ਸ਼੍ਰੋਮਣੀ ਅਕਾਲੀ ਦਲ ਦੀ ਸ਼ਤਾਬਦੀ ਦੇ ਮੌਕੇ ਬੱਬੀ ਬਾਦਲ ਨੇ ਚੁੱਕੇ ਕਈ ਸਵਾਲ

ਅਕਾਲੀ ਦਲ ਦੇ ਪਤਨ ਲਈ ਸੁਖਬੀਰ ਬਾਦਲ ਤੇ ਮਜੀਠੀਆ ਬਰਾਬਰ ਦੇ ਜ਼ਿੰਮੇਵਾਰ: ਬੱਬੀ ਬਾਦਲ

ਲੀਡਰਾਂ ਦੀ ਧੜੇਬੰਦੀ ਕਾਰਨ ਮਹਾਨ ਸੰਸਥਾ ਸ਼੍ਰੋਮਣੀ ਅਕਾਲੀ ਦਲ ਸਮੇ ਦੀ ਹਾਣੀ ਬਣ ਨਹੀ ਸਕੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਦਸੰਬਰ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੁਹਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾ ਦਸਤਾਰ ਕੈਂਪ ਲਗਾ ਕੇ ਮਨਾਉਂਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਮਹਾਨ ਸੰਸਥਾ ਹੈ, ਜਿਸ ਨੂੰ ਹੋਂਦ ਵਿੱਚ ਆਇਆ 100 ਸਾਲ ਹੋ ਗਏ ਹਨ। ਉਨ੍ਹਾਂ ਮੁਤਾਬਕ 100 ਸਾਲਾ ਸ਼ਤਾਬਦੀ ਦੇ ਸਫਰ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਨਿਘਾਰ ਲਈ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਬਰਾਬਰ ਦੇ ਜ਼ਿੰਮੇਵਾਰ ਹਨ।
ਸੁਖਬੀਰ ਬਾਦਲ ਦੇ ਪ੍ਰਧਾਨ ਬਣਨ ਅਤੇ ਮਜੀਠੀਆ ਪਰਿਵਾਰ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਸੀਨੀਅਰ ਅਤੇ ਕੁਰਬਾਨੀਆਂ ਕਰਨ ਵਾਲੇ ਅਕਾਲੀ ਲੀਡਰਾਂ ਨੂੰ ਨਜ਼ਰ ਅੰਦਾਜ ਕਰਕੇ ਮਾਫੀਆ ਰਾਜ ਵਾਲੇ ਲੋਕਾਂ ਨੂੰ ਟਿਕਟਾਂ ਅਤੇ ਤਾਕਤਾ ਦੇਣ ਕਰਕੇ ਸ਼ਹੀਦਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ ਡਿੱਗਦਾ ਗਿਆ ਜਿਸ ਕਰਕੇ ਜਿਸ ਕਰਕੇ ਅਕਾਲੀ ਲੀਡਰਸ਼ਿਪ ਵਿੱਚ ਤਿੱਖੇ ਮਤਭੇਦ ਪੈਦਾ ਹੋ ਗਏ। ਬੱਬੀ ਬਾਦਲ ਕਿਹਾ ਕਿ ਬਾਦਲਾਂ ਦੀਆਂ ਗਲਤ ਨੀਤੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਪਰਿਵਾਰਵਾਦ ਤੱਕ ਹੀ ਸੀਮਤ ਹੋ ਕੇ ਰਹਿ ਗਿਆ।
ਬਾਦਲਾਂ ਦੇ ਰਾਜ ਵਿੱਚ ਸੌਦਾ ਸਾਧ ਦੀਆਂ ਵੋਟਾਂ ਲੈਣ ਦਾ ਰਾਜਸੀ ਰੌਲਾ ਪਿਆ, ਜਿਸ ਨੇ ਦਸਮ ਪਿਤਾ ਦਾ ਸਵਾਂਗ ਰਚਿਆ ਸੀ ਤੇ ਉਸ ਨੂੰ ਸਿੱਖ ਪੰਥ ’ਚੋਂ ਛੇਕ ਦਿੱਤਾ ਸੀ ਪਰ ਬਾਦਲਾਂ ਦੀ ਅੰਦਰ ਖਾਤੇ ਉਸ ਨਾਲ ਦੋਸਤੀ ਜਾਰੀ ਰਹੀ, ਜਿਸ ਤਹਿਤ ਬਾਦਲਾਂ ਨੇ ਘੋਰ ਤੇ ਬਜ਼ਰ ਗਲਤੀ ਕਰਦਿਆਂ ਤਖ਼ਤਾਂ ਦੇ ਜੱਥੇਦਾਰਾਂ ਨੂੰ ਆਦੇਸ਼ ਦਿੱਤਾ ਕਿ ਉਹ ਸੌਦਾ ਸਾਧ ਨੂੰ ਬਿਨਾਂ ਮੁਆਫੀ ਮੰਗੇ, ਪੰਥ ਵਿੱਚ ਸ਼ਾਮਲ ਕਰਨ ਪਰ ਸਿੱਖ ਕੌਮ ਦੇ ਗੁੱਸੇ ਦਾ ਸ਼ਿਕਾਰ ਬਾਦਲਾਂ ਤੇ ਸਮੁੱਚੀ ਪਾਰਟੀ ਨੂੰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਅਕਾਲੀ ਦਲ ਨੂੰ ਹਮੇਸ਼ਾ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਤੇ ਬਾਦਲ ਪਰਿਵਾਰ ਨੇ ਅਕਾਲੀ ਦਲ ਵਿੱਚ ਟਕਸਾਲੀ ਪਰਿਵਾਰਾਂ ਦੇ ਜਥੇਦਾਰ ਵਿਸਾਰਿਆ ਕੇ ਮਾਫੀਆ ਪਸੰਦ ਲੋਕਾਂ ਨੂੰ ਟਿਕਟਾ ਦੇ ਕੇ ਨਿਵਾਜਦੇ ਰਹੇ ਹਨ, ਇਹ ਨੀਤੀ ਅੱਜ ਵੀ ਜਾਰੀ ਹੈ।
ਸ੍ਰੀ ਬੱਬੀ ਬਾਦਲ ਨੇ ਦੱਸਿਆ ਕਿ ਉਪਰੰਤ ਬਰਗਾੜੀ ਕਾਂਡ ਵੀ ਬਾਦਲ ਸਰਕਾਰ ਵੇਲੇ ਵਾਪਰਿਆ ਜੋ ਸ਼ਾਂਤਮਈ ਸੰਘਰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਸਨ ਪਰ ਪੁਲੀਸ ਵੱਲੋਂ ਨਿਹੱਥੇ ਸਿੱਖਾਂ ’ਤੇ ਗੋਲੀਆਂ ਚਲਾਉਣ ਨਾਲ 2 ਸਿੱਖ ਨੌਜਵਾਨ ਸ਼ਹੀਦ ਹੋ ਗਏ। ਇਸ ਤੋਂ ਇਲਾਵਾ ਪਿਛਲੀ ਸਰਕਾਰ ਵੇਲੇ ਹੀ 2016 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਅੰਮ੍ਰਿਤਸਰ ਤੋ 328 ਪਾਵਨ ਸਰੂਪ ਚੋਰੀ ਹੋ ਗਏ। ਇਨਾਂ ਕੇਸਾਂ ਨੂੰ ਸੁਲਝਾਉਣ ਲਈ ਪੜਤਾਲੀਆਂ ਕਮਿਸ਼ਨ ਬੈਠੇ ਪਰ ਮਸਲਾ ਜਿਉ ਦਾ ਤਿਉ ਹੀ ਰਿਹਾ। ਅਸਲ ਦੋਸ਼ੀਆਂ ਦੇ ਨਾਲ ਤਾਕਤਵਾਰ ਮਾਫੀਆ ਲਾਬੀ ਹੈ। ਪਰਖ ਦੇ ਦੌਰ ਚ ਲੰਘ ਰਹੀ ਅਕਾਲੀ ਲੀਡਰਸ਼ਿਪ ਕਈਆਂ ਧੜਿਆਂ ਵਿੱਚ ਵੰਡੀ ਹੈ। ਅੱਧੀ ਦਰਜਨ ਤੋ ਵੱਧ ਅਕਾਲੀ ਦਲ ਹਨ। ਇਨ੍ਹਾਂ ਤੋਂ ਇਲਾਵਾ ਗਰਮ ਸੰਗਠਨਾਂ ਦੀਆਂ ਜੱਥੇਬੰਦੀਆਂ, ਟਕਸਾਲਾਂ, ਫੈਡਰੇਸ਼ਨਾਂ, ਸਰਗਰਮ ਹਨ।
ਬੱਬੀ ਬਾਦਲ ਨੇ ਕਿਹਾ ਕਿ ਪਰ ਲੀਡਰਾਂ ਦੀ ਧੜੇਬੰਦੀ ਕਾਰਨ ਇਹ ਮਹਾਨ ਸੰਸਥਾ ਸਮੇ ਦੀ ਹਾਣੀ ਬਣ ਨਹੀਂ ਸਕੀ। ਇਸ ਵੇਲੇ ਸਿੱਖ ਕੌਮ ਦੇ ਦੋ ਜੱਥੇਦਾਰ ਹਨ। ਪਾਰਟੀ ਦੇ ਏਕਾਧਿਕਾਰ ਬਾਦਲ ਪਰਿਵਾਰ ਦਾ ਹੈ। ਬੱਬੀ ਬਾਦਲ ਨੇ ਦੋਸ਼ ਲਾਇਆ ਕਿ ਜਿਨਾ ਨੇ ਆਪਣੇ ਹਿਮਾਇਤੀਆਂ ਨੂੰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤਖਤਾਂ ਦੇ ਜੱਥੇਦਾਰ ਲਾਏ ਹਨ, ਜਿਨ੍ਹਾਂ ਬਾਰੇ ਚਰਚਾ ਹੈ ਕਿ ਉਹ ਇਕ ਪਾਸੜ ਫੈਸਲੇ ਬਾਦਲਾਂ ਦੇ ਇਸ਼ਾਰੇ ਤੇ ਕਰਦੇ ਹਨ। ਬੱਬੀ ਬਾਦਲ ਨੇ ਕਿਹਾ ਕਿ ਇਸ 100 ਸਾਲਾ ਸ਼ਤਾਬਦੀ ਸਮਾਗਮ ਵਿੱਚ ਚਾਹੀਦਾ ਤਾਂ ਇਹ ਸੀ ਕਿ ਸਿੱਖ ਕੌਮ ਨੂੰ ਹੋਰ ਮਜ਼ਬੂਤ ਹੋ ਕੇ ਬੁਲੰਦੀਆਂ ਛੂੰਹਦੀ ਪਰ ਕਮਜ਼ੋਰ ਤੇ ਮਤਲਬੀ ਲੀਡਰਸ਼ਿਪ ਦੇ ਅਕਾਲੀ ਦਲ ਵਿੱਚ ਆਉਣ ਕਾਰਨ ਸ਼੍ਰੋਮਣੀ ਅਕਾਲੀ ਦਲ ਦਾ ਵਕਾਰ ਪਹਿਲਾਂ ਵਰਗਾ ਨਹੀ ਰਿਹਾ ਜੋ 1920 ਤੋ 1960 ਤੱਕ ਸੀ। ਬੱਬੀ ਬਾਦਲ ਮੁਤਾਬਕ ਇਸ ਵੇਲੇ ਸਿੱਖ ਲੀਡਰਸ਼ਿਪ ਪਾਟੋਧਾੜ ਚ ਹੈ, ਅਨੁਸ਼ਾਸਨ ਦੀ ਘਾਟ, ਪੈਸੇ ਵਾਲਿਆਂ ਦਾ ਬੋਲਬਾਲਾ ਹੈ ਜਦਕਿ ਪਾਰਟੀ ਨੇ ਅੰਗਰੇਜ ਸਾਮਰਾਜ ਤੇ ਮੁਗਲਾਂ ਨਾਲ ਸਖਤ ਟੱਕਰਾਂ ਲਈਆਂ ਤੇ ਗੁਰਦੁਆਰਾ ਸੁਧਾਰ ਲਹਿਰ ਤੇ ਸਿਆਸੀ ਮਕਸਦ ਲਈ ਮੋਰਚੇ ਪੰਜਾਬੀ ਸੂਬਾ, ਧਰਮ ਯੁੱਧ ਮੋਰਚੇ ਲਾਏ , ਜੁਲਮਾਂ ਵਿਰੁਧ ਜੇਲਾਂ ਕੱਟੀਆਂ ਤੇ ਫਾਂਸੀ ਦੇ ਰੱਸੇ ਚੁੰਮੇ। ਉਨ੍ਹਾਂ ਕਿਹਾ ਕਿ ਪੰਥ ਨੂੰ ਬਚਾਉਣ ਲਈ ਬਾਦਲਾਂ ਤੋਂ ਗੁਰੂਧਾਮਾਂ ਦਾ ਕਬਜ਼ਾ ਹਟਾਉਣਾ ਸਭ ਤੋਂ ਜ਼ਰੂਰੀ ਹੈ।
ਇਸ ਮੌਕੇ ਜਵਾਲਾ ਸਿੰਘ ਯੂਥ ਵਿੰਗ ਚੰਡੀਗੜ੍ਹ, ਕੰਵਲਜੀਤ ਸਿੰਘ, ਰਣਧੀਰ ਸਿੰਘ, ਜਸਰਾਜ ਸਿੰਘ, ਇਕਬਾਲ ਸਿੰਘ, ਬਲਵੀਰ ਸਿੰਘ, ਹਰਦੀਪ ਸਿੰਘ, ਬਾਬਾ ਨਰਿੰਦਰ ਸਿੰਘ, ਰਮਨਦੀਪ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਜਸਦੀਪ ਸਿੰਘ, ਗੁਰਦੇਵ ਸਿੰਘ, ਜੁਗਰਾਜ ਸਿੰਘ, ਤਰਨਜੀਤ ਸਿੰਘ ਆਦਿ ਵੀ ਹਾਜ਼ਰ ਸਨ

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…