ਕੁਰਾਲੀ ਵਿੱਚ ਲਾਇਸੈਂਸ ਤੋਂ ਬਿਨਾਂ ਪਾਣੀ ਤਿਆਰ ਕਰਨ ਵਾਲੀ ਕੰਪਨੀ ’ਤੇ ਛਾਪਾ
ਇੱਕ ਲੀਟਰ ਵਾਲੀਆਂ 236 ਬੋਤਲਾਂ ਅਤੇ 28 ਹਜ਼ਾਰ ਤੋਂ ਵੀ ਵਧ ਗਲਾਸ ਜ਼ਬਤ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 26 ਫਰਵਰੀ:
ਬਿਊਰੋ ਆਫ਼ ਇੰਡੀਅਨ ਸਟੈਂਡਰਡ (ਬੀ.ਆਈ.ਐਸ.) ਦੀ ਇੱਕ ਟੀਮ ਨੇ ਇੱਥੇ ਨਗਰ ਕੌਂਸਲ ਦੀ ਹੱਦ ਅੰਦਰ ਪਿੰਡ ਚਨਾਲੋਂ ਵਿੱਚ ਚੱਲ ਰਹੀ ਪਾਣੀ ਫੈਕਟਰੀ ’ਤੇ ਛਾਪਾ ਮਾਰਿਆ। ਇਸ ਦੌਰਾਨ ਟੀਮ ਨੇ ਫੈਕਟਰੀ ਵਿੱਚ ਲਾਇਸੰਸ ਤੋਂ ਬਗੈਰ ਆਈ.ਐਸ.ਆਈ ਮਾਰਕਾ ਵਰਤ ਕੇ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ਨੂੰ ਲੈ ਕੇ ਜਨਤਾ ਨੂੰ ਸਪਲਾਈ ਕਰਨ ਵਾਲੇ ਪਾਣੀ ਦੀਆਂ ਬੋਤਲਾਂ ਅਤੇ ਗਲਾਸਾਂ ਦਾ ਸਟਾਕ ਸੀਲ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੀ.ਐਸ.ਆਈ ਦੀ ਟੀਮ ਨੇ ਸਥਾਨਕ ਪੁਲੀਸ ਨੂੰ ਨਾਲ ਲੈ ਕੇ ਚਨਾਲੋਂ ਵਿਖੇ ਚੱਲ ਰਹੀ ਇੱਕ ਫੈਕਟਰੀ ਜੋ ਕਿ ਪੀਣ ਵਾਲੇ ਪਾਣੀ ਦੀ ਪੈਕਿੰਗ ਕਰਦੀ ਹੈ, ਉਛੇ ਛਾਪਾਮਾਰੀ ਕੀਤੀ। ਟੀਮ ਨੇ ਫੈਕਟਰੀ ਦੇ ਪ੍ਰਬੰਧਾਂ ਤੋਂ ਇਲਾਵਾ ਰਿਕਾਰਡ ਦੀ ਬਰੀਕੀ ਨਾਲ ਜਾਂਚ ਕੀਤੀ।
ਇਸੇ ਦੌਰਾਨ ਪਾਇਆ ਗਿਆ ਕਿ ਕੰਪਨੀ ਨੂੰ ਪਹਿਲਾਂ ਜਾਰੀ ਕੀਤਾ ਲਾਇਸੈਂਸ ਖ਼ਤਮ ਹੋ ਚੁੱਕਾ ਸੀ। ਪਰ ਇਸ ਦੇ ਬਾਵਜੂਦ ਫੈਕਟਰੀ ਦਾ ਕੰਮ ਆਮ ਵਾਂਗ ਚੱਲ ਰਿਹਾ ਸੀ ਅਤੇ ਕੰਪਨੀ ਵੱਲੋਂ ਪਾਣੀ ਪੈਕ ਕਰਕੇ ਸਪਲਾਈ ਕੀਤਾ ਜਾ ਰਿਹਾ ਸੀ। ਇਸ ਦੇ ਨਾਲ ਹੀ ਸਪਲਾਈ ਕੀਤੇ ਜਾ ਰਹੇ ਪਾਣੀ ਉਤੇ ਆਈ.ਐਸ.ਆਈ. ਦਾ ਮਾਰਕਾ ਵੀ ਵਰਤਿਆ ਜਾ ਰਿਹਾ ਸੀ। ਇਸੇ ਦੌਰਾਨ ਟੀਮ ਨੇ ਕੰਪਨੀ ਦੇ ਦਸਤਾਵੇਜ਼ ਤੇ ਹੋਰ ਰਿਕਾਰਡ ਦੀ ਘੋਖ ਕਰਨ ਤੋਂ ਬਾਅਦ ਸਪਲਾਈ ਕਰਨ ਲਈ ਤਿਆਰ ਕੀਤੇ ਪਾਣੀ ਦੀਆਂ 236 ਇੱਕ ਲਿਟਰ ਵਾਲੀਆਂ ਬੋਤਲਾਂ ਅਤੇ 28 ਹਜ਼ਾਰ ਤੋਂ ਵੀ ਵੱਧ ਗਲਾਸ ਜ਼ਬਤ ਕਰਦਿਆਂ ਪਾਣੀ ਦਾ ਇਹ ਸਾਰਾ ਸਟਾਕ ਸੀਲ ਕੀਤਾ ਗਿਆ।