ਰਾਹੁਲ ਗਾਂਧੀ, ਕੈਪਟਨ ਤੇ ਨਵਜੋਤ ਸਿੱਧੂ ਚੱਲੇ ਹੋਏ ਕਾਰਤੂਸ: ਸੁਖਬੀਰ ਬਾਦਲ

ਪੰਜਾਬ ਦੇ ਪਿੰਡਾਂ ਵਿੱਚ ਸੀਵਰੇਜ਼, ਪੀਣ ਵਾਲਾ ਪਾਣੀ ਤੇ ਸੋਲਰ ਲਾਈਟਾਂ ਲਗਾਉਣ ਦਾ ਟੀਚਾ ਮਿਥਿਆ

ਸਮਰਾਲਾ ਤੋਂ ਖਰੜ ਰਾਸ਼ਟਰੀ ਮਾਰਗ ਦੇ ਭੂਮੀ ਪੂਜਨ ਵਿੱਚ ਕੀਤੀ ਸ਼ਿਰਕਤ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਢਿੱਲੋਂ ਅਕਾਲੀ ਦਲ ’ਚ ਸ਼ਾਮਲ

ਨਬਜ਼-ਏ-ਪੰਜਾਬ ਬਿਊਰੋ, ਸਮਰਾਲਾ, 21 ਦਸੰਬਰ (ਬੌਂਦਲੀ):
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਚੱਲੇ ਹੋਏ ਕਾਰਤੂਸਾਂ ਦੱਸਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਜ ਦੇ ਲੋਕ ਕਾਂਗਰਸ ਅਤੇ ਅਜਿਹੇ ਆਗੂਆਂ ਨੂੰ ਮੂੰਹ ਨਹੀਂ ਲਾਉਣਗੇ। ਜੂਨੀਅਰ ਬਾਦਲ ਅੱਜ ਇੱਥੇ ਸਮਰਾਲਾ ਤੋਂ ਖਰੜ ਤੱਕ ਸੜਕ ਨੂੰ 4 ਤੇ 6 ਮਾਰਗੀ ਬਣਾਉਣ ਸਬੰਧੀ ਭੂਮੀ ਪੂਜਨ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਅਜਿਹੇ ਨੇਤਾਵਾਂ ਦੀ ਰਾਜਸੀ ਹੋਂਦ ਸਿਰਫ਼ ਚੋਣਾਂ ਤੱਕ ਹੀ ਸੀਮਤ ਹੁੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਤੇ ਭਾਜਪਾ ਦੇ ਹੱਕ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਇਹ ਲੱਭਿਆਂ ਵੀ ਨਹੀਂ ਲੱਪਣਗੇ। ਨਵਜੋਤ ਸਿੱਧੂ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਬਾਰੇ ਪੁੱਛੇ ਜਾਣ ’ਤੇ ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਚੱਲੇ ਹੋਏ ਕਾਰਤੂਸ ਹਨ, ਇਨ੍ਹਾਂ ਦਾ ਪੰਜਾਬ ਦੀ ਰਾਜਨੀਤੀ ਅਤੇ ਮੌਜੂਦਾ ਸਿਆਸੀ ਸਮੀਕਰਨਾਂ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਸਾਲ 2014 ਵਿੱਚ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਆਮ ਚੋਣਾਂ ਲੜੀਆਂ ਸਨ ਪਰ ਪਾਰਟੀ ਨੂੰ ਹੁਣ ਤੱਕ ਦੇ ਇਤਿਹਾਸ ਵਿੱਚ ਪਹਿਲੀ ਵਾਰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਕੈਪਟਨ ਦੇ 5 ਸਾਲ ਦੇ ਰਾਜ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਕੈਪਟਨ ਨੇ ਮੁੱਖ ਮੰਤਰੀ ਹੁੰਦਿਆਂ ਲੋਕਾਂ ਦੀ ਭਲਾਈ ਲਈ ਕੋਈ ਵਧੀਆਂ ਕੰਮ ਤਾਂ ਕੀ ਕਰਨਾ ਸੀ, ਸਗੋਂ ਅਕਾਲੀ ਦਲ ਤੇ ਭਾਜਪਾ ਗੱਠਜੋੜ ਵੱਲੋਂ ਚਲਾਈਆਂ ਸਾਰੀਆਂ ਸਕੀਮਾਂ ਵੀ ਬੰਦ ਕਰ ਦਿੱਤੀਆਂ ਸਨ। ਇਹੀ ਨਹੀਂ ਕੈਪਟਨ ਨੇ ਆਪਣੇ ਕਾਰਜਕਾਲ ਦੌਰਾਨ ਇੱਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ ਜਦੋਂ ਕਿ ਮੌਜੂਦਾ ਸਰਕਾਰ ਵੱਲੋਂ ਪਿਛਲੇ 10 ਸਾਲਾਂ ਦੌਰਾਨ 2.5 ਲੱਖ ਨੌਜਵਾਨਾਂ ਨੂੰ ਨੌਕਰੀ ਦੇ ਕੇ ਨਵਾਂ ਇਤਿਹਾਸ ਸਿਰਜਿਆ ਗਿਆ ਹੈ।
ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਜੂਨੀਅਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀ ਲੜਾਈ ਲੜੀ ਹੈ। ਗੱਠਜੋੜ ਸਰਕਾਰ ਨੇ 10 ਸਾਲ ਪਹਿਲਾਂ ਰਾਜ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਤਕਰੀਬਨ ਸਾਰੇ ਪੂਰੇ ਕਰ ਦਿੱਤੇ ਹਨ। ਸੂਬੇ ਵਿੱਚ ਵਿਕਾਸ ਬਹੁਤ ਤੇਜ਼ੀ ਨਾਲ ਜਾਰੀ ਹੈ, ਜਿਸ ਨੂੰ ਚਾਲੂ ਰੱਖਣ ਲਈ ਪੰਜਾਬ ਵਿੱਚ ਤੀਜੀ ਵਾਰ ਗੱਠਜੋੜ ਦੀ ਸਰਕਾਰ ਲਿਆਉਣਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਦਾ ਨਿਸ਼ਾਨਾ ਅਗਲੇ ਪੰਜ ਸਾਲਾਂ ਵਿੱਚ ਪੰਜਾਬ ਦੇ 12 ਹਜ਼ਾਰ ਪਿੰਡਾਂ ਵਿੱਚ ਮੁਕੰਮਲ ਸੀਵਰੇਜ਼, ਪੀਣ ਵਾਲਾ ਪਾਣੀ ਅਤੇ ਸੋਲਰ ਲਾਈਟਾਂ ਆਦਿ ਸਹੂਲਤਾਂ ਮੁਹੱਈਆ ਕਰਵਾ ਕੇ ਪੇਂਡੂ ਲੋਕਾਂ ਨੂੰ ਸ਼ਹਿਰੀ ਸੁਵਿਧਾ ਪ੍ਰਦਾਨ ਕਰਨਾ ਹੈ। ਇਸੇ ਦੌਰਾਨ ਸ੍ਰੀ ਬਾਦਲ ਰਾਮਗੜ੍ਹੀਆ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਪ੍ਰਸਿੱਧ ਸਨਅਤਕਾਰ ਗੁਰਮੀਤ ਸਿੰਘ ਕੁਲਾਰ ਦੇ ਘਰ ਵੀ ਗਏ ਅਤੇ ਸਨਅਤਕਾਰਾਂ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਬਾਰੇ ਵਿਚਾਰਾਂ ਕੀਤੀਆਂ।
ਇਸ ਮੌਕੇ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਜਥੇਦਾਰ ਕਿਰਪਾਲ ਸਿੰਘ ਖੀਰਨੀਆਂ, ਡਿਪਟੀ ਕਮਿਸ਼ਨਰ ਰਵੀ ਭਗਤ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਭੁਪਿੰਦਰ ਸਿੰਘ ਚੀਮਾ, ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਭਾਜਪਾ ਆਗੂ ਬਿਕਰਮਜੀਤ ਸਿੰਘ ਚੀਮਾ, ਬਾਬਾ ਜਗਰੂਪ ਸਿੰਘ, ਇੰਦਰਜੀਤ ਸਿੰਘ ਲੋਪੋਂ, ਗਿਆਨੀ ਮਹਿੰਦਰ ਸਿੰਘ ਭੰਗਲਾ, ਬਲਜਿੰਦਰ ਸਿੰਘ ਬੱਬਲੂ, ਉਜਾਗਰ ਸਿੰਘ ਬੈਨੀਪਾਲ, ਦਲਜੀਤ ਸਿੰਘ ਗਿੱਲ, ਹਰਜਤਿੰਦਰ ਸਿੰਘ ਬਾਜਵਾ, ਲਾਲਾ ਮੰਗਤ ਰਾਏ, ਸਰਬਜੀਤ ਸਿੰਘ ਪਪੜੌਦੀ, ਅਮਰੀਕ ਸਿੰਘ ਹੇੜੀਆਂ, ਸਤਵੀਰ ਸਿੰਘ ਸੇਖੋਂ, ਗੁਰਦੀਪ ਸਿੰਘ ਕੁੱਲੇਵਾਲੀਆ, ਰਣਜੀਤ ਸਿੰਘ ਉਟਾਲਾਂ, ਭੁਪਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਨਾਗਰਾ, ਰੁਪਿੰਦਰ ਸਿੰਘ ਰੂਬੀ, ਕਰਮਜੀਤ ਸਿੰਘ ਗਰੇਵਾਲ, ਗੁਰਚਰਨ ਸਿੰਘ ਮਿੱਠੇਵਾਲ, ਭਗਵਾਨ ਸਿੰਘ ਰੁਪਾਲੋਂ ਅਤੇ ਹੋਰ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…