ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਉਮਦੀਵਾਰ ਐਲਾਨਿਆਂ

ਪੰਜਾਬ ਕਾਂਗਰਸ ਨੇ 9 ਹੋਰ ਬਾਗੀ ਕਾਂਗਰਸ ਆਗੂਆਂ ਨੂੰ ਦਿਖਾਇਆ ਬਾਹਰ ਦਾ ਰਸਤਾ

ਨਬਜ਼-ਏ-ਪੰਜਾਬ ਬਿਊਰੋ, ਮਜੀਠਾ, 27 ਜਨਵਰੀ:
ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਮਜੀਠਾ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਭ੍ਰਿਸ਼ਟਾਚਾਰ ਅਤੇ ਸੰਪ੍ਰਦਾਇਕ ਏਕਤਾ ਨੂੰ ਲੈ ਕੇ ਦੋਹਰੇਪਨ ਦਾ ਦੋਸ਼ ਲਾਇਆ। ਉਨ੍ਹਾਂ ਪ੍ਰਧਾਨ ਮੰਤਰੀ ਤੋਂ ਪੁੱਛਿਆ ਕਿ ਉਹ ਭ੍ਰਿਸ਼ਟਾਚਾਰ ਖਿਲਾਫ ਲੜਨ ਦਾ ਦਾਅਵਿਆਂ ਕਰਦਿਆਂ ਭ੍ਰਿਸ਼ਟ ਅਕਾਲੀਆਂ ਨਾਲ ਕਿਵੇਂ ਮੰਚ ਸਾਂਝਾਂ ਕਰ ਸਕਦੇ ਹਨ। ਆਪਣੀ ਪਹਿਲੀ ਚੋਣ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਘੋਸ਼ਿਤ ਕਰਕੇ ਸਾਰੀਆਂ ਅਟਕਲਾ ਦੂਰ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਣਨ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੋਣਗੇ।
ਸ੍ਰੀ ਰਾਹੁਲ ਗਾਂਧੀ ਨੇ ਨੋਟਬੰਦੀ ਰਾਹੀਂ ਭ੍ਰਿਸ਼ਟਾਚਾਰ ਖਿਲਾਫ ਲੜਨ ਦਾ ਦਾਅਵਾ ਕਰਨ ਤੇ ਬਾਅਦ ’ਚ ਬਾਦਲਾਂ ਨਾਲ ਮੰਚ ਸਾਂਝਾ ਕਰਨ ਲੂੰ ਲੈ ਕੇ ਮੋਦੀ ’ਤੇ ਵਰ੍ਹੇ, ਜਿਹੜੇ ਪੰਜਾਬ ’ਚ ਪੂਰੀ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਵਿੱਚ ਡੁੱਬੇ ਹੋਏ ਹਨ। ਪੰਜਾਬ ਵਿੱਚ ਧਾਰਮਿਕ ਗ੍ਰੰਥਾਂ ਤੇ ਸੰਸਥਾਵਾਂ ਦੀ ਬੇਅਦਬੀਆਂ ਤੇ ਈਸ਼ਨਿੰਦਾ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਰਾਹੁਲ ਗਾਂਧੀ ਨੇ ਕਿਹਾ ਕਿ ਇਕ ਪਾਸੇ ਮੋਦੀ ਖੁਦ ਨੂੰ ਕਿਸੇ ਵੀ ਤਰ੍ਹਾਂ ਦੀ ਸੰਪ੍ਰਦਾਇਕਤਾ ਖਿਲਾਫ ਦੱਸਦੇ ਹਨ ਤੇ ਦੂਜੀ ਵੱਲ ਪੰਜਾਬ ’ਚ ਸੰਪ੍ਰਦਾਇਕ ਅਧਾਰ ’ਤੇ ਲੋਕਾਂ ਨੂੰ ਵੰਡ ਰਹੀ ਪਾਰਟੀ ਦਾ ਸਮਰਥਨ ਕਰ ਰਹੇ ਹਨ।
ਰਾਹੁਲ ਨੇ ਆਮ ਆਦਮੀ ਪਾਰਟੀ ਦੇ ਵੱਡੇ ਵਾਅਦਿਆਂ ਉੱਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਨੇ ਦਿੱਲੀ ’ਚ ਅਜਿਹੇ ਹੀ ਵਾਅਦੇ ਕੀਤੇ ਸਨ, ਲੇਕਿਨ ਇਕ ਵੀ ਪੂਰਾ ਕਰਨ ’ਚ ਨਾਕਾਮ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਦਿੱਲੀ ’ਚ ਰਹਿਣ ਵਾਲੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਤੋਂ ਉਥੇ ਕਾਂਗਰਸ ਤੇ ਆਪ ਦੇ ਸ਼ਾਸਨ ’ਚ ਅੰਤਰ ਬਾਰੇ ਪੁੱਛਣ ਦੀ ਅਪੀਲ ਕੀਤੀ। ਜਦਕਿ ਐਸ.ਵਾਈ.ਐਲ ਦਾ ਜ਼ਿਕਰ ਕਰਦਿਆਂ, ਰਾਹੁਲ ਨੇ ਕਿਹਾ ਕਿ ਆਪ ਆਗੂ ਦਿੱਲੀ, ਹਰਿਆਣਾ ਤੇ ਪੰਜਾਬ ਅੰਦਰ ਵੱਖ ਵੱਖ ਗੱਲਾਂ ਕਰਦੇ ਹਨ। ਇਸ ਤੋਂ ਸਾਫ ਹੁੰਦਾ ਹੈ ਕਿ ਇਨ੍ਹਾਂ ਦੇ ਦਿਲਾਂ ਅੰਦਰ ਸਿਰਫ ਇਨ੍ਹਾਂ ਦੇ ਵਿਅਕਤੀਗਤ ਹਿੱਤ ਹਨ ਤੇ ਇਹ ਆਪਣੇ ਵਾਅਦਿਆਂ ਦਾ ਪਾਲਣ ਕਰਨ ਦੀ ਕਿਸੇ ਵੀ ਸੋਚ ਬਗੈਰ ਹਾਲਾਤਾਂ ਮੁਤਾਬਿਕ ਬਿਆਨ ਦਿੰਦੇ ਹਨ। ਰਾਹੁਲ ਨੇ ਭੀੜ ਦੀ ਵਾਹ ਵਾਹ ਵਿੱਚ ਕਿਹਾ ਕਿ ਆਪ ਬਾਹਰੀ ਵਿਅਕਤੀਆਂ ਦੀ ਪਾਰਟੀ ਹੈ ਤੇ ਇਹ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੀ। ਮਜੀਠਾ ਦੀ ਇਹ ਰੈਲੀ ਰਾਹੁਲ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਇਕੱਠੇ ਕੀਤੀ ਜਾਣ ਵਾਲੀ ਤਿੰਨ ਪਬਲਿਕ ਮੀਟਿੰਗਾਂ ’ਚੋਂ ਪਹਿਲੀ ਸੀ।
ਉਧਰ, ਪੰਜਾਬ ਕਾਂਗਰਸ ਨੇ ਪਾਰਟੀ ਦੇ ਨਿਰਦੇਸ਼ਾਂ ਦੀ ਪਾਲਣ ਨਾ ਕਰਨ ਦੇ ਦੋਸ਼ ਵਿੱਚ 9 ਹੋਰ ਬਾਗੀਆਂ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਹਮੇਸ਼ਾਂ ਹਮੇਸ਼ਾਂ ਲਈ ਕੱਢ ਦਿੱਤਾ ਹੈ। ਪਾਰਟੀ ’ਚੋਂ ਕੱਢੇ ਗਏ 9 ਬਾਗੀਆਂ ਵਿੱਚ ਨਰੇਸ਼ ਪੁਰੀ, ਤਰਲੋਚਨ ਸਿੰਘ ਸੂੰਦ, ਜਸਬੀਰ ਸਿੰਘ ਪਾਲ, ਮਨਿੰਦਰਪਾਲ ਸਿੰਘ ਪਲਾਸੋਰ, ਅਵਤਾਰ ਸਿੰਘ ਬਿੱਲਾ, ਸੁਖਰਾਜ ਸਿੰਘ ਨੱਤ, ਦਰਸ਼ਨ ਸਿੰਘ ਸਿੱਧੂ, ਰਜਿੰਦਰ ਕੌਰ ਮੀਮਸਾ ਤੇ ਜਤਿੰਦਰ ਕੌਰ ਮੋਗਾ ਸ਼ਾਮਲ ਹਨ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਦਸਤਖਤਾਂ ਹੇਠ ਪ੍ਰਾਪਤ ਇਕ ਦਫ਼ਤਰੀ ਆਦੇਸ਼ ਮੁਤਾਬਕ ਉਕਤ ਵਿਅਕਤੀਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਤੁਰੰਤ ਪ੍ਰਭਾਵ ਤੋਂ ਹਮੇਸ਼ਾ ਲਈ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਗਿਆ ਹੈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…