
ਮੁਹਾਲੀ ਦੀਆਂ ਮੰਡੀਆਂ ਵਿੱਚ ਹੁਣ ਤੱਕ 4 ਲੱਖ 18 ਹਜ਼ਾਰ 949 ਕੁਇੰਟਲ ਝੋਨੇ ਦੀ ਆਮਦ: ਸ਼ਰਮਾ
ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਸ਼ਰਮਾ ਨੇ ਮੰਡੀਆਂ ਦਾ ਦੌਰਾ ਕਰਕੇ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਨਵੰਬਰ:
ਮੁਹਾਲੀ ਦੀਆਂ ਅਨਾਜ ਮੰਡੀਆਂ ਅਤੇ ਆਰਜ਼ੀ ਖ਼ਰੀਦ ਕੇਂਦਰਾਂ ਵਿੱਚ ਹੁਣ ਤੱਕ ਕੁੱਲ 4 ਲੱਖ 18 ਹਜ਼ਾਰ 949 ਕੁਇੰਟਲ ਝੋਨੇ ਦੀ ਆਮਦ ਹੋਈ ਹੈ ਅਤੇ ਇਹ ਸਾਰੀ ਫਸਲ ਖ਼ਰੀਦੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ ਨਾਲੋਂ ਨਾਲ ਪੈਸਿਆਂ ਦੀ ਅਦਾਇਗੀ ਵੀ ਕੀਤੀ ਜਾ ਰਹੀ ਹੈ। ਅੱਜ ਇੱਥੇ ਇਹ ਜਾਣਕਾਰੀ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਨੇ ਦਿੱਤੀ ਹੈ। ਇਸ ਤੋਂ ਪਹਿਲਾਂ ਚੇਅਰਮੈਨ ਨੇ ਜੰਗੀ ਯਾਦਗਾਰੀ ਚੱਪੜਚਿੜੀ ਵਿੱਚ ਆਰਜ਼ੀ ਖ਼ਰੀਦ ਕੇਂਦਰ ਅਤੇ ਭਾਗੋਮਾਜਰਾ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲਿਆ ਅਤੇ ਕੰਡੇ ਵੱਟਿਆਂ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਹੁਣ 409521 ਕੁਇੰਟਲ ਝੋਨੇ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਆਮਦ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਇਸ ਸੀਜ਼ਨ ਦੌਰਾਨ ਫਸਲ ਦੀ ਖ਼ਰੀਦ, ਲਿਫ਼ਟਿੰਗ ਅਤੇ ਪੈਸਿਆਂ ਦੀ ਅਦਾਇਗੀ ਦਾ ਕੰਮ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਹੋਵੇ। ਉਨ੍ਹਾਂ ਦੱਸਿਆ ਕਿ ਚੱਪੜਚਿੜੀ ਖ਼ਰੀਦ ਕੇਂਦਰ ਵਿੱਚ ਹੁਣ ਤੱਕ 32429 ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਗਈ ਹੈ ਅਤੇ 29 ਹਜ਼ਾਰ 475 ਕੁਇੰਟਲ ਝੋਨਾ ਚੁੱਕਿਆ ਗਿਆ ਹੇ। ਇਸੇ ਤਰ੍ਹਾਂ ਦਾਊਂ ਮਾਜਰਾ ਮੰਡੀ ਵਿੱਚ 34793 ਕੁਇੰਟਲ ਖ਼ਰੀਦ ਅਤੇ 34100 ਚੁਕਾਈ, ਭਾਗੋਮਾਜਰਾ ਮੰਡੀ ਵਿੱਚ 48217 ਕੁਇੰਟਲ ਖ਼ਰੀਦ ਅਤੇ 45918 ਕੁਇੰਟਲ ਚੁਕਾਈ ਅਤੇ ਸਨੇਟਾ ਖ਼ਰੀਦ ਕੇਂਦਰ ਵਿੱਚ 32101 ਕੁਇੰਟਲ ਝੋਨੇ ਦੀ ਖ਼ਰੀਦ ਅਤੇ 31669 ਕੁਇੰਟਲ ਚੁਕਾਈ ਅਤੇ ਖਰੜ ਰਾਈਸ ਮਿੱਲ ਵਿੱਚ 10015 ਕੁਇੰਟਲ ਖ਼ਰੀਦ ਅਤੇ 10015 ਕੁਇੰਟਲ ਚੁਕਾਈ, ਗਰਗ ਰਾਈਸ ਮਿੱਲ ਵਿੱਚ 11385 ਕੁਇੰਟਲ ਖ਼ਰੀਦ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਮੰਡੀਆਂ ਵਿੱਚ ਆਪਣੀ ਫਸਲ ਵੇਚਣ ਆਏ ਕਿਸਾਨਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।
ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਠੇਕੇਦਾਰ ਮੋਹਨ ਸਿੰਘ ਬਠਲਾਣਾ, ਮਾਰਕੀਟ ਕਮੇਟੀ ਮੈਂਬਰ ਰਾਜਿੰਦਰ ਸਿੰਘ ਰਾਏਪੁਰ ਕਲਾਂ, ਬਲਾਕ ਸਮਿਤੀ ਮੈਂਬਰ ਬਲਜੀਤ ਸਿੰਘ ਭਾਗੋਮਾਜਰਾ, ਸੁਦੇਸ਼ ਕੁਮਾਰ ਗੋਗਾ ਸਰਪੰਚ ਬੈਰੋਂਪੁਰ, ਅਵਤਾਰ ਸਿੰਘ ਸਰਪੰਚ ਭਾਗੋਮਾਜਰਾ, ਜਸਵੀਰ ਸਿੰਘ ਪੰਚ, ਹਰਪਾਲ ਸਿੰਘ ਮੰਡੀ ਸੁਪਰਵਾਈਜ਼ਰ, ਕੁਲਵਿੰਦਰ ਸਿੰਘ ਆਕਸਨ ਰੀਕਾਰਡਰ, ਮੋਹਨ ਲਾਲ ਆੜ੍ਹਤੀ, ਪਰਮਜੀਤ ਸਿੰਘ ਪਾਸੀ ਸਮੇਤ ਕਿਸਾਨ ਅਤੇ ਹੋਰ ਪਤਵੰਤੇ ਮੌਜੂਦ ਸਨ।