ਰਾਧਾ ਸੁਆਮੀ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਹਾਲਤ ਗੰਭੀਰ, ਐਤਵਾਰ ਨੂੰ ਬਿਆਸ ਵਿੱਚ ਭੰਡਾਰਾ ਤੇ ਸਤਿਸੰਗ ਦਾ ਪ੍ਰੋਗਰਾਮ ਰੱਦ

ਮੁਹਾਲੀ ਫੋਰਟਿਸ ਹਸਪਤਾਲ ’ਚੋਂ ਛੁੱਟੀ ਲੈ ਕੇ ਉੱਚ ਪੱਧਰੀ ਇਲਾਜ ਲਈ ਸਿੰਘਾਪੁਰ ਰਵਾਨਾ

ਬੁੱਧਵਾਰ ਨੂੰ ਮੁਹਾਲੀ ਵਿੱਚ ਕੀਤਾ ਸੀ ਦੋ ਘੰਟੇ ਸਤਿਸੰਗ, ਵੀਰਵਾਰ ਨੂੰ ਕਾਠਗੜ੍ਹ ਵਿੱਚ ਵੀ ਸੰਗਤ ਨੂੰ ਦਿੱਤੇ ਸੀ ਖੁੱਲ੍ਹੇ ਦਰਸ਼ਨ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਰਾਧਾ ਸੁਆਮੀ ਸਤਿਸੰਗ ਭਵਨ ਡੇਰਾ ਬਿਆਸ ਦੇ ਮੁਖੀ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਇੱਥੋਂ ਦੇ ਫੇਜ਼-8 ਸਥਿਤ ਫੋਰਟਿਸ ਹਸਪਤਾਲ ’ਚੋਂ ਅੱਜ ਦੁਪਹਿਰ ਕਰੀਬ ਪੌਣੇ 2 ਵਜੇ ਉੱਚ ਪੱਧਰੀ ਇਲਾਜ ਲਈ ਸਿੰਘਾਪੁਰ ਰੈਫਰ ਕੀਤਾ ਗਿਆ। ਪਤਾ ਲੱਗਾ ਹੈ ਕਿ ਬੀਤੇ ਕੱਲ੍ਹ ਬਾਬਾ ਜੀ ਅਚਾਨਕ ਤਬੀਅਤ ਖਰਾਬ ਹੋ ਗਈ ਸੀ ਅਤੇ ਉਨ੍ਹਾਂ ਨੂੰ ਸਥਾਨਕ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇੱਥੇ ਬਾਬਾ ਜੀ ਦੇ ਕਈ ਟੈਸਟ ਕੀਤੇ ਗਏ। ਦੱਸਿਆ ਗਿਆ ਹੈ ਕਿ ਬਾਬਾ ਢਿੱਲੋਂ ਕਿਸੇ ਗੰਭੀਰ ਬੀਮਾਰ ਤੋਂ ਪੀੜਤ ਹੈ। ਉਨ੍ਹਾਂ ਨੂੰ ਕੈਂਸਰ ਦਾ ਰੋਗ ਹੈ।
ਮਿਲੀ ਜਾਣਕਾਰੀ ਅਨੁਸਾਰ ਬਾਬਾ ਜੀ ਦੀ ਤਬੀਅਤ ਨਾਜੁਕ ਬਣੀ ਹੋਈ ਹੈ। ਉਨ੍ਹਾਂ ਦੇ ਸਾਰੇ ਪ੍ਰੋਗਰਾਮ ਰੱਦ ਕੀਤੇ ਗਏ ਹਨ। ਐਤਵਾਰ 12 ਫਰਵਰੀ ਨੂੰ ਡੇਰਾ ਬਿਆਸ ਵਿੱਚ ਬਹੁਤ ਵੱਡਾ ਭੰਡਾਰਾ ਅਤੇ ਸਤਿਸੰਗ ਹੈ ਪ੍ਰੰਤੂ ਜਿਵੇਂ ਹੀ ਸੰਗਤ ਨੂੰ ਬਾਬਾ ਜੀ ਦੀ ਤਬੀਅਤ ਬਾਰੇ ਪਤਾ ਲੱਗਾ ਤਾਂ ਸ਼ਰਧਾਲੂ ਰਸਤੇ ਵਿੱਚੋਂ ਮੁੜ ਆਏ ਅਤੇ ਕਾਫੀ ਸ਼ਰਧਾਲੂ ਅਤੇ ਡੇਰੇ ਦੇ ਪੈਰੋਕਾਰ ਫੋਰਟਿਸ ਹਸਪਤਾਲ ਵਿੱਚ ਪਹੁੰਚ ਗਏ। ਸੰਤ ਮਹਾਂਪੁਰਸ਼ਾਂ ਨੂੰ ਫੋਰਟਿਸ ਹਸਪਤਾਲ ਵਿੱਚੋਂ ਛੁੱਟੀ ਕਰਵਾ ਕੇ ਉੱਚ ਪੱਧਰੀ ਇਲਾਜ ਲਈ ਸਿੰਘਾਪੁਰ ਲਿਜਾਇਆ ਗਿਆ ਹੈ। ਬਾਬਾ ਜੀ ਦੇ ਸ਼ਰਧਾਲੂ ਮੁਹਾਲੀ ਕੌਮਾਂਤਰੀ ਏਅਰਪੋਰਟ ਰਾਹੀਂ ਪਹਿਲਾਂ ਨਵੀਂ ਦਿੱਲੀ ਪੁੱਜੇ ਅਤੇ ਫਿਰ ਉਹ ਉਥੋਂ ਬਾਬਾ ਢਿੱਲੋਂ ਨੂੰ ਲੈ ਕੇ ਸਿੰਘਾਪੁਰ ਲਈ ਰਵਾਨਾ ਹੋ ਗਏ।
ਜਾਣਕਾਰੀ ਅਨੁਸਾਰ ਬੀਤੇ ਬੁੱਧਵਾਰ ਨੂੰ ਮੁਹਾਲੀ ਸਥਿਤ ਗੋਦਰੇਜ ਨੇੜੇ ਰਾਧਾ ਸੁਆਮੀ ਸਤਿਸੰਗ ਘਰ ਵਿੱਚ ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਦੋ ਘੰਟੇ ਲਗਾਤਾਰ ਸਤਿਸੰਗ ਕੀਤਾ ਅਤੇ ਸੰਗਤ ਨੂੰ ਵੱਧ ਤੋਂ ਵੱਧ ਨਾਮ ਸਿਮਰਨ ਕਰਨ ਲਈ ਪ੍ਰੇਰਦਿਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਅਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਦਾ ਸੰਦੇਸ਼ ਦਿੱਤਾ। ਬੀਤੇ ਕੱਲ੍ਹ ਵੀਰਵਾਰ ਨੂੰ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਾਠਗੜ੍ਹ ਵਿੱਚ ਵੀ ਸੰਗਤ ਨੂੰ ਖੁੱਲ੍ਹੇ ਦਰਸ਼ਨ ਦਿੱਤੇ ਅਤੇ ਸਤਿਸੰਗ ਰਾਹੀਂ ਨਾਮ ਦੀ ਕਮਾਈ ਕਰਨ ਲਈ ਪ੍ਰੇਰਿਆ ਗਿਆ। ਐਤਵਾਰ ਨੂੰ ਰਾਧਾ ਸੁਆਮੀ ਸਤਿਸੰਗ ਘਰ ਡੇਰਾ ਬਿਆਸ ਵਿੱਚ ਵਿਸ਼ਾਲ ਭੰਡਾਰੇ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਅਤੇ ਕਾਫੀ ਸੰਗਤ ਕੱਲ੍ਹ ਅਤੇ ਪਰਸੋਂ ਹੀ ਲੰਗਰ ਦੀ ਸੇਵਾ ਲਈ ਬਿਆਸ ਪਹੁੰਚ ਗਈ ਸੀ ਅਤੇ ਕੁੱਝ ਸ਼ਰਧਾਲੂ ਅੱਜ ਆਪਣੇ ਪਰਿਵਾਰਾਂ ਅਤੇ ਸੰਗਤ ਦੇ ਜੀਆਂ ਨਾਲ ਬਿਆਸ ਜਾ ਰਹੇ ਸੀ। ਜਿਨ੍ਹਾਂ ’ਚੋਂ ਕਾਫੀ ਸੰਗਤ ਬਾਬਾ ਜੀ ਦੀ ਤਬੀਅਤ ਦਾ ਪਤਾ ਲਗਦੇ ਹੀ ਵਾਪਸ ਪਰਤ ਆਈ ਹੈ। ਬਾਬਾ ਜੀ ਦੇ ਇੱਕ ਸ਼ਰਧਾਲੂ ਨੇ ਦੱਸਿਆ ਕਿ ਐਤਵਾਰ ਨੂੰ ਡੇਰਾ ਬਿਆਸ ਵਿੱਚ ਹੋਣ ਵਾਲੇ ਸਤਿਸੰਗ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਸਮੂਹ ਜ਼ਿਲ੍ਹਾ ਪੱਧਰ ’ਤੇ ਸਥਿਤ ਰਾਧਾ ਸੁਆਮੀ ਸਤਿਸੰਗ ਘਰਾਂ ਵਿੱਚ ਸਤਿਸੰਗ ਮੁਲਤਵੀ ਕਰਨ ਦੇ ਸੁਨੇਹੇ ਲਗਾਏ ਗਏ ਹਨ ਤਾਂ ਜੋ ਸੰਗਤ ਖੱਜਲ ਖੁਆਰ ਨਾ ਹੋਵੇ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…