
ਅਡਾਨੀ ਨੂੰ ਬਚਾਉਣ ਲਈ ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ: ਕਾਂਗਰਸੀ ਆਗੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਪਰੈਲ:
ਕਾਂਗਰਸ ਪਾਰਟੀ ਦੇ ਆਗੂਆਂ ਨੇ ਇਲਜਾਮ ਲਗਾਇਆ ਹੈ ਕਿ ਕੇਂਦਰ ਸਰਕਾਰ ਵੱਲੋਂ ਸ੍ਰੀ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਪੂਰੀ ਕਾਰਵਾਈ ਸਿਰਫ ਇਸ ਲਈ ਅੰਜਾਮ ਦਿੱਤੀ ਗਈ ਕਿਉਂਕਿ ਸ੍ਰੀ ਰਾਹਲ ਗਾਂਧੀ ਵਲੋੱ ਪ੍ਰਧਾਨ ਮੰਤਰੀ ਦੇ ਮਿੱਤਰ ਗੌਤਮ ਅਡਾਨੀ ਦੀਆਂ ਸੈਲ ਕੰਪਨੀਆਂ ਵਿੱਚ ਹੋਏ 20 ਹਜਾਰ ਕਰੋੜ ਰੁਪਏ ਦੇ ਨਿਵੇਸ਼ ਦੇ ਮਾਮਲੇ ਤੇ ਪ੍ਰਧਾਨ ਮੰਤੀ ਤੋੱ ਸਵਾਲ ਕੀਤੇ ਜਾ ਰਹੇ ਸਨ।
ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਕਾਂਗਰਸ ਦੇ ਬੁਲਾਰੇ ਅਰਸ਼ਪ੍ਰੀਤ ਸਿੰਘ ਖਡਿਆਲ, ਦੀਪਇੰਦਰ ਸਿੰਘ ਰੰਧਾਵਾ (ਕੋ-ਆਰਡੀਨੇਟਰ ਇੰਚਾਰਜ ਮੁਹਾਲੀ, ਜਸਦੀਪ ਜੱਸੀ ਬਲੋਮਾਜਰਾ ਪ੍ਰਧਾਨ ਬਲਾਕ ਕਾਂਗਰਸ ਮੁਹਾਲੀ ਦਿਹਾਤੀ ਅਤੇ ਜਸਪ੍ਰੀਤ ਸਿੰਘ ਗਿੱਲ ਕੌਂਸਲਰ ਤੇ ਪ੍ਰਧਾਨ ਬਲਾਕ ਕਾਂਗਰਸ ਸ਼ਹਿਰੀ ਮੁਹਾਲੀ ਨੇ ਕਿਹਾ ਕਿ 2019 ਵਿੱਚ ਸ੍ਰੀ ਰਾਹੁਲ ਗਾਂਧੀ ਨੇ ਕਰਨਾਟਕ ਦੇ ਕੋਲਾਰ ਵਿੱਚ ਇੱਕ ਚੋਣ ਰੈਲੀ ਦੌਰਾਨ ਸਿਰਫ ਇਹ ਸਵਾਲ ਕੀਤਾ ਸੀ ਕਿ ਕੁੱਝ ਚੋਰਾਂ ਦੇ ਨਾਂਅ ਪਿੱਛੇ ਮੋਦੀ ਕਿਉੱ ਲੱਗਦਾ ਹੈ? ਪਰੰਤੂ ਉਹਨਾਂ ਇਹ ਬਿਲਕੁਲ ਨਹੀੱ ਕਿਹਾ ਸੀ ਕਿ ਸਾਰੇ ਮੋਦੀ ਚੋਰ ਹਨ।
ਆਗੂਆਂ ਨੇ ਕਿਹਾ ਕਿ ਅਪ੍ਰੈਲ 2019 ਭਾਜਪਾ ਵਿਧਾਇਕ ਪੂਰਨੇਸ਼ ਮੋਦੀ ਨੇ ਸੂਰਤ, ਗੁਜਰਾਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਫਿਰ ਮਾਰਚ 2022 ਵਿੱਚ ਉਸਨੇ ਆਪਣੀ ਸ਼ਿਕਾਇਤ ਤੇ ਗੁਜਰਾਤ ਹਾਈ ਕੋਰਟ ਤੋੱ ਸਟੇਅ ਲਗਾਉਣ ਦੀ ਮੰਗ ਕੀਤੀ ਸੀ ਜਿਸਤੇ ਹਾਈ ਕੋਰਟ ਨੇ ਸਟੇਅ ਦੇ ਦਿੱਤੀ ਸੀ।
ਆਗੂਆਂ ਨੇ ਕਿਹਾ ਕਿ ਫਰਵਰੀ 2023 ਵਿੱਚ ਜਦੋਂ ਸ੍ਰੀ ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਅਡਾਨੀ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਸਬੰਧਾਂ ਤੇ ਸਵਾਲ ਚੁੱਕੇ ਤਾਂ ਇਹ ਮਾਮਲਾ ਫਿਰ ਆਰੰਭ ਕਰ ਦਿੱਤਾ ਗਿਆ ਜਿਸਦੀ ਸ਼ੁਰੂਆਤ ਸ਼ਿਕਾਇਤਕਰਤਾ ਵੱਲੋਂ ਗੁਜਰਾਤ ਹਾਈ ਕੋਰਟ ਵਿੱਚ ਸਟੇਅ ਦੀ ਆਪਣੀ ਬੇਨਤੀ ਵਾਪਸ ਲੈ ਕੇ ਕੀਤੀ ਗਈ ਅਤੇ ਫਿਰ ਚੰਦ ਦਿਨਾਂ ਵਿੱਚ ਹੀ ਹੇਠਲੀ ਅਦਾਲਤ ਵਿੱਚ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਉਹਨਾਂ ਨੂੰ ਇਸ ਮਾਮਲੇ ਵਿੱਚ ਵੱਧ ਤੋਂ ਵੱਧ (2 ਸਾਲ ਦੀ) ਸਜ਼ਾ ਸੁਣਾ ਦਿੱਤੀ ਗਈ ਅਤੇ ਅਗਲੇ ਹੀ ਦਿਨ ਲੋਕ ਸਭਾ ਸਕੱਤਰੇਤ ਨੇ ਰਾਹੁਲ ਗਾਂਧੀ ਨੂੰ ਅਯੋਗ ਕਰਾਰ ਦਿੱਤਾ। ਉਹਨਾਂ ਕਿਹਾ ਕਿ ਦਰਅਸਲ ਇਹ ਸਾਰੀ ਸਾਜ਼ਿਸ਼ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਲਈ ਰਚੀ ਗਈ ਹੈ, ਪਰੰਤੂ ਕਾਂਗਰਸ ਪਾਰਟੀ ਲੋਕਤੰਤਰ ਦੀ ਆਵਾਜ਼ ਨੂੰ ਕਿਸੇ ਵੀ ਕੀਮਤ ਤੇ ਦੱਬਣ ਨਹੀਂ ਦੇਵੇਗੀ ਅਤੇ ਇਸਦੇ ਖਿਲਾਫ ਲਗਾਤਾਰ ਸੰਘਰਸ਼ ਕੀਤਾ ਜਾਵੇਗਾ।