿੰਘ ਧਿਰ ਬਣੇ
ਅੱਠ ਸਾਲ ਬਾਅਦ ਪੰਚਾਇਤ ਸੈਕਟਰੀ ਨੇ ਮੇਅਰ ਦਫ਼ਤਰ ’ਚ ਜਮ੍ਹਾ ਕਰਵਾਇਆ ਰਿਕਾਰਡ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ:
ਸਰਕਾਰੀ ਪ੍ਰਾਇਮਰੀ ਸਕੂਲ ਕੁੰਭੜਾ ਵਿੱਚ ਪੜ੍ਹਦੇ 550 ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਪੀੜਤ ਮਾਪਿਆਂ ਨੇ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਮਨਜੀਤ ਸਿੰਘ ਅਤੇ ਗੁਰਚਰਨ ਸਿੰਘ ਨੂੰ ਕਾਨੂੰਨੀ ਚਾਰਾਜੋਈ ਲਈ ਅਧਿਕਾਰਤ ਕੀਤਾ ਹੈ। ਕੁੰਭੜਾ ਨੇ ਪਿਛਲੀ ਤਰੀਕ ’ਤੇ ਅਦਾਲਤ ਵਿੱਚ ਪੇਸ਼ ਹੋ ਕੇ ਧਿਰ ਬਣਨ ਦੀ ਗੁਹਾਰ ਲਗਾਈ ਸੀ। ਹਾਲਾਂਕਿ ਪਹਿਲਾਂ ਅਦਾਲਤ ਨੇ ਉਨ੍ਹਾਂ ਨੂੰ ਸੁਣਨ ਤੋਂ ਮਨਾਂ ਕਰ ਦਿੱਤਾ ਸੀ ਪਰ ਹੁਣ ਬੱਚਿਆਂ ਦੇ ਮਾਪਿਆਂ ਨੇ ਇਹ ਕੇਸ ਲੜਨ ਲਈ ਉਨ੍ਹਾਂ (ਬਲਵਿੰਦਰ) ਨੂੰ ਅਧਿਕਾਰ ਦਿੱਤੇ ਹਨ।
ਬਲਵਿੰਦਰ ਕੁੰਭੜਾ ਨੇ ਆਪਣੇ ਵਕੀਲ ਅਜੈ ਮਹਿਰਾ ਰਾਹੀਂ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਕਿ ਸੁਣਵਾਈ ਦੌਰਾਨ ਮਾਪਿਆਂ ਦੀ ਤਰਫ਼ੋਂ ਉਨ੍ਹਾਂ ਨੂੰ ਸੁਣਿਆ ਜਾਵੇ। ਉਨ੍ਹਾਂ ਕਿਹਾ ਕਿ ਗੁਰਬਖ਼ਸ਼ ਸਿੰਘ ਕੁੰਭੜਾ ਨੇ ਕਾਫ਼ੀ ਅਰਸਾ ਪਹਿਲਾਂ ਸਕੂਲ ਨੂੰ ਜ਼ਮੀਨ ਦਾਨ ਦਿੱਤੀ ਸੀ। ਪੰਚਾਇਤੀ ਮਤੇ ’ਤੇ ਦਸਖ਼ਤ ਕਰਨ ਵਾਲੇ ਦੋ ਪੰਚ ਵੀ ਸਰਕਾਰੀ ਗਵਾਹ ਬਣਨ ਨੂੰ ਤਿਆਰ ਹਨ। ਲੇਕਿਨ ਜ਼ਮੀਨ ਦਾ ਰਿਕਾਰਡ ਉਪਲਬਧ ਨਾ ਹੋਣ ਕਾਰਨ ਦਿੱਕਤਾਂ ਆ ਰਹੀਆਂ ਹਨ।
ਸ੍ਰੀ ਕੁੰਭੜਾ ਨੇ ਦੱਸਿਆ ਕਿ ਸਾਲ 2014-15 ਵਿੱਚ ਪਿੰਡ ਕੁੰਭੜਾ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਕੀਤਾ ਗਿਆ ਸੀ ਪ੍ਰੰਤੂ ਹੁਣ ਤੱਕ ਪੰਚਾਇਤ ਵਿਭਾਗ ਨੇ ਗਰਮਾ ਪੰਚਾਇਤ ਰਿਕਾਰਡ ਨਗਰ ਨਿਗਮ ਵਿੱਚ ਜਮ੍ਹਾ ਨਹੀਂ ਕਰਵਾਇਆ ਗਿਆ। ਇਸ ਸਬੰਧੀ ਮੇਅਰ ਜੀਤੀ ਸਿੱਧੂ ਪੰਚਾਇਤ ਸਕੱਤਰ ਨੂੰ ਸਬੰਧਤ ਰਿਕਾਰਡ ਜਮ੍ਹਾ ਕਰਵਾਉਣ ਲਈ ਪੱਤਰ ਲਿਖਿਆ ਗਿਆ। ਡੀਡੀਪੀਓ ਨੇ ਬੀਡੀਪੀਓ ਨੂੰ ਗਰਾਮ ਪੰਚਾਇਤ ਕੁੰਭੜਾ ਦਾ ਰਿਕਾਰਡ ਨਗਰ ਨਿਗਮ ਵਿੱਚ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਕੁੰਭੜਾ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਪੰਚਾਇਤ ਸਕੱਤਰ ਹੁਣ ਤੱਕ ਸਾਰਾ ਰਿਕਾਰਡ ਆਪਣੇ ਕੋਲ ਰੱਖੀ ਬੈਠਾ ਹੈ। ਉਨ੍ਹਾਂ ਮੰਗ ਕੀਤੀ ਕਿ ਜ਼ਿੰਮੇਵਾਰ ਅਫ਼ਸਰਾਂ ਤੇ ਸਟਾਫ਼ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਜਾਣਕਾਰੀ ਅਨੁਸਾਰ ਦਾਨੀ ਸੱਜਣ ਦੇ ਵਾਰਸਾਂ ਨੇ ਮੁਹਾਲੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਕੁੰਭੜਾ ਵਿੱਚ ਬੱਚਿਆਂ ਦੀ ਗਿਣਤੀ ਵਧਣ ਕਾਰਨ ਦੋ ਸਕੂਲਾਂ ਦੀ ਲੋੜ ਸੀ। ਇਸ ਲਈ ਗੁਰਬਖ਼ਸ਼ ਸਿੰਘ ਨੇ ਤਰਸ ਦੇ ਆਧਾਰ ’ਤੇ ਗਰਾਮ ਪੰਚਾਇਤ ਨੂੰ ਅਰਜ਼ੀ ਤੌਰ ’ਤੇ ਉਕਤ ਜ਼ਮੀਨ ਦਿੱਤੀ ਸੀ ਲੇਕਿਨ ਹੁਣ ਸਿੱਖਿਆ ਵਿਭਾਗ ਅਤੇ ਅਧਿਆਪਕ ਨਾ ਤਾਂ ਜ਼ਮੀਨ ਵਾਪਸ ਕਰ ਰਹੇ ਹਨ ਅਤੇ ਨਾ ਹੀ ਕਿਰਾਇਆ ਦੇ ਰਹੇ ਹਨ ਅਤੇ ਨਾ ਹੀ ਕੋਈ ਹੋਰ ਸੈਟਲ ਮੈਟਲ ਕਰਨ ਨੂੰ ਤਿਆਰ ਹਨ। ਲਿਹਾਜ਼ਾ ਉਨ੍ਹਾਂ ਦੀ ਜ਼ਮੀਨ ਉਨ੍ਹਾਂ ਨੂੰ ਵਾਪਸ ਕੀਤੀ ਜਾਵੇ।
ਸਕੂਲ ਮੁਖੀ ਸੁਖਦੀਪ ਕੌਰ ਨੇ ਦੱਸਿਆ ਕਿ ਪਹਿਲਾਂ ਇੱਥੇ ਗਰੀਬ ਵਰਗ ਨਾਲ ਸਬੰਧਤ 491 ਬੱਚੇ ਪੜ੍ਹਦੇ ਸਨ ਪ੍ਰੰਤੂ ਹੁਣ ਬੱਚਿਆਂ ਦੀ ਦਾਖ਼ਲਾਦਰ ਵਧ ਕੇ 550 ਹੋ ਗਈ ਹੈ। ਜੇਕਰ ਇਹ ਜ਼ਮੀਨ ਵਾਰਸਾਂ ਨੂੰ ਵਾਪਸ ਚਲੀ ਜਾਂਦੀ ਹੈ ਤਾਂ ਇਹ ਗਰੀਬ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਣਗੇ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 17 ਅਗਸਤ ਦਾ ਦਿਨ ਨਿਸ਼ਚਿਤ ਕੀਤਾ ਹੈ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਪੰਚਾਇਤ ਸਕੱਤਰ ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸਬੰਧਤ ਰਿਕਾਰਡ, ਜਿਸ ਵਿੱਚ ਗਰਾਮ ਪੰਚਾਇਤ ਦਾ ਕਰਵਾਈ ਰਜਿਸਟਰ, ਕੈਸ਼ ਬੁੱਕ ਅਤੇ ਫਰਦਾਂ ਮੇਅਰ ਦੀ ਗੈਰਮੌਜੂਦਗੀ ਵਿੱਚ ਉਨ੍ਹਾਂ ਦੇ ਪੀਏ ਨੂੰ ਸੌਂਪ ਦਿੱਤਾ ਹੈ। ਜਦੋਂ ਪੰਚਾਇਤ ਸਕੱਤਰ ਨੂੰ ਅੱਠ ਸਾਲ ਸਾਰਾ ਰਿਕਾਰਡ ਆਪਣੇ ਕੋਲ ਰੱਖੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਪਿੰਡ ਕੁੰਭੜਾ ਨੂੰ ਮੁਹਾਲੀ ਨਿਗਮ ਦੀ ਹੱਦ ਵਿੱਚ ਸ਼ਾਮਲ ਕੀਤਾ ਗਿਆ ਸੀ, ਉਦੋਂ ਉਹ ਸਾਰਾ ਰਿਕਾਰਡ ਜਮ੍ਹਾ ਕਰਵਾਉਣ ਲਈ ਨਿਗਮ ਦਫ਼ਤਰ ਗਏ ਸੀ ਪਰ ਉਦੋਂ ਅਧਿਕਾਰੀਆਂ ਨੇ ਸਾਰਾ ਰਿਕਾਰਡ ਲੈਣ ਦੀ ਥਾਂ ਸਿਰਫ਼ ਬੈਂਕ ਦੀ ਕਾਪੀ ਅਤੇ ਪੰਚਾਇਤ ਜ਼ਮੀਨ ਦੇ ਦਸਤਾਵੇਜ਼ ਲਈ ਲਏ ਸਨ।