
ਪੰਜਾਬ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਤੇ ਬੇਅਦਬੀ ਮਾਮਲਿਆਂ ਦਾ ਮੁੱਦਾ ਵੀ ਚੁੱਕਣ ਰਾਹੁਲ ਗਾਂਧੀ: ਸਿੱਖ ਆਗੂ
ਬੰਦੀ ਸਿੰਘ ਤੇ ਬੇਅਦਬੀ ਮਾਮਲਾ: ਮੁਹਾਲੀ-ਚੰਡੀਗੜ੍ਹ ਦੀ ਹੱਦ ’ਤੇ ਸਿੱਖਾਂ ਦਾ ਪੱਕਾ ਮੋਰਚਾ ਪੰਜਵੇਂ ਦਿਨ ’ਚ ਦਾਖ਼ਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜਨਵਰੀ:
ਕੌਮੀ ਇਨਸਾਫ਼ ਮੋਰਚਾ ਮੁਹਾਲੀ-ਚੰਡੀਗੜ੍ਹ, ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ, 328 ਸਰੂਪਾਂ ਦਾ ਮਾਮਲਾ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਆਦਿ ਮੁੱਦਿਆਂ ’ਤੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਸ਼ੁਰੂ ਕੀਤਾ ਲੜੀਵਾਰ ਧਰਨਾ (ਪੱਕਾ ਮੋਰਚਾ) ਜਾਰੀ ਹੈ। ਬੁੱਧਵਾਰ ਨੂੰ ਪੰਜਵੇਂ ਦਿਨ ਸਮਾਜ ਸੇਵੀ ਸੰਸਥਾਵਾਂ, ਪੰਥ ਦਰਦੀ ਅਤੇ ਇਨਸਾਫ਼ ਪਸੰਦ ਲੋਕਾਂ ਨੇ ਸ਼ਮੂਲੀਅਤ ਕੀਤੀ। ਕੜਾਕੇ ਦੀ ਪੈ ਰਹੀ ਠੰਢ ਦੇ ਬਾਵਜੂਦ ਦੇ ਸਿੱਖਾਂ ਦੇ ਹੌਸਲੇ ਬੁਲੰਦ ਹਨ। ਅੱਜ ਕਿਸਾਨ ਜਥੇਬੰਦੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪਹੁੰਚ ਕੇ ਸੰਘਰਸ਼ ਦੀ ਹਮਾਇਤ ਕੀਤੀ ਅਤੇ ਸਾਰਾ ਦਿਨ ਜੈਕਾਰੇ ਗੂੰਜਦੇ ਰਹੇ।
ਇਸ ਮੌਕੇ ਬਾਪੂ ਗੁਰਚਰਨ ਸਿੰਘ, ਅਕਲ ਯੂਥ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ, ਮਨੁੱਖੀ ਅਧਿਕਾਰ ਸੰਗਠਨ ਦੇ ਵਕੀਲ ਦਿਲਸ਼ੇਰ ਸਿੰਘ, ਪਾਲ ਸਿੰਘ ਫਰਾਂਸ, ਸਤਵੰਤ ਸਿੰਘ, ਬਲਵਿੰਦਰ ਸਿੰਘ, ਬਲਬੀਰ ਸਿੰਘ ਹਿਸਾਰ ਸਮੇਤ ਹੋਰ ਸਿੱਖ ਆਗੂਆਂ ਨੇ ਧਰਨੇ ਨੂੰ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਭਾਰਤ ਜੋੜੋ ਯਾਤਰਾ ਲੈ ਕੇ ਪੰਜਾਬ ਦੌਰੇ ’ਤੇ ਹਨ ਅਤੇ ਸ੍ਰੀ ਦਰਬਾਰ ਸਾਹਿਬ ਅਤੇ ਹੋਰਨਾਂ ਅਸਥਾਨਾਂ ’ਤੇ ਨਤਮਸਤਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਰਾਹੁਲ ਗਾਂਧੀ ਸਿੱਖ ਧਰਮ ਵਿੱਚ ਏਨੀ ਸ਼ਰਧਾ ਰੱਖਦੇ ਹਨ ਤਾਂ ਉਹ ਆਪਣੇ ਦੌਰੇ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀ ਮਾਮਲਿਆਂ ਦਾ ਮੁੱਦਾ ਵੀ ਜ਼ਰੂਰ ਚੁੱਕਣ।

ਬੁਲਾਰਿਆਂ ਨੇ ਕਿਹਾ ਕਿ ਦੇਸ਼ ਵਿੱਚ ਘੱਟ ਗਿਣਤੀ ਸਿੱਖਾਂ ਦੀ ਸੁਰੱਖਿਆ ਖ਼ਤਰੇ ਵਿੱਚ ਹੈ ਅਤੇ ਸਿੱਖਾਂ ਲਈ ਕਾਨੂੰਨ ਵੀ ਵੱਖੋ-ਵੱਖਰੇ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀ ਮਾਮਲਿਆਂ ਸਬੰਧੀ ਸਰਕਾਰਾਂ ਜਾਣਬੁੱਝ ਕੇ ਕਾਨੂੰਨੀ ਅੜਿੱਕੇ ਡਾਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕਾਨੂੰਨ ਵਿੱਚ ਇਹ ਨਹੀਂ ਲਿਖਿਆ ਕਿ ਜੋ ਵਿਅਕਤੀ ਆਪਣੀ ਸਜਾ ਭੁਗਤ ਚੁੱਕਾ ਹੋਵੇ, ਉਸ ਨੂੰ ਰਿਹਾਅ ਨਾ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਜੇਲ੍ਹਾਂ ਵਿੱਚ ਨਜ਼ਰਬੰਦ ਰੱਖਿਆ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਬੇਅਦਬੀ ਤੇ ਗੋਲੀਕਾਂਡ ਲਈ ਜ਼ਿੰਮੇਵਾਰ ਅਫ਼ਸਰਾਂ ਅਤੇ ਆਗੂਆਂ ਨੂੰ ਕਾਨੂੰਨ ਮੁਤਾਬਕ ਸਖ਼ਤ ਸਜਾਵਾਂ ਨਹੀਂ ਦਿੱਤੀਆਂ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਬੁਲਾਰਿਆਂ ਨੂੰ ਸਰਕਾਰਾਂ ਨੂੰ ਲਲਕਾਰੇ ਹੋਏ ਕਿਹਾ ਕਿ ਹੁਕਮਰਾਨ ਸਿੱਖਾਂ ਦੇ ਸਬਰ ਦੀ ਹੋਰ ਪ੍ਰੀਖਿਆ ਨਾ ਲੈਣ।