ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਰਾਬਿੰਦਰ ਰੱਬੀ ਦੀ ਪਲੇਠੀ ਪੁਸਤਕ ‘ਜ਼ਿੰਦਗੀ ਦੀ ਵਰਨਮਾਲ਼ਾ’ ਕੀਤੀ ਲੋਕ-ਅਰਪਣ

ਅਧਿਆਪਕਾਂ ਨੂੰ ਸਾਹਿਤ ਰਚਣ ਅਤੇ ਪ੍ਰਕਾਸ਼ਿਤ ਕਰਵਾਉਣ ਲਈ ਸਿੱਖਿਆ ਸਕੱਤਰ ਦੀ ਹੱਲਾਸ਼ੇਰੀ

ਅਧਿਆਪਕਾਂ ਦੁਆਰਾ ਰਚਿਆ ਪੰਜਾਬੀ ਸਾਹਿਤ ਨੈਤਿਕ ਕਦਰਾਂ ਕੀਮਤਾਂ ਦੀ ਗੁਥਲੀ: ਸਿੱਖਿਆ ਸਕੱਤਰ

ਨਬਜ਼-ਏ-ਪੰਜਾਬ ਬਿਊਰੋ, ਐੱਸ.ਏ.ਐੱਸ. ਨਗਰ 29 ਅਕਤੂਬਰ:
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ (ਪ੍ਰਾਇਮਰੀ) ਜ਼ਿਲ੍ਹਾ ਰੋਪੜ੍ਹ ਦੇ ਕੋਆਰਡੀਨੇਟਰ ਰਾਬਿੰਦਰ ਸਿੰਘ ਰੱਬੀ ਦੁਆਰਾ ਲਿਖੀ ਪਲੇਠੀ ਪੁਸਤਕ ‘ਜ਼ਿੰਦਗੀ ਦੀ ਵਰਨਮਾਲ਼ਾ’ ਨੂੰ ਲੋਕ ਅਰਪਣ ਕੀਤਾ| ਇਸ ਮੌਕੇ ਉਹਨਾਂ ਰਾਬਿੰਦਰ ਸਿੰਘ ਰੱਬੀ ਨੂੰ ਇਸ ਵਧੀਆ ਕਾਰਜ ਲਈ ਸ਼ੁਭ-ਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿੱਚ ਸਾਹਿਤ ਸੰਸਾਰ ਦੀ ਝੋਲੀ ਵਿੱਚ ਹੋਰ ਕਿਤਾਬਾਂ ਪਾਉਣ ਲਈ ਵੀ ਪ੍ਰੇਰਿਤ ਕੀਤਾ| ਉਹਨਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਿੱਚ ਸਾਹਿਤ ਨੂੰ ਰਚਣ ਦਾ ਵਿਲੱਖਣ ਹੁਨਰ ਹੈ ਅਤੇ ਇਹਨਾਂ ਦੁਆਰਾ ਰਚਿਆ ਗਿਆ ਸਾਹਿਤ ਨੈਤਿਕ ਕਦਰਾਂ ਕੀਮਤਾਂ ਦੀ ਗੁਥਲੀ ਹੈ| ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਸਿੱਖਿਆ ਦੇਣ ਦੇ ਨਾਲ-ਨਾਲ ਅਧਿਆਪਕਾਂ ਵੱਲੋਂ ਪੰਜਾਬੀ ਸਾਹਿਤ ਜਗਤ ਵਿੱਚ ਮੱਲਾਂ ਵੀ ਮਾਰੀਆਂ ਜਾ ਰਹੀਆਂ ਹਨ|
ਵਿਭਾਗ ਵੱਲੋਂ ਸਾਹਿਤਕਾਰ ਅਧਿਆਪਕਾਂ ਨੂੰ ਨੈਤਿਕ ਕਦਰਾਂ ਕੀਮਤਾਂ ਲਈ ਉਸਾਰੂ ਸਾਹਿਤ ਰਚਨ ਲਈ ਉਤਸ਼ਾਹਿਤ ਕਰਨ ‘ਤੇ ਰਾਬਿੰਦਰ ਸਿੰਘ ਰੱਬੀ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਧੰਨਵਾਦ ਕੀਤਾ| ਉਹਨਾਂ ਕਿਹਾ ਕਿ ‘ਜ਼ਿੰਦਗੀ ਦੀ ਵਰਨਮਾਲਾ’ ਉਹਨਾਂ ਦੀ ਪਲੇਠੀ ਰਚਨਾ ਹੈ ਅਤੇ ਹੁਣ ਭਵਿੱਖ ਵਿੱਚ ਉਹ ਹੋਰ ਵੀ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਪਾਠਕਾਂ ਦੀ ਝੋਲੀ ਪਾਉਣ ਲਈ ਕਾਰਜ ਕਰਦੇ ਰਹਿਣਗੇ| ਉਹਨਾਂ ਇਸ ਪੁਸਤਕ ਦੇ ਪ੍ਰਕਾਸ਼ਨ ਲਈ ਉਤਸ਼ਾਹ ਦੇਣ ਵਾਲੇ ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’, ਆਪਣੀ ਜੀਵਨ ਸਾਥਣ ਕੰਵਲਜੀਤ ਕੌਰ ਦਾ ਵੀ ਧੰਨਵਾਦ ਕੀਤਾ| ਇਸ ਪੁਸਤਕ ਨੂੰ ਲੋਕ ਅਰਪਣ ਕਰਨ ਮੌਕੇ ਉਹਨਾਂ ਦੇ ਨਾਲ ਹਰਪਾਲ ਬਾਜਕ ਸਟੇਟ ਰਿਸੋਰਸ ਪਰਸਨ ਸਿੱਖਿਆ ਵਿਭਾਗ, ਮਨਮੋਹਨ ਸਿੰਘ ਭੱਲੜੀ ਸਾਹਿਤਕਾਰ ਅਤੇ ਨੈਸ਼ਨਲ ਐਵਾਰਡੀ ਅਧਿਆਪਕ, ਵਿਕਾਸ ਵਰਮਾਂ ਸਟੇਟ ਐਵਾਰਡੀ ਅਧਿਆਪਕ, ਲਖਵਿੰਦਰ ਸਿੰਘ ਸੈਣੀ ਰੂਪਨਗਰ, ਰਾਕੇਸ਼ ਭੰਡਾਰੀ, ਰਾਜਿੰਦਰ ਸਿੰਘ ਚਾਨੀ ਅਤੇ ਹੋਰ ਸਾਥੀਆਂ ਨੇ ਵੀ ਵਧਾਈ ਦਿੱਤੀ|

Load More Related Articles

Check Also

ਪਾਵਰਕੌਮ ਮੁਲਾਜ਼ਮਾਂ, ਪੈਨਸ਼ਨਰਾਂ ਤੇ ਠੇਕਾ ਮੁਲਾਜ਼ਮਾਂ ਨੇ ਨਿੱਜੀਕਰਨ ਵਿਰੁੱਧ ਸੰਘਰਸ਼ ਦਾ ਵਿਗਲ ਵਜਾਇਆ

ਪਾਵਰਕੌਮ ਮੁਲਾਜ਼ਮਾਂ, ਪੈਨਸ਼ਨਰਾਂ ਤੇ ਠੇਕਾ ਮੁਲਾਜ਼ਮਾਂ ਨੇ ਨਿੱਜੀਕਰਨ ਵਿਰੁੱਧ ਸੰਘਰਸ਼ ਦਾ ਵਿਗਲ ਵਜਾਇਆ ਮੁਹਾਲੀ …